Miguel Uribe Turbay : ਕੌਣ ਹਨ ਕੋਲੰਬੀਆ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਗੁਏਲ ਉਰੀਬੇ ਟਰਬੇ ? ਜਿਨ੍ਹਾਂ ਨੂੰ ਚੋਣ ਪ੍ਰਚਾਰ ਦੌਰਾਨ ਮਾਰੀ ਗੋਲੀ
Miguel Uribe Turbay : ਕੋਲੰਬੀਆ ਦੇ ਸੱਜੇ-ਪੱਖੀ ਸੈਨੇਟਰ ਮਿਗੁਏਲ ਉਰੀਬੇ ਟਰਬੇ ਨੂੰ ਸ਼ਨੀਵਾਰ (7 ਜੂਨ) ਨੂੰ ਰਾਜਧਾਨੀ ਬੋਗੋਟਾ ਵਿੱਚ ਇੱਕ ਚੋਣ ਪ੍ਰਚਾਰ ਸਮਾਗਮ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਇਸ ਘਾਤਕ ਹਮਲੇ ਵਿੱਚ ਉਹ ਗੰਭੀਰ ਜ਼ਖਮੀ ਹੋ ਗਏ ਸਨ। ਮਿਗੁਏਲ ਉਰੀਬੇ ਟਰਬੇ 2026 ਦੀਆਂ ਚੋਣਾਂ ਲਈ ਇੱਕ ਪ੍ਰਮੁੱਖ ਰਾਸ਼ਟਰਪਤੀ ਦਾਅਵੇਦਾਰ ਹਨ। ਗੋਲੀਬਾਰੀ ਦੀ ਜਾਂਚ ਕਰ ਰਹੇ ਅਟਾਰਨੀ ਜਨਰਲ ਦਫ਼ਤਰ ਨੇ ਕਿਹਾ ਕਿ ਹਮਲੇ ਵਿੱਚ ਸੈਨੇਟਰ ਨੂੰ ਦੋ ਗੋਲੀਆਂ ਲੱਗੀਆਂ। ਹਮਲੇ ਵਿੱਚ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ। ਦਫ਼ਤਰ ਦੇ ਬਿਆਨ ਅਨੁਸਾਰ ਇੱਕ 15 ਸਾਲਾ ਲੜਕੇ ਨੂੰ ਮੌਕੇ 'ਤੇ ਬੰਦੂਕ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਕੋਲੰਬੀਆ ਦੀ ਸਰਕਾਰ ਨੇ ਜ਼ਿੰਮੇਵਾਰ ਲੋਕਾਂ ਨੂੰ ਫੜਨ ਲਈ ਇਨਾਮ ਦੀ ਪੇਸ਼ਕਸ਼ ਕੀਤੀ ਹੈ।
ਹਮਲਾ ਸ਼ਾਮ 5 ਵਜੇ (ਸਥਾਨਕ ਸਮੇਂ) ਦੇ ਕਰੀਬ ਹੋਇਆ। ਉਨ੍ਹਾਂ ਨੂੰ ਗੋਲੀ ਉਦੋਂ ਲੱਗੀ ,ਜਦੋਂ ਦੇਸ਼ ਦੀ ਵਿਰੋਧੀ ਪਾਰਟੀ ਸੈਂਟਰੋ ਡੈਮੋਕ੍ਰੇਟਿਕੋ ਪਾਰਟੀ ਦੇ ਉਮੀਦਵਾਰ ਉਰੀਬੇ ਟਰਬੇ ਰਾਜਧਾਨੀ ਦੇ ਮਾਡਲੀਆ ਵਿੱਚ ਇੱਕ ਸਟੇਜ ਤੋਂ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ 'ਤੇ ਕਈ ਗੋਲੀਆਂ ਚਲਾਈਆਂ ਗਈਆਂ। ਗੋਲੀਆਂ ਸੈਨੇਟਰ ਦੀ ਪਿੱਠ ਅਤੇ ਕਥਿਤ ਤੌਰ 'ਤੇ ਸਿਰ ਵਿੱਚ ਲੱਗੀਆਂ। ਹਮਲੇ ਤੋਂ ਬਾਅਦ ਉਹ ਤੁਰੰਤ ਬੇਹੋਸ਼ ਹੋ ਗਿਆ। ਉਸਨੂੰ ਗੰਭੀਰ ਹਾਲਤ ਵਿੱਚ ਨੇੜਲੇ ਕਲੀਨਿਕ ਵਿੱਚ ਲਿਜਾਇਆ ਗਿਆ। ਕੋਲੰਬੀਆ ਦੇ ਪੁਲਿਸ ਮੁਖੀ ਜਨਰਲ ਕਾਰਲੋਸ ਟ੍ਰੀਆਨਾ ਨੇ ਕਿਹਾ ਕਿ ਹਮਲੇ ਸਮੇਂ ਉਰੀਬੇ ਟਰਬੇ ਦੇ ਨਾਲ ਕੌਂਸਲਮੈਨ ਐਂਡਰੇਸ ਬੈਰੀਓਸ ਅਤੇ 20 ਹੋਰ ਲੋਕ ਵੀ ਸਨ।
ਘਟਨਾ ਤੋਂ ਬਾਅਦ ਮਿਗੁਏਲ ਦੀ ਪਤਨੀ ਨੇ ਆਪਣੇ 'ਐਕਸ' ਅਕਾਊਂਟ 'ਤੇ ਇੱਕ ਪੋਸਟ ਰਾਹੀਂ ਸਮਰਥਕਾਂ ਨੂੰ ਪ੍ਰਾਰਥਨਾ ਕਰਨ ਲਈ ਕਿਹਾ। ਉਨ੍ਹਾਂ ਨੇ ਲਿਖਿਆ, 'ਮੈਂ ਮਾਰਿਆ ਕਲਾਉਡੀਆ ਟੈਰਾਜ਼ੋਨਾ , ਮਿਗੁਏਲ ਦੀ ਪਤਨੀ ਹਾਂ। ਮਿਗੁਏਲ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਆਓ ਅਸੀਂ ਪਰਮਾਤਮਾ ਅੱਗੇ ਪ੍ਰਾਰਥਨਾ ਕਰੀਏ ਕਿ ਉਹ ਉਸਦਾ ਇਲਾਜ ਕਰ ਰਹੇ ਡਾਕਟਰਾਂ ਦੇ ਹੱਥਾਂ ਨੂੰ ਮਾਰਗ ਦਰਸ਼ਨ ਕਰੇ। ਮੈਂ ਸਾਰਿਆਂ ਨੂੰ ਮਿਗੁਏਲ ਦੀ ਜ਼ਿੰਦਗੀ ਲਈ ਪ੍ਰਾਰਥਨਾ ਕਰਨ ਦੀ ਅਪੀਲ ਕਰਦੀ ਹਾਂ। ਮੈਨੂੰ ਪਰਮਾਤਮਾ ਵਿੱਚ ਪੂਰਾ ਵਿਸ਼ਵਾਸ ਹੈ।'
ਸ਼ੱਕੀ ਬੰਦੂਕਧਾਰੀ ਨੂੰ ਮੌਕੇ 'ਤੇ ਹੀ ਫੜਿਆ
ਬੋਗੋਟਾ ਦੇ ਮੇਅਰ ਕਾਰਲੋਸ ਫਰਨਾਂਡੋ ਗਾਲਾਨ ਨੇ ਪੁਸ਼ਟੀ ਕੀਤੀ ਕਿ ਸ਼ੱਕੀ ਬੰਦੂਕਧਾਰੀ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਹਮਲਾਵਰ ਨੂੰ ਹਿਰਾਸਤ ਵਿੱਚ ਲੈਣ ਲਈ ਤੁਰੰਤ ਕਾਰਵਾਈ ਕੀਤੀ। ਦੇਸ਼ ਦੇ ਰੱਖਿਆ ਮੰਤਰੀ ਪੇਡਰੋ ਸਾਂਚੇਜ਼ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਹਮਲੇ ਦੇ ਸਾਜਿਸ਼ਕਰਤਾ ਅਤੇ ਹਮਲਾਵਰ ਦੀ ਮਦਦ ਕਰਨ ਵਾਲਿਆਂ ਦੀ ਪਛਾਣ ਕਰਨ ਵਾਲੀ ਜਾਣਕਾਰੀ ਲਈ ਤਿੰਨ ਅਰਬ ਕੋਲੰਬੀਆਈ ਪੇਸੋ ਦਾ ਇਨਾਮ ਦਿੱਤਾ ਜਾਵੇਗਾ। ਹਮਲਾ ਫੋਂਟੀਬੋਨ ਇਲਾਕੇ ਦੇ ਇੱਕ ਪਾਰਕ ਵਿੱਚ ਹੋਇਆ। ਹਥਿਆਰਬੰਦ ਹਮਲਾਵਰਾਂ ਨੇ ਉਸਨੂੰ ਪਿੱਛੇ ਤੋਂ ਗੋਲੀ ਮਾਰ ਦਿੱਤੀ।
- PTC NEWS