Nawanshahr : ਪੰਜਾਬ ਤੇ ਪੰਜਾਬੀਆਂ ਖਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਨੂੰ ਲੈ ਕੇ ਮਾਹੌਲ ਤਣਾਅਪੂਰਨ, ਸਰਪੰਚ ਸਮੇਤ 8 ਪ੍ਰਵਾਸੀਆਂ ਖਿਲਾਫ਼ ਕੇਸ

Nawanshahr News : ਰੋਪੜ ਦੇ ਨਾਲ ਲੱਗਦੇ ਨਵਾਂਸ਼ਹਿਰ ਜ਼ਿਲ੍ਹੇ ਦੀ ਹੱਦ ਅੰਦਰ ਪ੍ਰਵਾਸੀਆਂ ਦੇ ਗੜ੍ਹ ਮੰਨੇ ਜਾਂਦੇ ਇਲਾਕੇ ਪ੍ਰੇਮ ਨਗਰ ਦੇ ਵਾਸੀ ਪ੍ਰਵਾਸੀ ਪਰਿਵਾਰ ਦੇ ਕੁੱਝ ਨੌਜਵਾਨਾਂ ਵੱਲੋਂ ਪੰਜਾਬ ਅਤੇ ਪੰਜਾਬੀਆਂ ਖਿਲਾਫ ਇਤਰਾਜਯੋਗ ਸ਼ਬਦਾਵਤੀ ਵਰਤ ਕੇ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ।

By  KRISHAN KUMAR SHARMA September 6th 2025 06:30 PM -- Updated: September 6th 2025 06:33 PM

Nawanshahr News : ਪੰਜਾਬ ਵਿੱਚ ਵਸੇ ਪ੍ਰਵਾਸੀਆਂ ਦੇ ਕੁੱਝ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਪੰਜਾਬ ਤੇ ਪੰਜਾਬੀਆਂ ਪ੍ਰਤੀ ਇਤਰਾਜਯੋਗ ਸ਼ਬਦਾਵਲੀ ਵਰਤ ਕੇ ਬਣਾਈ ਇੱਕ ਵੀਡੀਓ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ ਤੇ ਸਥਿਤੀ ਤਣਾਅਪੂਰਨ ਬਣਨ ਤੋਂ ਬਾਅਦ ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰਵਾਸੀਆਂ ਨਾਲ ਸਬੰਧਤ ਪਿੰਡ ਦੇ ਸਰਪੰਚ ਸਮੇਤ 8 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਰੋਪੜ ਦੇ ਨਾਲ ਲੱਗਦੇ ਨਵਾਂਸ਼ਹਿਰ ਜ਼ਿਲ੍ਹੇ ਦੀ ਹੱਦ ਅੰਦਰ ਪ੍ਰਵਾਸੀਆਂ ਦੇ ਗੜ੍ਹ ਮੰਨੇ ਜਾਂਦੇ ਇਲਾਕੇ ਪ੍ਰੇਮ ਨਗਰ ਦੇ ਵਾਸੀ ਪ੍ਰਵਾਸੀ ਪਰਿਵਾਰ ਦੇ ਕੁੱਝ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਪੰਜਾਬ ਅਤੇ ਪੰਜਾਬੀਆਂ ਖਿਲਾਫ ਇਤਰਾਜਯੋਗ ਸ਼ਬਦਾਵਤੀ ਵਰਤ ਕੇ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਜਥੇਬੰਦੀਆਂ ਸਮੇਤ ਆਮ ਪੰਜਾਬੀਆਂ ਦੀਆਂ ਭਾਵਨਾਵਾਂ ਭੜਕ ਗਈਆਂ ਤੇ ਅੱਜ ਪ੍ਰੇਮ ਨਗਰ ਦੇ ਨਜਦੀਕ ਵੱਡਾ ਇਕੱਠ ਹੋ ਗਿਆ, ਜਿਸ ਤੋਂ ਬਾਅਦ ਇਥੇ ਸਥਿਤੀ ਤਣਾਅਪੂਰਨ ਬਣਦੀ ਦੇਖ ਪੁਲਿਸ ਵੀ ਵੱਡੀ ਗਿਣਤੀ ਵਿੱਚ ਆ ਗਈ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਇਸ ਵੀਡੀਓ ਨੂੰ ਲੈ ਕੇ ਇਤਰਾਜ਼ ਪ੍ਰਗਟ ਕਰਦਿਆਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।

2 ਸਤੰਬਰ ਦੀ ਘਟਨਾ ਦੱਸੀ ਜਾ ਰਹੀ

ਜਾਣਕਾਰੀ ਦੇ ਅਨੁਸਾਰ ਇਹ ਇਤਰਾਜਯੋਗ ਵੀਡੀਓ 2 ਸਤੰਬਰ ਦੀ ਦੱਸੀ ਜਾ ਰਹੀ ਹੈ ਪਰ ਪੁਲਿਸ ਵੱਲੋਂ ਸਮਾਂ ਰਹਿੰਦਿਆਂ ਕਾਰਵਾਈ ਨਾ ਕਰਨ ਕਾਰਨ ਅੱਜ ਇਥੇ ਸਥਿਤੀ ਤਣਾਅਪੂਰਨ ਬਣ ਗਈ। ਲੋਕਾਂ ਦੇ ਰੋਸ ਦੇ ਚਲਦਿਆਂ ਪੁਲਿਸ ਨੇ ਹੁਣ ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਪ੍ਰਵਾਸੀਆਂ ਨਾਲ ਸਬੰਧਤ ਪ੍ਰੇਮ ਨਗਰ ਦੇ ਸਰਪੰਚ ਮੋਹਨ ਗੁਪਤਾ ਸਮੇਤ ਉਸਦੇ ਪੁੱਤਰ ਸੁਰਜੀਤ ਕੁਮਾਰ ਤੋਂ ਇਲਾਵਾ ਸ਼ਿਵ ਕੁਮਾਰ, ਅਨੁਭਵ, ਆਂਸ਼ੂ, ਅਨੁਜ ਤੇ ਦੋ ਹੋਰ ਅਣਪਛਾਤੇ ਲੋਕਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਕੱਠੇ ਹੋਏ ਲੋਕਾਂ ਨੇ ਇਨਾਂ ਲੋਕਾਂ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਪੁਲਿਸ ਵੱਲੋਂ ਜੇਕਰ ਕਾਰਵਾਈ ਵਿੱਚ ਢਿੱਲ ਵਰਤੀ ਗਈ ਤਾਂ ਉਹ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ।

Related Post