Punjabi Shot Dead in Canada : ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਗੋਲੀਆਂ ਮਾਰ ਕੇ ਕਤਲ, ਮਾਪਿਆਂ ਦਾ ਇਕਲੌਤਾ ਪੁੱਤਰ ਇੰਦਰਪਾਲ ਸਿੰਘ
Punjabi Youth Shot Dead in Canada : ਵਿਦੇਸ਼ਾਂ 'ਚ ਪੰਜਾਬੀ ਨੌਜਵਾਨਾਂ ਦੇ ਕਤਲ ਦੀਆਂ ਖ਼ਬਰਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਤਾਜਾ ਮਾਮਲਾ ਲੁਧਿਆਣਾ ਦੇ ਰਾਏਕੋਟ ਦੇ ਪਿੰਡ ਜੰਡ ਤੋਂ ਸਾਹਮਣੋ ਆਇਆ ਹੈ, ਜਿਥੋਂ ਦੇ ਨੌਜਵਾਨ ਇੰਦਰਪਾਲ ਸਿੰਘ ਦੀ ਕੈਨੇਡਾ 'ਚ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। 41 ਸਾਲਾ ਇੰਦਰਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਦੇ ਐਡਮਿੰਟਨ 'ਚ ਰਹਿ ਰਿਹਾ ਸੀ।
ਕੰਮ ਤੋਂ ਘਰ ਆਉਂਦੇ ਸਮੇਂ ਅਣਪਛਾਤਿਆਂ ਨੇ ਮਾਰੀਆਂ ਗੋਲੀਆਂ
ਮ੍ਰਿਤਕ ਦੇ ਚਚੇਰੇ ਭਰਾ ਭਰਪੂਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ 4 ਜੂਨ ਨੂੰ ਇੰਦਰਪਾਲ ਸਿੰਘ ਕੰਮ ਤੋਂ ਘਰ ਨੂੰ ਆ ਰਿਹਾ ਸੀ ਤੇ ਉਹ ਜਿਉ ਹੀ ਘਰ ਪਹੁੰਚਿਆ ਤਾਂ ਕਾਰ 'ਚੋਂ ਉਤਰਦਿਆਂ ਹੀ ਅਣਪਛਾਤੇ ਲੋਕਾਂ ਨੇ ਇੰਦਰਪਾਲ ਸਿੰਘ 'ਤੇ ਗੋਲੀਆਂ ਦੀ ਬੁਛਾੜ ਕਰ ਦਿੱਤੀ, ਜਿਸ ਦੇ ਨਤੀਜੇ ਵੱਜੋਂ ਉਸਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਭਰਪੂਰ ਸਿੰਘ ਨੇ ਦੱਸਿਆ ਕਿ ਇੰਦਰਪਾਲ ਸਿੰਘ ਦੇ ਕਰੀਬ ਪੰਜ ਤੋਂ ਛੇ ਗੋਲੀਆਂ ਛਾਤੀ ਵਿੱਚ ਲੱਗੀਆਂ ਹਨ। ਇੰਦਰਪਾਲ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਆਪਣੀ ਮਾਂ ਦਾ ਵੱਡਾ ਸਹਾਰਾ ਸੀ। ਇੰਦਰਪਾਲ ਦੀ ਅਚਨਚੇਤ ਹੋਈ ਮੌਤ ਨਾਲ ਪੂਰੇ ਜੰਡ ਪਿੰਡ ਅੰਦਰ ਸੋਗ ਪਸਰਿਆ ਹੋਇਆ ਹੈ।
ਪਿੰਡ ਵਾਸੀਆਂ ਅਨੁਸਾਰ ਅਜੇ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਲੇਕਿਨ ਉਨ੍ਹਾਂ ਇਹ ਕਿਹਾ ਕਿ ਇੰਦਰਪਾਲ ਸਿੰਘ ਇੱਕ ਸਾਊ ਅਤੇ ਸਿੱਧਾ ਸਾਧਾ ਨੌਜਵਾਨ ਸੀ ਪਤਾ ਨਹੀਂ ਕਿਉਂ ਉਸ ਦਾ ਕਤਲ ਕਰ ਦਿੱਤਾ ਗਿਆ।
- PTC NEWS