Neeraj Chopra : ‘ਮੇਰੇ ਪਰਿਵਾਰ ਨੂੰ ਕਹੇ ਜਾ ਰਹੇ ਅਪਸ਼ਬਦ ,ਮੇਰੇ ਲਈ ਦੇਸ਼ ਪਹਿਲਾ ,ਅਰਸ਼ਦ ਨਦੀਮ ਨੂੰ ਦਿੱਤੇ ਸੱਦੇ ‘ਤੇ ਨੀਰਜ ਚੋਪੜਾ ਨੇ ਦਿੱਤੀ ਸਫਾਈ

ਨੀਰਜ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਲਿਖਿਆ, "ਮੈਂ ਆਮ ਤੌਰ 'ਤੇ ਬਹੁਤ ਘੱਟ ਬੋਲਦਾ ਹਾਂ ਪਰ ਜਦੋਂ ਮੇਰੇ ਦੇਸ਼ ਅਤੇ ਮੇਰੇ ਪਰਿਵਾਰ ਦੀ ਸਾਖ ਦੀ ਗੱਲ ਆਉਂਦੀ ਹੈ ਤਾਂ ਚੁੱਪ ਰਹਿਣਾ ਸੰਭਵ ਨਹੀਂ ਹੈ।" ਨੀਰਜ ਨੇ ਸਪੱਸ਼ਟ ਕੀਤਾ ਕਿ ਉਹ ਹਮੇਸ਼ਾ ਦੇਸ਼ ਨੂੰ ਸਰਵਉੱਚ ਮੰਨਦੇ ਹਨ ਅਤੇ ਕਦੇ ਵੀ ਅਜਿਹੀ ਕੋਈ ਪਹਿਲ ਨਹੀਂ ਕਰਨਗੇ ਜੋ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਏ

By  Shanker Badra April 25th 2025 12:13 PM
Neeraj Chopra : ‘ਮੇਰੇ ਪਰਿਵਾਰ ਨੂੰ ਕਹੇ ਜਾ ਰਹੇ ਅਪਸ਼ਬਦ ,ਮੇਰੇ ਲਈ ਦੇਸ਼ ਪਹਿਲਾ ,ਅਰਸ਼ਦ ਨਦੀਮ ਨੂੰ ਦਿੱਤੇ ਸੱਦੇ ‘ਤੇ ਨੀਰਜ ਚੋਪੜਾ ਨੇ ਦਿੱਤੀ ਸਫਾਈ

Neeraj Chopra : ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਗੁੱਸੇ ਦੀ ਲਹਿਰ ਹੈ। ਇਸ ਹਮਲੇ ਵਿੱਚ 26 ਸੈਲਾਨੀਆਂ ਦੀ ਜਾਨ ਚਲੀ ਗਈ, ਜਿਸ ਨਾਲ ਜਨਤਾ ਪੂਰੇ ਸਦਮੇ ਅਤੇ ਗੁੱਸੇ ਵਿੱਚ ਹੈ। ਅਜਿਹੇ ਸਮੇਂ ਪਾਕਿਸਤਾਨ ਅਤੇ ਅੱਤਵਾਦ ਪ੍ਰਤੀ ਗੁੱਸੇ ਦੇ ਮਾਹੌਲ ਬਣਨ ਵਿਚਕਾਰ ਐਥਲੀਟ ਨੀਰਜ ਚੋਪੜਾ ਨੂੰ ਸੋਸ਼ਲ ਮੀਡੀਆ 'ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਗਾਮ ਹਮਲੇ ਤੋਂ ਬਾਅਦ ਨੀਰਜ ਚੋਪੜਾ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। 

ਅਰਸ਼ਦ ਨਦੀਮ ਨੂੰ ਸੱਦਾ ਦੇਣ 'ਤੇ ਮਚਿਆ ਬਵਾਲ 

ਨੀਰਜ ਚੋਪੜਾ ਅਗਲੇ ਮਹੀਨੇ ਦੀ 24 ਤਰੀਕ ਨੂੰ ਬੰਗਲੁਰੂ ਵਿੱਚ ਹੋਣ ਵਾਲੇ ਐਨਸੀ ਕਲਾਸਿਕ ਨਾਮਕ ਇੱਕ ਵਿਸ਼ਵ ਪੱਧਰੀ ਐਥਲੈਟਿਕਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਹਨ। ਦੁਨੀਆ ਭਰ ਦੇ ਚੋਟੀ ਦੇ ਜੈਵਲਿਨ ਥ੍ਰੋਅ ਐਥਲੀਟਾਂ ਨੂੰ ਇਸ ਪ੍ਰੋਗਰਾਮ ਲਈ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਪਾਕਿਸਤਾਨ ਦੇ ਓਲੰਪਿਕ ਤਗਮਾ ਜੇਤੂ ਅਰਸ਼ਦ ਨਦੀਮ ਵੀ ਸ਼ਾਮਲ ਹਨ ਪਰ ਪਹਿਲਗਾਮ ਹਮਲੇ ਤੋਂ ਬਾਅਦ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਭੜਕ ਗਈਆਂ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਪਹਿਲਕਦਮੀ 'ਤੇ ਨੀਰਜ ਦੀ ਦੇਸ਼ ਭਗਤੀ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ।

ਨੀਰਜ ਚੋਪੜਾ ਨੇ ਤੋੜੀ ਚੁੱਪੀ 

ਲਗਾਤਾਰ ਟ੍ਰੋਲਿੰਗ ਅਤੇ ਦੇਸ਼ ਭਗਤੀ 'ਤੇ ਸਵਾਲ ਉਠਣ ਤੋਂ ਬਾਅਦ ਨੀਰਜ ਚੋਪੜਾ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਲਿਖਿਆ, "ਮੈਂ ਆਮ ਤੌਰ 'ਤੇ ਬਹੁਤ ਘੱਟ ਬੋਲਦਾ ਹਾਂ ਪਰ ਜਦੋਂ ਮੇਰੇ ਦੇਸ਼ ਅਤੇ ਮੇਰੇ ਪਰਿਵਾਰ ਦੀ ਸਾਖ ਦੀ ਗੱਲ ਆਉਂਦੀ ਹੈ ਤਾਂ ਚੁੱਪ ਰਹਿਣਾ ਸੰਭਵ ਨਹੀਂ ਹੈ।" ਨੀਰਜ ਨੇ ਸਪੱਸ਼ਟ ਕੀਤਾ ਕਿ ਉਹ ਹਮੇਸ਼ਾ ਦੇਸ਼ ਨੂੰ ਸਰਵਉੱਚ ਮੰਨਦੇ ਹਨ ਅਤੇ ਕਦੇ ਵੀ ਅਜਿਹੀ ਕੋਈ ਪਹਿਲ ਨਹੀਂ ਕਰਨਗੇ ਜੋ ਭਾਰਤ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਏ।

ਅਰਸ਼ਦ ਨਦੀਮ ਨਹੀਂ ਹੋਣਗੇ ਟੂਰਨਾਮੈਂਟ ਦਾ ਹਿੱਸਾ 

ਨੀਰਜ ਨੇ ਇਹ ਵੀ ਸਪੱਸ਼ਟ ਕੀਤਾ ਕਿ ਹੁਣ ਅਰਸ਼ਦ ਨਦੀਮ ਇਸ ਮੁਕਾਬਲੇ ਵਿੱਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਲਿਖਿਆ, "ਪਿਛਲੇ 48 ਘੰਟਿਆਂ ਵਿੱਚ ਜੋ ਹਾਲਾਤ ਬਣੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਇਸ ਸਮਾਗਮ ਵਿੱਚ ਅਰਸ਼ਦ ਦੇ ਸ਼ਾਮਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਮੇਰੇ ਲਈ ਮੇਰਾ ਦੇਸ਼ ਪਹਿਲਾਂ ਆਉਂਦਾ ਹੈ।" ਦੇਸ਼ ਵਾਸੀਆਂ ਦੇ ਦੁੱਖ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਨੀਰਜ ਨੇ ਕਿਹਾ ਕਿ ਉਹ ਵੀ ਇਸ ਹਮਲੇ ਤੋਂ ਦੇਸ਼ ਦੇ ਹਰ ਨਾਗਰਿਕ ਵਾਂਗ ਦੁਖੀ ਅਤੇ ਗੁੱਸੇ ਵਿੱਚ ਹਨ।


Related Post