ਲੁਧਿਆਣਾ: ਅਹੋਈ ਅਸ਼ਟਮੀ ਵਰਤ ਮੌਕੇ ਸਤਲੁਜ ਦਰਿਆ ‘ਚ ਡੁੱਬਣ ਕਾਰਨ ਬੁਝੇ 3 ਘਰਾਂ ਦੇ ਚਿਰਾਗ

By  Shameela Khan November 6th 2023 12:46 PM -- Updated: November 6th 2023 12:47 PM
ਲੁਧਿਆਣਾ: ਅਹੋਈ ਅਸ਼ਟਮੀ ਵਰਤ ਮੌਕੇ ਸਤਲੁਜ ਦਰਿਆ ‘ਚ ਡੁੱਬਣ ਕਾਰਨ ਬੁਝੇ 3 ਘਰਾਂ ਦੇ ਚਿਰਾਗ

ਲੁਧਿਆਣਾ:  ਲੁਧਿਆਣਾ ‘ਚ ਜਿੱਥੇ ਮਾਂਵਾਂ ਆਪਣੇ ਬੱਚਿਆਂ ਦੀ ਲੰਬੀ ਉਮਰ ਲਈ ਅਹੋਈ ਅਸ਼ਟਮੀ ‘ਤੇ ਵਰਤ ਰੱਖ ਰਹੀਆਂ ਸਨ । ਉੱਥੇ ਹੀ ਉਸੇ ਦਿਨ ਹੀ 3 ਘਰਾਂ ਦੇ ਚਿਰਾਗ ਬੁਝ ਗਏ। ਸਤਲੁਜ ਦਰਿਆ ‘ਚ ਨਹਾਉਣ ਗਏ 5 ਬੱਚਿਆਂ ‘ਚੋਂ 3 ਦੀ ਡੁੱਬਣ ਕਾਰਨ ਮੌਤ ਹੋ ਗਈ। ਪੁਲਿਸ ਨੇ ਦੇਰ ਰਾਤ ਤਿੰਨਾਂ ਦੀਆਂ ਲਾਸ਼ਾਂ ਨੂੰ ਬਰਾਮਦ ਕਰਕੇ ਸਿਵਲ ਹਸਪਤਾਲ ਪਹੁੰਚਾਇਆ। ਪੁਲਿਸ ਅੱਜ ਉਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦੇਵੇਗੀ। ਹਾਦਸੇ ‘ਚ ਆਪਣੇ ਪਿਆਰੇ ਬੱਚਿਆਂ ਨੂੰ ਗੁਆਉਣ ਵਾਲੇ ਪਰਿਵਾਰਾਂ ‘ਚ ਸੋਗ ਦੀ ਲਹਿਰ ਹੈ। ਬੱਚਿਆਂ ਦੀਆਂ ਮਾਵਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।



ਦੇਰ ਰਾਤ ਰੋਹਿਤ, ਪ੍ਰਿੰਸ ਅਤੇ ਅੰਸ਼ੂ ਦੀਆਂ ਲਾਸ਼ਾਂ ਨੂੰ ਦਰਿਆ ‘ਚੋਂ ਕੱਢਿਆ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਤਿੰਨੋਂ ਕਰੀਬੀ ਦੋਸਤ ਸਨ ਅਤੇ ਇੱਕੋ ਸਕੂਲ ਵਿੱਚ ਅੱਠਵੀਂ ਜਮਾਤ ਵਿੱਚ ਇਕੱਠੇ ਪੜ੍ਹਦੇ ਸਨ। ਦੇਰ ਰਾਤ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਤਿੰਨਾਂ ਦੋਸਤਾਂ ਦੀਆਂ ਲਾਸ਼ਾਂ ਸਤਲੁਜ ਦਰਿਆ ਵਿੱਚੋਂ ਬਾਹਰ ਕੱਢਿਆ। ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਮ੍ਰਿਤਕ ਬੱਚਿਆਂ ਦੀਆਂ ਮਾਵਾਂ ਨੇ ਵੀ ਆਪਣੇ ਬੱਚਿਆਂ ਦੀ ਲੰਬੀ ਉਮਰ ਲਈ ਅਹੋਈ ਅਸ਼ਟਮੀ ਦਾ ਵਰਤ ਰੱਖਿਆ ਸੀ। 


ਪਰ ਇਸ ਦੌਰਾਨ ਬੱਚਿਆਂ ਦੇ ਦਰਿਆ ‘ਚ ਰੁੜ੍ਹ ਜਾਣ ਦੀ ਖ਼ਬਰ ਸੁਣ ਕੇ ਮਾਂਵਾਂ ਦੇ ਸਾਰੇ ਚਾਅ ਅਧੂਰੇ ਰਹਿ ਗਏ। ਮ੍ਰਿਤਕ ਬੱਚਿਆਂ ਦੀ ਪਛਾਣ ਰੋਹਿਤ, ਪ੍ਰਿੰਸ ਅਤੇ ਅੰਸ਼ੂ ਵਜੋਂ ਹੋਈ ਹੈ। ਉਸ ਦੇ ਦੋ ਹੋਰ ਦੋਸਤਾਂ ਨੇ ਘਰ ਆ ਕੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਰੋਹਿਤ, ਪ੍ਰਿੰਸ ਅਤੇ ਅੰਸ਼ੂ ਸਤਲੁਜ ਦਰਿਆ ਵਿੱਚ ਵਹਿ ਗਏ ਹਨ। ਜਾਣਕਾਰੀ ਮੁਤਾਬਿਕ ਰੋਹਿਤ, ਪ੍ਰਿੰਸ ਅਤੇ ਅੰਸ਼ੂ ਐਤਵਾਰ ਨੂੰ ਕਸਾਬਾਦ ਨੇੜੇ ਨਦੀ ‘ਤੇ ਪਹੁੰਚੇ ਸਨ। ਹਿਮਾਂਸ਼ੂ ਵੀ ਉਸ ਦੇ ਨਾਲ ਸੀ। ਉਸ ਨੇ ਹੀ ਤਿੰਨਾਂ ਬੱਚਿਆਂ ਦੇ ਘਰ ਜਾ ਕੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਘਟਨਾ ਦਾ ਪਤਾ ਲੱਗਦਿਆਂ ਹੀ ਪੂਰਾ ਪਿੰਡ ਸਤਲੁਜ ਦਰਿਆ ਦੇ ਕੰਢੇ ਪਹੁੰਚ ਗਿਆ। ਇਸ ਤੋਂ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਨੂੰ ਲੱਭਣ ਲਈ ਆਪਰੇਸ਼ਨ ਚਲਾਇਆ ਗਿਆ।  

Related Post