ਸ਼ਰਧਾਲੂਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਰੋਕੀ ਗਈ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 'ਤੇ ਆਰਜ਼ੀ ਤੌਰ ‘ਤੇ ਤਿੰਨ ਦਿਨਾਂ ਦੀ ਰੋਕ

By  Jasmeet Singh July 20th 2023 04:06 PM -- Updated: July 20th 2023 05:29 PM

ਡੇਰਾ ਬਾਬਾ ਨਾਨਕ: ਗੁਰਦਾਸਪੁਰ 'ਚ ਡੇਰਾ ਬਾਬਾ ਨਾਨਕ ਵਿਖੇ ਬਣੇ ਕਰਤਾਰਪੁਰ ਲਾਂਘੇ ਦੇ ਆਲੇ-ਦੁਆਲੇ ਰਾਵੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਪਾਣੀ 'ਚ ਡੁੱਬ ਗਈ ਹੈ। ਪਾਕਿਸਤਾਨ ਵਿੱਚ ਬਣੇ ਧੁੱਸੀ ਬੰਨ੍ਹ ਦੇ ਟੁੱਟਣ ਕਾਰਨ ਇਹ ਸਥਿਤੀ ਪੈਦਾ ਹੋ ਰਹੀ ਹੈ। ਸੀਮਾ ਸੁਰੱਖਿਆ ਬਲ ਸਰਹੱਦ 'ਤੇ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। 

ਰੋਕੀ ਗਈ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ 
ਹਾਲਾਤ ਦੇ ਮੱਦੇਨਜ਼ਰ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀ ਯਾਤਰਾ ਨੂੰ ਬੰਦ ਕਰ ਦਿੱਤਾ ਗਿਆ ਹੈ। ਡੀ.ਸੀ. ਗੁਰਦਾਸਪੁਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੌਸਮ ਦੀ ਸਥਿਤੀ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਯਾਤਰਾ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ ਹੈ।



ਦੂਜੇ ਪਾਸੇ ਜੰਮੂ-ਕਸ਼ਮੀਰ ਦੇ ਉਝ ਡੈਮ ਤੋਂ ਰਾਵੀ ਵਿੱਚ ਛੱਡਿਆ ਗਿਆ 2.50 ਲੱਖ ਕਿਊਸਿਕ ਪਾਣੀ ਅੱਜ ਮਾਝੇ ਵਿੱਚ ਤਬਾਹੀ ਮਚਾ ਸਕਦਾ ਹੈ। ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਤੋਂ ਇਲਾਵਾ ਪਾਕਿਸਤਾਨ ਦੇ ਪੰਜਾਬ 'ਚ ਵੀ ਇਸ ਦਾ ਅਸਰ ਪਵੇਗਾ, ਜਿਸ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਨੇ ਮਾਝੇ ਦੇ 3 ਜ਼ਿਲਿਆਂ 'ਚ ਅਲਰਟ ਜਾਰੀ ਕਰ ਦਿੱਤਾ ਹੈ। ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ।



ਇਹ ਵੀ ਪੜ੍ਹੋ: School Closed: ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ ‘ਚ ਛੁੱਟੀਆਂ ਦਾ ਐਲਾਨ, ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਰਾਵੀ ਨੇੜੇ ਲਾਮਬੰਦ
ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਦੇਰ ਰਾਤ ਤੱਕ ਰਾਵੀ ਦੇ ਆਲੇ-ਦੁਆਲੇ ਲਾਮਬੰਦ ਰਿਹਾ। ਮੰਤਰੀ ਕੁਲਦੀਪ ਧਾਲੀਵਾਲ, ਡੀ.ਸੀ. ਅੰਮ੍ਰਿਤਸਰ ਅਮਿਤ ਤਲਵਾੜ ਅਤੇ ਗੁਰਦਾਸਪੁਰ ਦੇ ਡੀ.ਸੀ. ਹਿਮਾਂਸ਼ੂ ਅਗਰਵਾਲ ਅਤੇ ਫੌਜ ਦੇ ਜਵਾਨ ਰਾਵੀ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਖਤਰੇ ਨਾਲ ਨਜਿੱਠਣ ਲਈ ਪ੍ਰਬੰਧ ਕਰਦੇ ਰਹੇ। ਇਸ ਦੇ ਨਾਲ ਹੀ ਤਰਨਤਾਰਨ 'ਚ ਬਿਆਸ 'ਤੇ ਧੁੱਸੀ ਬੰਨ੍ਹ ਨੇੜੇ ਇਕ ਵਾਰ ਫਿਰ ਪਾੜ ਪੈ ਗਿਆ, ਜਿਸ ਕਾਰਨ ਹਜ਼ਾਰਾਂ ਏਕੜ ਖੜ੍ਹੀ ਫਸਲ ਪਾਣੀ 'ਚ ਡੁੱਬ ਗਈ।

ਰਾਵੀ ਦੇ ਪਾਰ ਸਥਿਤ 7 ਪਿੰਡ ਬਾਕੀ ਦੇਸ਼ ਨਾਲੋਂ ਕੱਟੇ
ਦੂਜੇ ਪਾਸੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਗੁਰਦਾਸਪੁਰ ਦੇ ਪਿੰਡ ਮਕੋੜਾ ਪੱਤਣ ਦੇ ਆਲੇ-ਦੁਆਲੇ ਦੇ 7 ਪਿੰਡਾਂ ਦਾ ਦੇਸ਼ ਨਾਲੋਂ ਸੰਪਰਕ ਟੁੱਟ ਗਿਆ ਹੈ। ਪਾਣੀ ਦਾ ਪੱਧਰ ਵਧਣ ਕਾਰਨ ਇਨ੍ਹਾਂ ਇਲਾਕਿਆਂ 'ਚ ਕਿਸ਼ਤੀਆਂ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਡੀ.ਸੀ. ਗੁਰਦਾਸਪੁਰ ਨੇ ਵੀ ਇਨ੍ਹਾਂ ਇਲਾਕਿਆਂ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।


ਇਹ ਵੀ ਪੜ੍ਹੋ: ਰਾਵੀ ਦਰਿਆ ‘ਚ ਵਧਿਆ ਪਾਣੀ ਦਾ ਪੱਧਰ, ਜਾਣੋ ਹੁਣ ਤੱਕ ਦੀ ਸਥਿਤੀ ਬਾਰੇ

ਬਿਆਸ ਦਰਿਆ ਦੇ ਆਲੇ-ਦੁਆਲੇ ਯੈਲੋ ਅਲਰਟ ਜਾਰੀ 
ਪੰਜਾਬ ਵਿੱਚ ਵੀ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਬਿਆਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਨੀਵੀਆਂ ਥਾਵਾਂ 'ਤੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਇਸ ਸਮੇਂ ਬਿਆਸ ਵਿੱਚ ਕਰੀਬ 70 ਹਜ਼ਾਰ ਕਿਊਸਿਕ ਪਾਣੀ ਵਹਿ ਰਿਹਾ ਹੈ, ਜੋ ਕਿ ਖ਼ਤਰੇ ਦੇ ਪੱਧਰ ਦੇ ਬਹੁਤ ਨੇੜੇ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਸਪਾਸ ਦੇ ਸਕੂਲਾਂ ਵਿੱਚ ਕੈਂਪ ਲਗਾਏ ਗਏ ਹਨ ਅਤੇ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਉੱਥੇ ਹੀ ਰਹਿਣ ਲਈ ਕਿਹਾ ਗਿਆ ਹੈ।



ਪੰਜਾਬ 'ਚ ਮੌਸਮ ਵਿਭਾਗ ਦਾ ਯੈਲੋ ਅਲਰਟ
ਦੂਜੇ ਪਾਸੇ ਪੰਜਾਬ ਦੇ ਦਰਿਆਵਾਂ ਤੋਂ ਇਲਾਵਾ ਮੌਸਮ ਵਿਭਾਗ ਨੇ ਵੀ ਯੈਲੋ ਅਲਰਟ ਜਾਰੀ ਕੀਤਾ ਹੈ। ਪੂਰੇ ਪੰਜਾਬ ਵਿੱਚ ਇਹ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਰੁਕ-ਰੁਕ ਕੇ ਮੀਂਹ ਪਵੇਗਾ। ਜੇਕਰ ਬਾਰਸ਼ ਆਮ ਨਾਲੋਂ ਵੱਧ ਹੁੰਦੀ ਹੈ ਤਾਂ ਪੰਜਾਬ ਵਿੱਚ ਚੱਲ ਰਹੇ ਰਾਹਤ ਕਾਰਜ ਪ੍ਰਭਾਵਿਤ ਹੋਣਗੇ। ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ।

ਇਹ ਵੀ ਪੜ੍ਹੋ: ਮਾਨਸਾ ਦੇ ਸਰਦੂਲਗੜ੍ਹ 'ਚ ਵੜਿਆ ਪਾਣੀ, 22 ਜੁਲਾਈ ਤੱਕ ਯੈਲੋ ਅਲਰਟ ਜਾਰੀ

Related Post