ਦਰਦਨਾਕ! ਭਗਤ ਸਿੰਘ ਨੂੰ ਫਾਂਸੀ ਦੇਣ ਦੇ ਸੀਨ ਦੀ ਰਿਹਰਸਲ ਦੌਰਾਨ ਫਾਹੇ ਨਾਲ ਲਟਕਿਆ 12 ਸਾਲਾ ਮਾਸੂਮ

By  Jasmeet Singh October 31st 2022 01:18 PM

ਬੈਂਗਲੁਰੂ, 31 ਅਕਤੂਬਰ: ਕਰਨਾਟਕ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਨੂੰ ਚਿਤਰਦੁਰਗਾ ਜ਼ਿਲ੍ਹੇ 'ਚ ਭਗਤ ਸਿੰਘ ਦੀ ਫਾਂਸੀ ਦੀ ਰਿਹਰਸਲ ਕਰਦੇ ਹੋਏ 12 ਸਾਲਾ ਲੜਕੇ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੱਚਾ ਸਕੂਲ ਦੇ ਇੱਕ ਪ੍ਰੋਗਰਾਮ ਲਈ ਰਿਹਰਸਲ ਕਰ ਰਿਹਾ ਸੀ ਅਤੇ ਜਿਸ ਸੀਨ ਦੀ ਉਹ ਰਿਹਰਸਲ ਕਰ ਰਿਹਾ ਸੀ ਉਹ ਭਗਤ ਸਿੰਘ ਦੇ ਫਾਂਸੀ ਦਾ ਸੀ। ਰਿਹਰਸਲ ਦੌਰਾਨ ਜਿਵੇਂ ਹੀ ਬੱਚੇ ਨੇ ਫਾਹਾ ਲਿਆ ਤਾਂ ਫਾਹਾ ਉਸ ਦੇ ਗਲੇ 'ਚ ਫਸ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਘਟਨਾ ਸਮੇਂ ਬੱਚੇ ਦੇ ਮਾਤਾ-ਪਿਤਾ ਘਰ 'ਚ ਮੌਜੂਦ ਨਹੀਂ ਸਨ। ਜਦੋਂ ਉਹ ਵਾਪਸ ਆਇਆ ਤਾਂ ਉਸ ਨੇ ਪੁੱਤਰ ਨੂੰ ਪੱਖੇ ਨਾਲ ਲਟਕਦਾ ਦੇਖਿਆ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ 1 ਨਵੰਬਰ ਨੂੰ ਕੰਨੜ ਰਾਜਯੋਤਸਵ ਦੇ ਮੌਕੇ 'ਤੇ ਮ੍ਰਿਤਕ ਦੇ ਸਕੂਲ 'ਚ ਇੱਕ ਪ੍ਰੋਗਰਾਮ ਹੋਣ ਵਾਲਾ ਸੀ। ਇਸ ਪ੍ਰੋਗਰਾਮ ਵਿੱਚ ਮ੍ਰਿਤਕ ਭਗਤ ਸਿੰਘ ਨੂੰ ਫਾਂਸੀ ਦੇਣ ਦੀ ਭੂਮਿਕਾ ਨਿਭਾ ਰਿਹਾ ਸੀ। ਬੱਚੇ ਦਾ ਨਾਂ ਸੰਜੇ ਗੌੜਾ ਹੈ, ਜੋ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ। ਪੁਲਿਸ ਨੇ ਦੱਸਿਆ ਕਿ ਸੰਜੇ ਨੇ ਆਪਣੇ ਕਮਰੇ 'ਚ ਪੱਖੇ ਨਾਲ ਰੱਸੀ ਬੰਨ੍ਹੀ ਹੋਈ ਸੀ। ਫਾਹੇ 'ਤੇ ਲਟਕਣ ਤੋਂ ਪਹਿਲਾਂ ਉਸਨੇ ਆਪਣਾ ਸਿਰ ਊਨੀ ਟੋਪੀ ਨਾਲ ਢੱਕਿਆ ਜਿਸ ਤੋਂ ਬਾਅਦ ਉਹ ਫਾਹੇ 'ਤੇ ਝੂਲ ਪਿਆ। ਜਾਪਦਾ ਹੈ ਕਿ ਬੱਚੇ ਨੇ ਰਿਹਰਸਲ ਕਰਦੇ ਸਮੇਂ ਗਲਤੀ ਨਾਲ ਆਪਣੀ ਗਰਦਨ ਦੁਆਲੇ ਫਾਹਾ ਪਾ ਲਿਆ ਅਤੇ ਫਿਰ ਪਲੰਘ ਤੋਂ ਛਾਲ ਮਾਰ ਦਿੱਤੀ। ਇਸ ਦੁਖਾਂਤ ਮਗਰੋਂ ਕੁੱਝ ਮਿੰਟਾਂ ਬਾਅਦ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਰਾਮ ਰਹੀਮ ਦੀ ਪੈਰੋਲ ਰੱਦ ਕਰਵਾਉਣ ਲਈ ਐਡਵੋਕੇਟ HC ਅਰੋੜਾ ਨੇ ਹਾਈਕੋਰਟ 'ਚ ਦਾਇਰ ਕੀਤੀ ਪਟੀਸ਼ਨ

ਦੱਖਣ ਦੇ ਇੱਕ ਸਥਾਨਿਕ ਨਾਮਵਰ ਅਖ਼ਬਾਰ ਮੁਤਾਬਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਮਾਤਾ-ਪਿਤਾ ਘਰ ਵਾਪਸ ਆਏ ਤਾਂ ਉਨ੍ਹਾਂ ਨੇ ਆਪਣੇ ਬੇਟੇ ਨੂੰ ਪੱਖੇ ਨਾਲ ਲਟਕਦਾ ਦੇਖਿਆ। ਉਹ ਉਸ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। 

ਇਸ ਤੋਂ ਪਹਿਲਾਂ ਜੁਲਾਈ 2021 ਨੂੰ ਉੱਤਰ ਪ੍ਰਦੇਸ਼ ਦੇ ਬਦਾਊਨ ਜ਼ਿਲ੍ਹੇ ਤੋਂ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ 10 ਸਾਲ ਦੇ ਬੱਚੇ ਨੇ ਭਗਤ ਸਿੰਘ ਦੇ ਕਿਰਦਾਰ ਦੀ ਰਿਹਰਸਲ ਕਰਦੇ ਹੋਏ ਗਲਤੀ ਨਾਲ ਫਾਹਾ ਲੈ ਲਿਆ ਸੀ। ਬੱਚਾ 15 ਅਗਸਤ ਨੂੰ ਹੋਣ ਵਾਲੇ ਦੇਸ਼ ਭਗਤੀ ਦੇ ਪ੍ਰੋਗਰਾਮ ਦੀ ਰਿਹਰਸਲ ਕਰ ਰਿਹਾ ਸੀ ਪਰ ਅਚਾਨਕ ਉਸ ਦੀ ਸਟੂਲ ਫਿਸਲ ਗਈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

Related Post