Punjab Coal Shortage News : ਪੰਜਾਬ ਵਿੱਚ ਬਿਜਲੀ ਸੰਕਟ ਹੋਇਆ ਗੰਭੀਰ ; ਸਿਰਫ ਕੁਝ ਦਿਨਾਂ ਦਾ ਹੀ ਬਚਿਆ ਕੋਲਾ !

ਸੂਤਰਾਂ ਅਨੁਸਾਰ ਰਾਜਪੁਰਾ ਥਰਮਲ ਪਲਾਂਟ ਵਿੱਚ ਕਰੀਬ ਛੇ ਦਿਨ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਕਰੀਬ ਪੰਜ ਦਿਨ ਦਾ ਕੋਲਾ ਬਾਕੀ ਰਹਿਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ।

By  Aarti September 6th 2026 09:21 AM

Punjab Coal Shortage News :  ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਘਟਦੀ ਉਪਲਬਧਤਾ ਨੇ ਬਿਜਲੀ ਸੰਕਟ ਦੀ ਚਿੰਤਾ ਵਧਾ ਦਿੱਤੀ ਹੈ। ਦੱਸ ਦਈਏ ਕਿ ਪੰਜਾਬ ਦੇ ਪਾਵਰ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ 5 ਸਤੰਬਰ ਨੂੰ ਕਿਹਾ ਕਿ ਦੇਸ਼ ਪੱਧਰ ’ਤੇ ਕੋਲੇ ਦੀ ਗੰਭੀਰ ਕਮੀ ਕਾਰਨ ਪੰਜਾਬ ਦੀ ਬਿਜਲੀ ਉਤਪਾਦਨ ਸਮਰੱਥਾ ਵਿੱਚ ਕਰੀਬ 1,500 ਮੈਗਾਵਾਟ ਦੀ ਕਮੀ ਆਈ ਹੈ। ਉਨ੍ਹਾਂ ਮੁਤਾਬਕ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਵੀ ਕੋਲੇ ਦੀ ਘੱਟ ਸਪਲਾਈ ਕਾਰਨ ਪ੍ਰਭਾਵਿਤ ਹੋ ਰਹੇ ਹਨ। 

ਕਿੰਨੇ ਦਿਨਾਂ ਦਾ ਕੋਲਾ ਬਾਕੀ

ਸੂਤਰਾਂ ਅਨੁਸਾਰ ਰਾਜਪੁਰਾ ਥਰਮਲ ਪਲਾਂਟ ਵਿੱਚ ਕਰੀਬ ਛੇ ਦਿਨ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਵਿੱਚ ਕਰੀਬ ਪੰਜ ਦਿਨ ਦਾ ਕੋਲਾ ਬਾਕੀ ਰਹਿਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਹਾਲਾਂਕਿ ਇਹ ਸਟਾਕ ਅੰਕੜੇ ਅਧਿਕਾਰਤ ਤੌਰ ’ਤੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਨਾਲ ਵੱਖ ਹੋ ਸਕਦੇ ਹਨ। ਇਸ ਤੋਂ ਪਹਿਲਾਂ 27 ਅਗਸਤ ਨੂੰ ਰਿਪੋਰਟ ਕੀਤੇ ਅੰਕੜਿਆਂ ਵਿੱਚ ਰਾਜਪੁਰਾ ਵਿੱਚ 14 ਦਿਨ ਅਤੇ ਤਲਵੰਡੀ ਸਾਬੋ ਵਿੱਚ 10 ਦਿਨ ਦਾ ਸਟਾਕ ਦੱਸਿਆ ਗਿਆ ਸੀ। 

ਥਰਮਲ ਪਲਾਂਟਾਂ ਦੀ ਨਿਗਰਾਨੀ ਵਧਾਈ

ਬਿਜਲੀ ਸੰਕਟ ਦੇ ਮੱਦੇਨਜ਼ਰ ਪੀਐਸਪੀਸੀਐਲ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਥਰਮਲ ਪਲਾਂਟਾਂ ਦੀ ਨਿਗਰਾਨੀ ਵਧਾਈ ਗਈ ਹੈ। ਰਿਪੋਰਟ ਮੁਤਾਬਕ ਪੀਐਸਪੀਸੀਐਲ ਦਾ ਉੱਚ ਅਧਿਕਾਰੀ ਵਰਗ ਥਰਮਲ ਪਲਾਂਟਾਂ ਵਿੱਚ ਮੌਜੂਦ ਰਹਿ ਕੇ ਉਤਪਾਦਨ ਅਤੇ ਕੋਲੇ ਦੀ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। 

ਇਸ ਸਮੇਂ ਪੰਜਾਬ ਵਿੱਚ ਬਿਜਲੀ ਦੀ ਮੰਗ ਲਗਾਤਾਰ ਉੱਚ ਪੱਧਰ ’ਤੇ ਬਣੀ ਹੋਈ ਹੈ। 2 ਸਤੰਬਰ ਨੂੰ ਪੰਜਾਬ ਦੀ ਪੀਕ ਬਿਜਲੀ ਮੰਗ 16,343 ਮੈਗਾਵਾਟ ਤੱਕ ਪਹੁੰਚ ਗਈ ਸੀ। ਵਧੀ ਮੰਗ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਇੱਕ ਦਿਨ ਵਿੱਚ ਵੱਡੀ ਮਾਤਰਾ ਵਿੱਚ ਬਿਜਲੀ ਬਾਹਰੋਂ ਖਰੀਦਣੀ ਪਈ। 

ਵਧ ਰਹੇ ਬਿਜਲੀ ਕੱਟ

ਮੌਜੂਦਾ ਸਥਿਤੀ ਵਿੱਚ ਥਰਮਲ ਪਲਾਂਟਾਂ ਤੋਂ ਘੱਟ ਬਿਜਲੀ ਉਤਪਾਦਨ ਅਤੇ ਵਧਦੀ ਮੰਗ ਕਾਰਨ ਪੀਐਸਪੀਸੀਐਲ ਨੂੰ ਕੇਂਦਰੀ ਗਰਿੱਡ ਅਤੇ ਹੋਰ ਸਰੋਤਾਂ ਤੋਂ ਬਿਜਲੀ ਲੈਣੀ ਪੈ ਰਹੀ ਹੈ। 4 ਸਤੰਬਰ ਦੀ ਰਿਪੋਰਟ ਮੁਤਾਬਕ ਪੰਜਾਬ ਦੀ ਆਪਣੀ ਉਤਪਾਦਨ ਸਮਰੱਥਾ ਵਿੱਚ ਥਰਮਲ ਪਲਾਂਟਾਂ ਦਾ ਯੋਗਦਾਨ ਘਟਿਆ ਹੋਇਆ ਸੀ ਅਤੇ ਕੁੱਲ ਮੰਗ ਲਗਭਗ 15 ਹਜ਼ਾਰ ਮੈਗਾਵਾਟ ਦੇ ਆਸ-ਪਾਸ ਸੀ। 

ਪਾਵਰ ਮੰਤਰੀ ਨੇ ਕਿਹਾ ਹੈ ਕਿ ਦੇਸ਼ ਵਿੱਚ ਕਰੀਬ 63 ਗੀਗਾਵਾਟ ਬਿਜਲੀ ਸਪਲਾਈ ਕੋਲੇ ਦੀ ਕਮੀ ਕਾਰਨ ਪ੍ਰਭਾਵਿਤ ਹੋਈ ਹੈ ਅਤੇ ਕਈ ਥਰਮਲ ਪਲਾਂਟਾਂ ਨੂੰ ਘੱਟ ਸਮਰੱਥਾ ’ਤੇ ਚਲਾਉਣਾ ਪੈ ਰਿਹਾ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਕੋਲੇ ਦੀ ਸਪਲਾਈ ਤੁਰੰਤ ਵਧਾਉਣ ਦੀ ਮੰਗ ਕੀਤੀ ਹੈ। 

ਇਸ ਸੈਕਟਰ ’ਤੇ ਪੈ ਸਕਦਾ ਵੱਧ ਪ੍ਰਭਾਵ

ਬਿਜਲੀ ਦੀ ਵਧਦੀ ਮੰਗ ਅਤੇ ਉਤਪਾਦਨ ਵਿੱਚ ਆਈ ਕਮੀ ਦਾ ਅਸਰ ਖੇਤੀਬਾੜੀ ਸੈਕਟਰ ’ਤੇ ਵੀ ਪੈਣ ਦੀ ਚਿੰਤਾ ਹੈ। ਕਿਸਾਨਾਂ ਨੂੰ ਟਿਊਬਵੈੱਲਾਂ ਲਈ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣ ਲਈ ਸਰਕਾਰ ਨੂੰ ਉਪਲਬਧ ਬਿਜਲੀ ਦੀ ਵੰਡ ਵਿੱਚ ਸੰਤੁਲਨ ਬਣਾਉਣਾ ਪੈ ਰਿਹਾ ਹੈ। ਘੱਟ ਮੀਂਹ ਕਾਰਨ ਵੀ ਟਿਊਬਵੈੱਲਾਂ ’ਤੇ ਨਿਰਭਰਤਾ ਵਧੀ ਹੈ, ਜਿਸ ਨਾਲ ਬਿਜਲੀ ਦੀ ਮੰਗ ਹੋਰ ਵਧੀ ਹੈ।

ਪਾਵਰ ਸਿਸਟਮ ਸਾਹਮਣੇ ਵੱਡੀ ਚੁਣੌਤੀ

ਮੌਜੂਦਾ ਹਾਲਾਤਾਂ ਨੇ ਪੰਜਾਬ ਦੇ ਪਾਵਰ ਸਿਸਟਮ ਸਾਹਮਣੇ ਵੱਡੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ। ਜੇਕਰ ਕੋਲੇ ਦੀ ਸਪਲਾਈ ਵਿੱਚ ਜਲਦ ਸੁਧਾਰ ਨਾ ਹੋਇਆ ਅਤੇ ਬਿਜਲੀ ਦੀ ਮੰਗ ਇਸੇ ਤਰ੍ਹਾਂ ਉੱਚੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਘਰੇਲੂ, ਖੇਤੀਬਾੜੀ ਅਤੇ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਸਪਲਾਈ ’ਤੇ ਹੋਰ ਦਬਾਅ ਪੈ ਸਕਦਾ ਹੈ। 

ਕਾਬਿਲੇਗੌਰ ਹੈ ਕਿ ਮੁੱਖ ਸਵਾਲ ਹੁਣ ਇਹ ਹੈ ਕਿ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਕਿੰਨੀ ਜਲਦੀ ਬਹਾਲ ਹੁੰਦੀ ਹੈ ਅਤੇ ਪੰਜਾਬ ਆਪਣੀ ਵਧ ਰਹੀ 16 ਹਜ਼ਾਰ ਮੈਗਾਵਾਟ ਦੇ ਕਰੀਬ ਬਿਜਲੀ ਮੰਗ ਨੂੰ ਕਿਵੇਂ ਪੂਰਾ ਕਰਦਾ ਹੈ।

ਇਹ ਵੀ ਪੜ੍ਹੋ  :  ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਨਿਯੁਕਤ, ਭੂਪੇਸ਼ ਬਘੇਲ ਦੀ ਪੰਜਾਬ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਹੋਈ ਛੁੱਟੀ

Related Post