Partition Museum: ਅੰਮ੍ਰਿਤਸਰ ਦਾ ਇਹ ਮਿਊਜ਼ੀਅਮ ਬਿਆਨ ਕਰਦਾ ਹੈ ਵੰਡ ਦੀ ਦਰਦਨਾਕ ਦਾਸਤਾਨ, ਤੁਸੀਂ ਵੀ ਦੇਖੋ

ਆਜਾਇਬ ਘਰ ਅੰਮ੍ਰਿਤਸਰ ਦੇ ਟਾਊਨ ਹਾਲ ’ਚ ਸਥਿਤ ਹੈ। ਜਿੱਥੇ ਵੰਡ ਦਾ ਸੰਤਾਪ ਝੱਲ ਚੁੱਕੇ ਪਰਿਵਾਰਾਂ ਵੱਲੋਂ ਦਾਨ ਕੀਤੀਆਂ ਯਾਦਾਂ ਅਤੇ ਵਸਤੂਆਂ ਭਰੀਆਂ ਹੋਈਆਂ ਹਨ। ਜਿਨ੍ਹਾਂ ਨੂੰ ਵੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ।

By  Aarti August 14th 2023 04:09 PM -- Updated: August 14th 2023 06:02 PM

Partition Museum: ਭਾਰਤ ਦੇਸ਼ ਦੀ ਆਜ਼ਾਦੀ ਦੇ ਪੂਰੇ 75 ਸਾਲ ਪੂਰੇ ਹੋ ਰਹੇ ਹਨ। ਹਰ ਸਾਲ ਲੋਕ 15 ਅਗਸਤ ਨੂੰ ਦੇਸ਼ ਦੀ ਆਜ਼ਾਦੀ ਦਾ ਦਿਹਾੜਾ ਮਨਾਉਂਦੇ ਹਨ। ਇਹ ਆਜ਼ਾਦੀ ਮਿਠਾਸ ਦੇ ਨਾਲ-ਨਾਲ ਵੰਡ ਦਾ ਸੰਤਾਪ ਵੀ ਹੈ। ਕਿਉਂਕਿ ਵੰਡ ਦੌਰਾਨ ਕਈ ਲੋਕਾਂ ਦੀਆਂ ਮੌਤਾਂ ਹੋਈਆਂ, ਕਈ ਲੋਕ ਬੇਘਰ ਹੋ ਗਏ। ਪੰਜਾਬ ’ਚ ਅਜੇ ਵੀ ਅਜਿਹੇ ਲੋਕ ਹਨ ਜੋ ਇਸ ਆਜ਼ਾਦੀ ਨੂੰ ਵੰਡ ਦੇ ਤੌਰ ’ਤੇ ਯਾਦ ਕਰਦੇ ਹਨ। ਕਿਉਂਕਿ ਇਸ ਵੰਡ ਦੌਰਾਨ ਕਈ ਪਰਿਵਾਰ ਵੱਖ ਹੋ ਗਏ, ਕਈਆਂ ਦੀਆਂ ਮੌਤਾਂ ਹੋ ਗਈਆਂ। ਇਸ ਨਾਲ ਕੁਝ ਜੁੜੀਆਂ ਤਸਵੀਰਾਂ ਅੱਜ ਵੀ ਅਜਾਇਬ ਘਰ ’ਚ ਮੌਜੂਦ ਹਨ। 

ਪਾਰਟੀਸ਼ਨ ਮਿਊਜ਼ੀਅਮ

ਇਹ ਆਜਾਇਬ ਘਰ ਅੰਮ੍ਰਿਤਸਰ ਦੇ ਟਾਊਨ ਹਾਲ ’ਚ ਸਥਿਤ ਹੈ। ਜਿੱਥੇ ਵੰਡ ਦਾ ਸੰਤਾਪ ਝੱਲ ਚੁੱਕੇ ਪਰਿਵਾਰਾਂ ਵੱਲੋਂ ਦਾਨ ਕੀਤੀਆਂ ਯਾਦਾਂ ਅਤੇ ਵਸਤੂਆਂ ਭਰੀਆਂ ਹੋਈਆਂ ਹਨ। ਜਿਨ੍ਹਾਂ ਨੂੰ ਵੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ।

ਵੰਡ ਤੋਂ ਬਾਅਦ ਪਹਿਲਾਂ ਦੀਆਂ ਤਸਵੀਰਾਂ ਅਤੇ ਵਸਤੂਆਂ ਮੌਜੂਦ 

ਇਸ ਅਜਾਇਬ ਘਰ ਦੀ ਖਾਸੀਅਤ ਇਹ ਹੈ ਕਿ ਇਸ ’ਚ ਅਜ਼ਾਦੀ ਤੋਂ ਪਹਿਲਾਂ ਅਤੇ ਵੰਡ ਤੋਂ ਬਾਅਦ ਦੇ ਸਮੇਂ ਦੀਆਂ ਤਸਵੀਰਾਂ, ਨੋਟਿਸ, ਪੋਸਟਰ, ਅਖਬਾਰਾਂ ਦੀਆਂ ਕਲਿੱਪਿੰਗਾਂ ਵਰਗੇ ਦਸਤਾਵੇਜ਼ਾਂ ਦਾ ਸੰਗ੍ਰਹਿ ਵੀ ਦਰਸ਼ਕਾਂ ਲਈ ਦੇਖਣ ਲਈ ਰੱਖਿਆ ਗਿਆ ਹੈ। ਜਿਨ੍ਹਾਂ ਨੂੰ ਵੇਖ ਕੇ ਕਿਸੇ ਦੀ ਵੀ ਉਸ ਮੰਜਰ ਨੂੰ ਸੋਚ ਕਿ ਅੱਖਾਂ ਭਰ ਆਉਣਗੀਆਂ। 

'ਅਜਾਇਬ ਘਰ ’ਚ ਇੱਕ ਪ੍ਰਵਾਸੀ ਦਾ ਘਰ ਵੀ ਮੌਜੂਦ'

ਇਸ ਮਿਊਜ਼ੀਅਮ ਬਾਰੇ ਦੱਸਦੇ ਹੋਏ ਅਜਾਇਬ ਘਰ ਦੇ ਮੈਨੇਜਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਮਿਊਜ਼ੀਅਮ ’ਚ ਵੰਡ ਦੇ ਦੌਰਾਨ ਅਤੇ ਬਾਅਦ ਦੀਆਂ ਵੱਖ-ਵੱਖ ਚੀਜ਼ਾਂ ਰੱਖੀਆਂ ਹੋਈਆਂ ਹਨ। ਮਿਊਜ਼ੀਅਮ ਦੇ ਇੱਕ ਘਰ ਬਾਰੇ ਦੱਸਦੇ ਹੋਏ ਮੈਨੇਜਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਮਿਊਜ਼ੀਅਮ ’ਚ ਦਿਖ ਰਿਹਾ ਇਹ ਘਰ ਇੱਕ ਪ੍ਰਵਾਸੀ ਦਾ ਹੈ। ਵੰਡ ਤੋਂ ਬਾਅਦ ਕਈ ਲੋਕਾਂ ਨੇ ਪ੍ਰਵਾਸ ਕੀਤਾ ਜਿਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਸਬੰਧੀ ਕਈ ਤਸਵੀਰਾਂ ਵੀ ਇਸ ਅਜਾਇਬ ਘਰ ’ਚ ਮੌਜੂਦ ਹਨ।  


ਇੱਕ ਗੈਲਰੀ ਨੇ ਦੱਸੀ ਵਾਹਘਾ ਬਾਰਡਰ ਬਣਨ ਦੀ ਕਹਾਣੀ 

ਉਨ੍ਹਾਂ ਨੇ ਵੰਡ ਦੀ ਗੈਲਰੀ ਨੂੰ ਦਿਖਾਉਂਦੇ ਹੋਏ ਦੱਸਿਆ ਕਿ ਇਸ ’ਚ ਇਹ ਦੱਸਿਆ ਗਿਆ ਕਿ ਵਾਹਘਾ ਬਾਰਡਰ ਬਣਾਇਆ ਕਿਸਨੇ ਸੀ। ਜੋ ਕਿ ਚੈੱਕ ਪੋਸਟ ਬਣਾਉਣ ’ਚ ਸ਼ਾਮਲ ਹੋਏ ਸੀ। ਵੰਡ ਤੋਂ ਬਾਅਦ ਗੁਰਦੁਆਰੇ ਸਾਹਿਬ, ਸੰਗੀਤ, ਕ੍ਰਿਕੇਟ, ਆਰਮੀ ਆਦਿ ਦੀ ਵੰਡ ਕਿਸ ਤਰ੍ਹਾਂ ਹੋਈ ਇਹ ਵੀ ਦੱਸਿਆ ਗਿਆ ਹੈ।  


'ਵੰਡ ਤੋਂ ਬਾਅਦ ਦੋਹਾਂ ਮੁਲਕਾਂ ’ਚ ਹੋਇਆ ਹਰ ਇੱਕ ਚੀਜ਼ ਦਾ ਵੰਡ' 

ਸੱਭਿਆਚਰ ਦੀ ਵੰਡ ਬਾਰੇ ਦੱਸਦੇ ਹੋਏ ਮੈਨੇਜਰ ਨੇ ਦੱਸਿਆ ਕਿ ਆਜਾਇਬ ਘਰ ’ਚ ਮੋਹਨਜੋਦਾੜੋ ’ਚ ਮਿਲਿਆ ਇੱਕ ਨੈਕਲੈਸ ਵੀ ਮਿਲਿਆ ਹੈ ਜਿਸ ਨੂੰ ਵੰਡ ਤੋਂ ਬਾਅਦ ਬੀਟਸ ਨੂੰ ਵੀ ਵੱਖ ਵੱਖ ਕਰ ਦਿੱਤਾ ਗਿਆ ਸੀ। ਇੱਕ ਗੈਲਰੀ ’ਚ ਦਸਤਾਵੇਜਾਂ ਬਾਰੇ ਦੱਸਦੇ ਹੋਏ ਮੈਨੇਜਰ ਰਾਜਵਿੰਦਰ ਨੇ ਦੱਸਿਆ ਕਿ ਖੁਦਾਈ ਦੇ ਸਮੇਂ ਜੋ ਕੁਝ ਵੀ ਮਿਲਿਆ ਤਾਂ ਉਸ ਨੂੰ ਵੀ ਵੰਡਿਆ ਅਤੇ ਉਸ ਸਬੰਧੀ ਸਾਰੀ ਜਾਣਕਾਰੀ ਇਸ ’ਚ ਲਿਖੀ ਹੋਈ ਹੈ।

'ਖੂਹ ਨੇ ਦਰਸਾਈ ਔਰਤਾਂ ਦੀਆਂ ਪੀੜਾਂ'

ਆਜਾਇਬ ਘਰ ’ਚ ਇੱਕ ਖੂਹ ਵੀ ਬਣਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੈਨੇਜਰ ਨੇ ਦੱਸਿਆ ਕਿ ਵੰਡ ਦੇ ਸਮੇਂ ਆਪਣੀਆਂ ਇੱਜਤਾਂ ਨੂੰ ਬਚਾਉਂਦੇ ਹੋਏ ਔਰਤਾਂ ਨੇ ਖੂਹ’ਚ ਛਾਲ ਮਾਰ ਕੇ ਆਪਣੀਆਂ ਜਾਨਾਂ ਦੇ ਦਿੱਤੀਆਂ ਸੀ। ਇਸ ਖੂਹ ਦੇ ਨਾਲ ਇੱਕ ਫੁਲਕਾਰੀ ਵੀ ਹੈ ਜੋ ਕਿ ਉਨ੍ਹਾਂ ਔਰਤਾਂ ਚੋਂ ਇੱਕ ਦੀ ਜਿਸ ਵੱਲੋਂ ਖੁਹ ’ਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਇੱਕ ਮੁਸਲਿਮ ਵਿਅਕਤੀ ਵੱਲੋਂ ਬਚਾ ਲਿਆ ਗਿਆ ਸੀ ਅਤੇ ਬਾਅਦ ’ਚ ਉਸਦਾ ਭਾਰਤ ਭੇਜਣ ਦਾ ਇੰਤਜਾਮ ਕਰ ਦਿੱਤਾ ਸੀ। 

'ਵੰਡ ਤੋਂ ਬਾਅਦ ਲੋਕ ਕੈਂਪ ’ਚ ਰਹਿਣ ਨੂੰ ਹੋਏ ਮਜ਼ਬੂਰ'

ਅਜਾਇਬ ਘਰ ’ਚ ਮੌਜੂਦ ਕੁਝ ਤਸਵੀਰਾਂ ਉਹ ਵੀ ਹਨ ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਵੰਡ ਤੋਂ ਬਾਅਦ ਲੋਕ ਕਿਵੇਂ ਕੈਂਪ ’ਚ ਠਹਿਰ ਗਏ। ਇਸ ਦੌਰਾਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ। ਅਜਾਇਬ ਘਰ ’ਚ ਉਨ੍ਹਾਂ ਦੇ ਕੱਪੜੇ ਵੀ ਹਨ ਜਿਨ੍ਹਾਂ ਦਾ ਉਸੇ ਦਿਨ ਵਿਆਹ ਹੋ ਰਿਹਾ ਸੀ ਅਤੇ ਉਨ੍ਹਾਂ ਨੂੰ ਉਸੇ ਦਿਨ ਉੱਥੇ ਜਾਣਾ ਪਿਆ। 

'ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ'

ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਵੰਡ ਵੇਲੇ ਵਿਛੜੇ ਪ੍ਰੇਮੀ ਸ਼ਰਨਾਰਥੀਆਂ ਦੀ ਕਤਾਰ ’ਚ ਵੀ ਮਿਲੇ। ਜੀ ਹਾਂ ਵੰਡ ਤੋਂ ਬਾਅਦ ਦੋ ਪ੍ਰੇਮੀ ਪ੍ਰੀਤਮ ਕੌਰ ਅਤੇ ਭਗਵਾਨ ਸਿੰਘ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ ਜਿਨ੍ਹਾਂ ਦੀ ਵੰਡ ਤੋਂ ਪਹਿਲਾਂ ਮੰਗਣੀ ਹੋ ਗਈ ਸੀ ਪਰ ਵੰਡ ਮਗਰੋਂ ਦੋਵੇਂ ਵੱਖ ਹੋ ਗਏ ਜੋ ਕਿ ਸ਼ਰਨਾਰਥੀਆਂ ਦੀ ਕਤਾਰ ’ਚ ਮਿਲੇ ਜਿਨ੍ਹਾਂ ਦਾ ਸ਼ਰਨਾਰਥੀਆਂ ਦੇ ਕੈਂਪ ’ਚ ਵਿਆਹ ਕਰਵਾ ਦਿੱਤਾ ਗਿਆ। ਉਨ੍ਹਾਂ ਦੀ ਨਿਸ਼ਾਨੀ ਵਜੋਂ ਜੈਕਟ ਅਤੇ ਇੱਕ ਬੈੱਗ ਵੀ ਅਜਾਇਬ ਘਰ ’ਚ ਮੌਜੂਦ ਹੈ। 

'ਵੰਡ ਦੇ ਸੰਤਾਪ' 

ਖੈਰ ਆਜਾਦੀ ਦਿਹਾੜੇ ਨੂੰ ਜਿੱਥੇ ਇੱਕ ਪਾਸੇ ਲੋਕਾਂ ਵੱਲੋਂ ਖੁਸ਼ੀ ਮਨਾਈ ਜਾਂਦੀ ਹੈ ਉੱਥੇ ਹੀ ਦੂਜੇ ਪਾਸੇ ਅਜਿਹੇ ਵੀ ਪਰਿਵਾਰ ਅਤੇ ਲੋਕ ਹਨ ਜੋ ਇਸ ਦਿਨ ਨੂੰ ਯਾਦ ਕਰ ਰੋਣ ਲੱਗ ਜਾਂਦੇ ਹਨ। ਕਿਉਂਕਿ ਉਨ੍ਹਾਂ ਵੰਡ ਦੇ ਸੰਤਾਪ ਦੌਰਾਨ ਮਿਲੇ ਜ਼ਖਮ ਹਰੇ ਹੋ ਜਾਂਦੇ ਹਨ।

-ਰਿਪੋਰਟਰ ਮਨਿੰਦਰ ਮੋਂਗਾ ਦੇ ਸਹਿਯੋਗ ਨਾਲ..

ਇਹ ਵੀ ਪੜ੍ਹੋ: Mohalla Clinics in Punjab: ਆਜ਼ਾਦੀ ਦਿਹਾੜੇ ਦੀ 76ਵੀਂ ਵਰ੍ਹੇਗੰਢ 'ਤੇ ਸੂਬੇ ਦੇ ਲੋਕਾਂ ਨੂੰ ਮਿਲੇ 76 ਨਵੇਂ ਮੁਹੱਲਾ ਕਲੀਨਿਕ

Related Post