Sangrur : ਲਹਿਰਾਗਾਗਾ ਚ ਗਰੀਬ ਪਰਿਵਾਰ ਦਾ ਨੌਜਵਾਨ ਫੌਜ ਚ ਹੋਇਆ ਭਰਤੀ, ਪਰਿਵਾਰ ਤੇ ਪਿੰਡ ਵਾਸੀ ਖੁਸ਼ੀ ਚ ਹੋਏ ਭਾਵੁਕ

Sangrur News : ਫੌਜ ਵਿੱਚ ਚੋਣ ਹੋਣ ਤੋਂ ਬਾਅਦ ਜਦੋਂ ਸਾਕਾ ਆਪਣੇ ਘਰ ਪਹੁੰਚਿਆ ਤਾਂ ਮਹੱਲਾ ਵਾਸੀਆਂ ਵੱਲੋਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਲੋਕਾਂ ਨੇ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਅਤੇ ਢੋਲ-ਨਗਾੜਿਆਂ ਨਾਲ ਉਸ ਦੀ ਕਾਮਯਾਬੀ ਦਾ ਜਸ਼ਨ ਮਨਾਇਆ।

By  KRISHAN KUMAR SHARMA June 22nd 2026 07:12 PM -- Updated: June 22nd 2026 07:18 PM

Sangrur News : ਲਹਿਰਾਗਾਗਾ (Lehragaga) ਤੋਂ ਇੱਕ ਪ੍ਰੇਰਣਾਦਾਇਕ ਅਤੇ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਜੋਗੀ ਬਿਰਾਦਰੀ ਨਾਲ ਸੰਬੰਧਿਤ ਇੱਕ ਅਤੀ ਗਰੀਬ ਪਰਿਵਾਰ ਦੇ ਨੌਜਵਾਨ ਸਾਕਾ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਭਾਰਤੀ ਫੌਜ (Indian Army) ਵਿੱਚ ਭਰਤੀ ਹੋ ਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਲਹਿਰਾਗਾਗਾ ਦਾ ਰਹਿਣ ਵਾਲਾ ਸਾਕਾ ਪੜ੍ਹਾਈ ਦੇ ਨਾਲ-ਨਾਲ ਦੁਕਾਨਾਂ 'ਤੇ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਸਹਾਰਾ ਬਣਦਾ ਰਿਹਾ। ਆਰਥਿਕ ਤੰਗੀਆਂ ਦੇ ਬਾਵਜੂਦ ਉਸ ਨੇ ਆਪਣੇ ਸੁਪਨੇ ਨੂੰ ਕਦੇ ਮਰਨ ਨਹੀਂ ਦਿੱਤਾ ਅਤੇ ਅੱਜ ਉਹ ਬਟਾਲੀਅਨ ਆਰਮੀ ਮੈਡੀਕਲ ਕੋਰਪਸ ਲਖਨਊ ਵਿੱਚ ਭਰਤੀ ਹੋ ਗਿਆ ਹੈ।

ਸਾਕਾ ਦਾ ਪਰਿਵਾਰ ਆਰਥਿਕ ਤੌਰ 'ਤੇ ਕਾਫੀ ਕਮਜ਼ੋਰ ਹੈ। ਪਰਿਵਾਰ ਦੀਆਂ ਮੁਸ਼ਕਲਾਂ ਦੇ ਬਾਵਜੂਦ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਦਿਹਾੜੀ-ਮਜ਼ਦੂਰੀ ਕਰਕੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਦਿਨ-ਰਾਤ ਮਿਹਨਤ ਕੀਤੀ। ਉਸ ਦੀ ਇਸ ਜ਼ਿੱਦ ਅਤੇ ਮਿਹਨਤ ਦਾ ਨਤੀਜਾ ਹੈ ਕਿ ਅੱਜ ਉਹ ਭਾਰਤੀ ਫੌਜ ਦਾ ਹਿੱਸਾ ਬਣ ਗਿਆ ਹੈ।

ਫੌਜ ਵਿੱਚ ਚੋਣ ਹੋਣ ਤੋਂ ਬਾਅਦ ਜਦੋਂ ਸਾਕਾ ਆਪਣੇ ਘਰ ਪਹੁੰਚਿਆ ਤਾਂ ਮਹੱਲਾ ਵਾਸੀਆਂ ਵੱਲੋਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਲੋਕਾਂ ਨੇ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਅਤੇ ਢੋਲ-ਨਗਾੜਿਆਂ ਨਾਲ ਉਸ ਦੀ ਕਾਮਯਾਬੀ ਦਾ ਜਸ਼ਨ ਮਨਾਇਆ। ਇਸ ਮੌਕੇ 'ਤੇ ਸਾਕਾ ਨੇ ਆਪਣੇ ਮਾਤਾ-ਪਿਤਾ ਨੂੰ ਸਲੂਟ ਕਰਕੇ ਉਨ੍ਹਾਂ ਦੇ ਸੰਘਰਸ਼ ਅਤੇ ਸਹਿਯੋਗ ਲਈ ਧੰਨਵਾਦ ਪ੍ਰਗਟਾਇਆ। ਉਸ ਨੇ ਕਿਹਾ ਕਿ ਅੱਜ ਜੋ ਵੀ ਸਫਲਤਾ ਉਸ ਨੂੰ ਮਿਲੀ ਹੈ, ਉਹ ਉਸਦੇ ਮਾਪਿਆਂ ਦੀਆਂ ਕੁਰਬਾਨੀਆਂ ਅਤੇ ਅਸੀਸਾਂ ਦਾ ਨਤੀਜਾ ਹੈ।

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਇਹ ਪਹਿਲਾ ਮੌਕਾ ਹੈ ਜਦੋਂ ਜੋਗੀ ਬਿਰਾਦਰੀ ਦਾ ਕੋਈ ਨੌਜਵਾਨ ਭਾਰਤੀ ਫੌਜ ਵਿੱਚ ਭਰਤੀ ਹੋਇਆ ਹੈ। ਇਸ ਦੌਰਾਨ ਭਾਵੁਕ ਪਲ ਉਸ ਵੇਲੇ ਵੇਖਣ ਨੂੰ ਮਿਲੇ ਜਦੋਂ ਸਾਕਾ ਨੇ ਆਪਣੇ ਮਾਤਾ-ਪਿਤਾ ਨੂੰ ਸਲੂਟ ਕਰਕੇ ਆਪਣੀ ਖੁਸ਼ੀ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ।

ਸਮਾਗਮ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੇ ਪੁੱਤਰ ਗੌਰਵ ਗੋਇਲ ਵੱਲੋਂ ਵੀ ਸਾਕਾ ਦਾ ਸਨਮਾਨ ਕੀਤਾ ਗਿਆ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Related Post