ਚਿੱਤਰਕਾਰ ਸ਼ੋਭਾ ਸਿੰਘ ਦੇ ਜਨਮ ਸਥਾਨ ਦੀ ਯਾਦਗਾਰੀ ਇਮਾਰਤ ਵਿੱਚ ਚੱਲ ਰਿਹਾ ਡੀ.ਐਸ.ਪੀ ਦਾ ਦਫ਼ਤਰ

By  Jasmeet Singh December 6th 2022 06:44 PM -- Updated: December 6th 2022 06:49 PM

ਗੁਰਦਾਸਪੁਰ, 6 ਦਸੰਬਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ 26 ਸਤੰਬਰ 1986 ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸ਼ੋਭਾ ਸਿੰਘ ਆਰਟ ਗੈਲਰੀ ਅਤੇ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ ਸੀ। ਇੱਥੇ ਸੋਭਾ ਸਿੰਘ ਦੀਆਂ ਅਨਮੋਲ ਪੇਂਟਿੰਗਾਂ ਆਰਟ ਗੈਲਰੀ ਵਿੱਚ ਰੱਖੀਆਂ ਗਈਆਂ ਸਨ ਅਤੇ ਪਾਠਕਾਂ ਦੇ ਪੜ੍ਹਨ ਲਈ ਕਿਤਾਬਾਂ ਲਾਇਬ੍ਰੇਰੀ ਵਿੱਚ ਰੱਖੀਆਂ ਗਈਆਂ ਸਨ।

ਇੱਥੇ ਦੇ ਨਗਰ ਕੌਂਸਿਲ ਦੇ ਪ੍ਰਧਾਨ ਨਵਦੀਪ ਪੰਨੂ ਮੁਤਾਬਕ ਸਮੇਂ ਬੀਤਣ ਨਾਲ ਕਲਾ ਦਾ ਇਹ ਮੰਦਰ ਢਹਿ-ਢੇਰੀ ਹੋਣ ਲੱਗਾ। ਇੱਕ-ਇੱਕ ਕਰਕੇ ਸਾਰੀਆਂ ਪੇਂਟਿੰਗਾਂ ਆਰਟ ਗੈਲਰੀ ਵਿੱਚੋਂ ਗਾਇਬ ਹੋ ਗਈਆਂ। ਉਨ੍ਹਾਂ ਦਾ ਕਹਿਣਾ ਹੈ ਕਿ ਲਾਇਬ੍ਰੇਰੀ ਵਿੱਚੋਂ ਕੁਝ ਕਿਤਾਬਾਂ ਲੋਕ ਚੁੱਕ ਕੇ ਲੈ ਗਏ ਸਨ, ਜਦਕਿ ਕੁਝ ਨਸ਼ਟ ਕਰ ਦਿੱਤੀਆਂ ਗਈਆਂ ਸਨ। 

ਉਨ੍ਹਾਂ ਦੱਸਿਆ ਕਿ ਫਿਰ ਖਸਤਾ ਹਾਲਤ ਵਿੱਚ ਪਈ ਇਹ ਇਮਾਰਤ ਪਹਿਲਾਂ ਸਬ-ਤਹਿਸੀਲ ਦਾ ਦਫ਼ਤਰ ਬਣ ਗਈ। ਨਵੇਂ ਸਬ-ਤਹਿਸੀਲ ਦਫ਼ਤਰ ਦੀ ਉਸਾਰੀ ਤੋਂ ਬਾਅਦ ਜਦੋਂ ਇਹ ਇਮਾਰਤ ਖਾਲੀ ਹੋ ਗਈ ਤਾਂ ਪੁਲਿਸ ਵਿਭਾਗ ਦੇ ਡੀ.ਐਸ.ਪੀ. ਨੇ ਇਸਤੇ ਕਬਜ਼ਾ ਕਰ ਲਿਆ।

ਇਹ ਵੀ ਪੜ੍ਹੋ: ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਰਹਿ ਕੇ ਦੇਣਗੇ ਸੇਵਾਵਾਂ

ਉਨ੍ਹਾਂ ਦਾ ਕਹਿਣਾ ਹੈ ਕਿ ਆਰਟ ਗੈਲਰੀ 'ਚ ਵਿੱਚਕਾਰ ਅੱਧੀ ਕੰਧ ਦੀ ਉਸਾਰੀ ਤੋਂ ਬਾਅਦ ਹੁਣ ਆਰਟ ਗੈਲਰੀ ਪੁਲਿਸ ਕੇਸਾਂ ਨਾਲ ਸਬੰਧਤ ਫਾਈਲਾਂ ਨਾਲ ਭਰੀ ਪਈ ਹੈ। ਉਨ੍ਹਾਂ ਕਿਹਾ ਕਿ ਆਰਟ ਗੈਲਰੀ ਦੀ ਥਾਂ ਡੀ.ਐਸ.ਪੀ ਦਾ ਦਫ਼ਤਰ ਬਣਾਉਣਾ ਨਿੰਦਣਯੋਗ ਹੈ ਅਤੇ ਅਸੀਂ ਸਦਨ ਦੀ ਮੀਟਿੰਗ ਬੁਲਾ ਕੇ ਮਤਾ ਲੈ ਕੇ ਡੀ.ਐਸ.ਪੀ ਦੇ ਦਫ਼ਤਰ ਨੂੰ ਇੱਥੋਂ ਹਟਾ ਕੇ ਇੱਥੇ ਦੁਬਾਰਾ ਆਰਟ ਗੈਲਰੀ ਬਣਾਵਾਂਗੇ ਅਤੇ ਇਸ ਦੀ ਜਾਂਚ ਵੀ ਕਰਵਾਈ ਜਾਵੇਗੀ ਕਿ ਕੀ ਸੋਭਾ ਸਿੰਘ ਵੱਲੋਂ ਬਣਾਈ ਗਈ ਪੇਂਟਿੰਗ ਕਦੋਂ ਅਤੇ ਕਿਸਨੇ ਗਾਇਬ ਕੀਤੀਆਂ।

Related Post