Amritsar News : ਅੰਮ੍ਰਿਤਸਰ ਦੇ IIM ਕੈਂਪਸ ਚ ਨਿਹੰਗ ਸਿੰਘ ਦਾ ਹੰਗਾਮਾ, ਜਾਣੋ ਪੂਰਾ ਮਾਮਲਾ

IIM Amritsar : ਡਰੇ ਹੋਏ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਕੇ ਸੰਸਥਾ ਪ੍ਰਸ਼ਾਸਨ, ਅੰਮ੍ਰਿਤਸਰ ਪ੍ਰਸ਼ਾਸਨ ਅਤੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

By  KRISHAN KUMAR SHARMA July 14th 2024 02:50 PM

Amritsar News : ਪੰਜਾਬ ਦੇ ਅੰਮ੍ਰਿਤਸਰ ਸਥਿਤ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (IIM Amritsar) ਦੇ ਕੈਂਪਸ ਵਿੱਚ ਇੱਕ ਨਿਹੰਗ ਵੱਲੋਂ ਹੰਗਾਮਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥੀਆਂ ਵੱਲੋਂ ਕਿਹਾ ਗਿਆ ਕਿ ਨਿਹੰਗ, ਨੰਗੀ ਤਲਵਾਰ ਲੈ ਕੇ ਕੈਂਪਸ ਵਿਚ ਦਾਖਲ ਹੋਇਆ ਅਤੇ ਵਿਦਿਆਰਥੀਆਂ ਤੇ ਪ੍ਰਬੰਧਕਾਂ ਦੇ ਹੱਥ ਵੱਢਣ ਦੀ ਧਮਕੀ ਦਿੱਤੀ। ਡਰੇ ਹੋਏ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਕੇ ਸੰਸਥਾ ਪ੍ਰਸ਼ਾਸਨ, ਅੰਮ੍ਰਿਤਸਰ ਪ੍ਰਸ਼ਾਸਨ ਅਤੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।

ਇਹ ਘਟਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜੇ ਸਥਿਤ ਆਈਆਈਐਮ ਅੰਮ੍ਰਿਤਸਰ ਦੇ ਖੰਡਵਾਲਾ ਕੈਂਪਸ ਵਿੱਚ ਵਾਪਰੀ। ਇਹ ਵੀਡੀਓ ਕੁਝ ਦਿਨ ਪਹਿਲਾਂ ਸ਼ਾਮ 6.30 ਵਜੇ ਦੇ ਕਰੀਬ ਦੀ ਹੈ, ਜਦੋਂ ਵਿਦਿਆਰਥੀਆਂ ਨੂੰ ਸੰਸਥਾ ਦੇ ਕੈਂਪਸ ਤੋਂ ਹੋਸਟਲ ਵਿੱਚ ਤਬਦੀਲ ਕੀਤਾ ਗਿਆ ਸੀ। ਇਸ ਦੌਰਾਨ ਇੱਕ ਸਿੱਖ ਨਿਹੰਗ ਬਾਣਾ ਪਹਿਨ ਕੇ ਅਤੇ ਹੱਥ ਵਿੱਚ ਤਲਵਾਰ ਲੈ ਕੇ ਅੰਦਰ ਦਾਖ਼ਲ ਹੋਇਆ।

IIM ਕੈਂਪਸ ਦੇ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਜਿਵੇਂ ਹੀ ਨਿਹੰਗ ਕੈਂਪਸ 'ਚ ਪਹੁੰਚਿਆ ਤਾਂ ਉਸ ਨੇ ਪਹਿਲਾਂ ਗੇਟ 'ਤੇ ਹੀ ਖੜ੍ਹੇ ਸੁਰੱਖਿਆ ਗਾਰਡ ਦੀ ਕੁੱਟਮਾਰ ਕੀਤੀ ਅਤੇ ਤਲਵਾਰ ਕੱਢ ਕੇ ਧਮਕਾ ਕੇ ਕੈਂਪਸ ਵਿੱਚ ਦਾਖਲ ਹੋ ਗਿਆ। ਫਿਰ ਉਸ ਨੇ ਕੈਂਪਸ ਵਿੱਚ ਸਾਰਿਆਂ ਨੂੰ ਧਮਕੀ ਦਿੰਦਾ ਹੋਇਆ ਕੈਂਪਸ ਦੀ ਬੱਸ 'ਚ ਸਵਾਰ ਹੋ ਗਿਆ ਅਤੇ ਵਿਦਿਆਰਥੀਆਂ, ਸਟਾਫ਼ ਅਤੇ ਬੱਸ ਡਰਾਈਵਰ ਨੂੰ ਧਮਕਾਇਆ।

ਵਿਦਿਆਰਥੀਆਂ ਨੇ ਕਿਹਾ ਕਿ ਉਹ ਅਤੇ ਸਟਾਫ਼ ਕੈਂਪਸ ਦੇ ਅੰਦਰ ਸਿਗਰਟ ਨਹੀਂ ਪੀ ਸਕਦੇ ਹਨ। ਇਸੇ ਕਰਕੇ ਵਿਦਿਆਰਥੀ ਕੈਂਪਸ ਦੇ ਬਾਹਰ ਜਾ ਕੇ ਸਿਗਰਟ ਪੀਂਦੇ ਹਨ, ਜਿਸ ਬਾਰੇ ਇਸ ਨਿਹੰਗ ਨੂੰ ਇਤਰਾਜ਼ ਸੀ। ਨਿਹੰਗਾਂ ਨੇ ਬੱਸ ਵਿੱਚ ਦਾਖਲ ਹੋ ਕੇ ਸਿਗਰਟ ਪੀਣ ਵਾਲਿਆਂ ਦੇ ਹੱਥ ਵੱਢਣ ਦੀ ਧਮਕੀ ਦਿੱਤੀ।

ਕੈਂਪਸ 'ਚ ਵਧਾਈ ਗਈ ਸੁਰੱਖਿਆ

ਆਈਆਈਐਮ ਕੈਂਪਸ ਅੰਮ੍ਰਿਤਸਰ ਦੇ ਸਟੂਡੈਂਟ ਅਫੇਅਰ ਕੰਸਲਟੈਂਟ ਤਾਰਿਤ ਕੁਮਾਰ ਮੰਡਲ ਨੇ ਦੱਸਿਆ ਕਿ ਕੈਂਪਸ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਕੈਂਪਸ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਈ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।

Related Post