Jalandhar News : ਸ਼ਾਹਕੋਟ ’ਚ 2 ਅਣ-ਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ’ਤੇ ਵੱਡੀ ਕਾਰਵਾਈ, ਪੁਲਿਸ ਨੇ 76 ਵਿਅਕਤੀ ਛੁਡਵਾਏ, ਸੰਚਾਲਕਾਂ ਖਿਲਾਫ਼ ਕੇਸ

Jalandhar Police : ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਢੰਡਵਾਲ (ਥਾਣਾ ਸ਼ਾਹਕੋਟ) ਵਿੱਚ ਬਾਬਾ ਦੀਪ ਸਿੰਘ ਵੈੱਲਫੇਅਰ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਇਕ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ਨੂੰ ਚੈੱਕ ਕੀਤਾ ਗਿਆ ਅਤੇ ਇਥੋਂ 47 ਵਿਅਕਤੀਆਂ ਨੂੰ ਛੁਡਵਾਇਆ ਗਿਆ ਹੈ।

By  KRISHAN KUMAR SHARMA May 14th 2025 02:11 PM -- Updated: May 14th 2025 02:26 PM

ਜਲੰਧਰ : ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਅੱਜ ਜਲੰਧਰ ਵਿੱਚ ਇਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਸਿਵਲ ਪ੍ਰਸ਼ਾਸਨ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਵੱਲੋਂ ਸ਼ਾਹਕੋਟ ਇਲਾਕੇ ਵਿੱਚ ਚੱਲਦੇ ਦੋ ਅਣ-ਅਧਿਕਾਰਤ ਨਸ਼ਾ ਛੁਡਾਊ ਕੇਂਦਰਾਂ ’ਤੇ ਛਾਪਾ ਮਾਰ ਕੇ 76 ਵਿਅਕਤੀਆਂ ਨੂੰ ਛੁਡਵਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦੀਆਂ ਹਦਾਇਤਾਂ ’ਤੇ ਸਿਵਲ, ਪੁਲਿਸ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਢੰਡਵਾਲ (ਥਾਣਾ ਸ਼ਾਹਕੋਟ) ਵਿੱਚ ਬਾਬਾ ਦੀਪ ਸਿੰਘ ਵੈੱਲਫੇਅਰ ਸੋਸਾਇਟੀ ਵੱਲੋਂ ਚਲਾਏ ਜਾ ਰਹੇ ਇਕ ਅਣਅਧਿਕਾਰਤ ਨਸ਼ਾ ਛੁਡਾਊ ਕੇਂਦਰ ਨੂੰ ਚੈੱਕ ਕੀਤਾ ਗਿਆ ਅਤੇ ਇਥੋਂ 47 ਵਿਅਕਤੀਆਂ ਨੂੰ ਛੁਡਵਾਇਆ ਗਿਆ ਹੈ। ਇਸ ਮਾਮਲੇ ਵਿੱਚ ਮਕਾਨ ਮਾਲਕ ਅਤੇ ਸੋਸਾਇਟੀ ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਦੂਜੀ ਕਾਰਵਾਈ ਪਿੰਡ ਬਾਜਵਾ ਕਲਾਂ ਵਿਖੇ ਟਰਨਿੰਗ ਪੁਆਇੰਟ ਡੀ-ਅਡੀਕਸ਼ਨ ਸੈਂਟਰ ’ਤੇ ਕੀਤੀ ਗਈ, ਜਿਥੋਂ 29 ਵਿਅਕਤੀਆਂ ਨੂੰ ਛੁਡਵਾਇਆ ਗਿਆ ਅਤੇ ਦੋਸ਼ੀਆਂ ਖ਼ਿਲਾਫ਼ ਥਾਣਾ ਸ਼ਾਹਕੋਟ ਵਿੱਚ ਮੁਕੱਦਮਾ ਦਰਜ ਕਰਕੇ ਜਾਂਚ ਅਮਲ ਵਿੱਚ ਲਿਆਂਦੀ ਗਈ ਹੈ। ਇਸੇ ਤਰ੍ਹਾਂ ਸ਼ਾਹਕੋਟ ਸ਼ਹਿਰ ਅਤੇ ਆਲੇ ਦੁਆਲੇ ਹੋਰ ਨਸ਼ਾ ਛੁਡਾਊ ਕੇਂਦਰਾਂ ਦੀ ਚੈਕਿੰਗ ਅਤੇ ਵੈਰੀਫਿਕੇਸ਼ਨ ਵੀ ਕੀਤੀ ਗਈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਗੈਰ ਕਾਨੂੰਨੀ ਕੇਂਦਰਾਂ ਵਿੱਚ ਰੱਖੇ ਵਿਅਕਤੀਆਂ ਨੂੰ ਬੰਦੀ ਬਣਾਕੇ ਰੱਖਿਆ ਗਿਆ ਸੀ, ਕੁੱਟਮਾਰ ਕੀਤੀ ਜਾਂਦੀ ਸੀ ਅਤੇ ਕਈ ਲੋਕਾਂ ਨੂੰ 7 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਜ਼ਬਰਦਸਤੀ ਕੈਦ ਕਰਕੇ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਥੋਂ ਵਿਅਕਤੀਆਂ ਨੂੰ ਛੁਡਵਾ ਕੇ, ਮਕਾਨ ਮਾਲਕ ਅਤੇ ਸੁਸਾਇਟੀ ਮੈਂਬਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ।

Related Post