ਤਰਨਤਾਰਨ ਚ ਮਨੁੱਖਤਾ ਸ਼ਰਮਸ਼ਾਰ! ਗੁਆਂਢੀਆਂ ਨੇ ਔਰਤ ਨੂੰ ਬਿਨਾਂ ਕੱਪੜਿਆਂ ਘੁਮਾਇਆ, ਵੀਡੀਓ ਕੀਤੀ ਵਾਇਰਲ

By  KRISHAN KUMAR SHARMA April 5th 2024 08:47 PM

Tarn Taran News: ਕਸਬਾ ਵਲਟੋਹਾ (Valtoha Incident) 'ਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਇਥੇ ਇੱਕ ਔਰਤ ਨੂੰ ਉਸ ਦੇ ਗੁਆਂਢੀਆਂ ਵੱਲੋਂ ਕੁੱਟਮਾਰ (Crime Against Women) ਕਰਕੇ ਨੰਗਾ ਗਲੀ 'ਚ ਘੁਮਾਇਆ ਗਿਆ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ। ਪੁਲਿਸ ਨੇ ਔਰਤ ਦੀ ਸ਼ਿਕਾਇਤ 'ਤੇ ਤਿੰਨ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।

ਪੀੜਤ ਔਰਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲਾ ਉਸ ਦੇ ਮੁੰਡੇ ਵੱਲੋਂ ਪ੍ਰੇਮ ਵਿਆਹ ਕਰਵਾਉਣ ਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਮੁੰਡੇ ਨੇ ਗੁਆਂਢੀਆਂ ਦੀ ਕੁੜੀ ਨਾਲ ਪ੍ਰੇਮ ਕਰਵਾਇਆ ਸੀ, ਜਿਸ ਦੀ ਰੰਜਿਸ਼ ਕਾਰਨ ਗੁਆਂਢੀਆਂ ਨੇ ਉਨ੍ਹਾਂ ਦੇ ਘਰ 'ਚ ਵੜ ਕੇ ਹਮਲਾ ਕਰ ਦਿੱਤਾ। ਔਰਤ ਨੇ ਦੱਸਿਆ ਕਿ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਪਹਿਲਾਂ ਘਰ 'ਚ ਵੜ ਕੇ ਉਸ ਦੀ ਭਾਰੀ ਕੁੱਟਮਾਰ ਕੀਤੀ। ਫਿਰ ਕੱਪੜੇ ਪਾੜ ਦਿੱਤੇ ਅਤੇ ਗਲੀ ਵਿੱਚ ਨੰਗਾ ਕਰਕੇ ਘੁਮਾਇਆ। ਉਸ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਉਸ ਦੀ ਇੱਕ ਵੀਡੀਓ ਵੀ ਬਣਾ ਲਈ ਅਤੇ ਵਾਇਰਲ ਕਰ ਦਿੱਤੀ। ਔਰਤ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਉਧਰ, ਪੁਲਿਸ (Punjab Police) ਵੱਲੋਂ ਇਸ ਸਬੰਧ ਵਿੱਚ ਪੀੜਤ ਔਰਤ ਦੇ ਬਿਆਨਾਂ 'ਤੇ ਥਾਣਾ ਵਲਟੋਹਾ ਵਿਖੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਮੁਖੀ ਸੁਨੀਤਾ ਰਾਣੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Related Post