Power Subsidy In Punjab: ਬਿਜਲੀ ਸਬਸਿਡੀ ਨੂੰ ਲੈ ਕੇ ਬਰਨਾਲਾ ਜ਼ਿਲ੍ਹੇ ਨੇ ਮਾਰੀ ਬਾਜ਼ੀ, ਬਾਕੀ ਜ਼ਿਲ੍ਹਿਆਂ ਦਾ ਇਹ ਹੈ ਹਾਲ...!

ਬਿਜਲੀ ਸਬਸਿਡੀ ਦੀ ਕਾਣੀ ਵੰਡ ਕਾਰਨ ਮੋਟਰਾਂ ਤੋਂ ਛੋਟੇ ਕਿਸਾਨ ਠੱਗੇ ਮਹਿਸੂਸ ਕਰ ਰਹੇ ਹਨ। ਜੀ ਹਾਂ ਜਿੱਥੇ ਇੱਕ ਪਾਸੇ ਵੱਡੇ ਕਿਸਾਨਾਂ ਨੂੰ ਸਬਸਿਡੀ ਦੇ ਗੱਫੇ ਮਿਲ ਰਹੇ ਹਨ ਉੱਥੇ ਹੀ ਦੂਜੇ ਪਾਸੇ ਛੋਟੇ ਕਿਸਾਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

By  Aarti May 9th 2023 12:10 PM

ਰਵਿੰਦਰਮੀਤ ਸਿੰਘ (ਚੰਡੀਗੜ੍ਹ, 9 ਮਈ): ਬਿਜਲੀ ਸਬਸਿਡੀ ਦੀ ਕਾਣੀ ਵੰਡ ਕਾਰਨ ਮੋਟਰਾਂ ਤੋਂ ਛੋਟੇ ਕਿਸਾਨ ਠੱਗੇ ਮਹਿਸੂਸ ਕਰ ਰਹੇ ਹਨ। ਜਿੱਥੇ ਬਹੁ-ਗਿਣਤੀ ਛੋਟੀ ਕਿਸਾਨੀ ਨੂੰ ਕੋਈ ਸਹਾਰਾ ਨਹੀਂ ਮਿਲ ਰਿਹਾ, ਉੱਥੇ ਵੱਡੀ ਕਿਸਾਨੀ ਨੂੰ ਮੌਜਾਂ ਹਨ। ਕਈ ਜ਼ਿਲ੍ਹਿਆਂ ’ਚ ਸਬਸਿਡੀ ਦੇ ਗੱਫੇ ਮਿਲ ਰਹੇ ਹਨ, ਜਦਕਿ ਕਈਆਂ ’ਚ ਔਸਤਨ ਸਬਸਿਡੀ ਘੱਟ ਮਿਲ ਰਹੀ ਹੈ। 

ਪੰਜਾਬ ਵਿੱਚੋਂ ਜ਼ਿਲ੍ਹਾ ਬਰਨਾਲਾ ਦੀ ਸਬਸਿਡੀ ਲੈਣ ’ਚ ਝੰਡੀ ਹੈ, ਜਿੱਥੇ ਕਿਸਾਨਾਂ ਨੂੰ ਔਸਤਨ 89,556 ਰੁਪਏ ਸਾਲਾਨਾ ਪ੍ਰਤੀ ਕੁਨੈਕਸ਼ਨ ਬਿਜਲੀ ਸਬਸਿਡੀ ਮਿਲ ਰਹੀ ਹੈ, ਜਦੋਂ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨਾਂ ਨੂੰ ਸਭ ਤੋਂ ਘੱਟ ਪ੍ਰਤੀ ਕੁਨੈਕਸ਼ਨ ਔਸਤਨ 21,324 ਰੁਪਏ ਸਾਲਾਨਾ ਬਿਜਲੀ ਸਬਸਿਡੀ ਮਿਲਦੀ ਹੈ। 

'13.91 ਲੱਖ ਟਿਊਬਵੈੱਲ ਕੁਨੈਕਸ਼ਨ'

ਵੇਰਵਿਆਂ ਮੁਤਾਬਿਕ ਪੰਜਾਬ ਵਿੱਚ ਇਸ ਵੇਲੇ 13.91 ਲੱਖ ਟਿਊਬਵੈੱਲ ਕੁਨੈਕਸ਼ਨ ਹਨ, ਜੋ 2016-17 ਵਿੱਚ 13.52 ਲੱਖ ਹੁੰਦੇ ਸਨ। 2016-17 ਵਿੱਚ ਕਿਸਾਨਾਂ ਨੂੰ ਪ੍ਰਤੀ ਕੁਨੈਕਸ਼ਨ ਔਸਤਨ 38,446 ਰੁਪਏ ਸਾਲਾਨਾ ਬਿਜਲੀ ਸਬਸਿਡੀ ਮਿਲਦੀ ਸੀ, ਜੋ ਹੁਣ ਪ੍ਰਤੀ ਕੁਨੈਕਸ਼ਨ ਸਾਲਾਨਾ ਔਸਤਨ 53,984 ਰੁਪਏ ਮਿਲ ਰਹੀ ਹੈ। 

'ਸਾਲਾਨਾ 7685 ਰੁਪਏ ਬਿਜਲੀ ਸਬਸਿਡੀ'

ਸੂਬੇ ਵਿੱਚ ਜੇਕਰ ਸੱਤ ਏਕੜ ਪਿੱਛੇ ਇੱਕ ਮੋਟਰ ਕੁਨੈਕਸ਼ਨ ਮੰਨੀਏ ਤਾਂ ਕਿਸਾਨਾਂ ਨੂੰ ਪ੍ਰਤੀ ਏਕੜ ਸਾਲਾਨਾ 7685 ਰੁਪਏ ਬਿਜਲੀ ਸਬਸਿਡੀ ਮਿਲ ਰਹੀ ਹੈ। ਪੰਜਾਬ ਸਰਕਾਰ ਨੇ 1997 ਤੋਂ ਖੇਤੀ ਮੋਟਰਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਸੂਬਾ ਸਰਕਾਰ ਕਿਸਾਨਾਂ ਨੂੰ 1,14,905 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦੇ ਚੁੱਕੀ ਹੈ। ਇਸ ਵੇਲੇ ਖੇਤੀ ਮੋਟਰਾਂ ਵਾਲੀ ਬਿਜਲੀ ਦਾ ਟੈਰਿਫ ਪ੍ਰਤੀ ਯੂਨਿਟ 5.66 ਰੁਪਏ ਹੈ। ਪਿਛਲੇ ਵਰ੍ਹੇ 2022-23 ਵਿੱਚ ਖੇਤੀ ਸੈਕਟਰ ਲਈ ਬਿਜਲੀ ਸਬਸਿਡੀ ਵਜੋਂ ਕੁੱਲ 8284 ਕਰੋੜ ਰੁਪਏ ਤਾਰੇ ਗਏ ਹਨ। 

'ਬਿਨਾਂ ਮੋਟਰ ਕੁਨੈਕਸ਼ਨ ਵਾਲੇ ਕਿਸਾਨ ਸਬਸਿਡੀ ਤੋਂ ਵਾਂਝੇ'

ਦੇਖਿਆ ਜਾਵੇ ਤਾਂ ਪੰਜਾਬ ਵਿੱਚ ਇੱਕ ਬੰਨ੍ਹੇ ਖੇਤੀ ਮੋਟਰਾਂ ਵਾਲੇ ਕਿਸਾਨਾਂ ਨੂੰ ਔਸਤਨ ਪ੍ਰਤੀ ਕੁਨੈਕਸ਼ਨ 53,984 ਰੁਪਏ ਸਾਲਾਨਾ ਬਿਜਲੀ ਸਬਸਿਡੀ ਮਿਲ ਰਹੀ ਹੈ ਅਤੇ ਦੂਸਰੇ ਪਾਸੇ ਜਿਨ੍ਹਾਂ ਕਿਸਾਨਾਂ ਕੋਲ ਮੋਟਰ ਕੁਨੈਕਸ਼ਨ ਨਹੀਂ, ਉਹ ਇਸ ਸਬਸਿਡੀ ਤੋਂ ਹੀ ਵਾਂਝੇ ਹਨ। ਚੇਤੇ ਰਹੇ ਕਿ ਪੰਜਾਬ ਸਰਕਾਰ ਵੱਲੋਂ ਇਸ ਵੇਲੇ ਖੇਤੀ ਨੀਤੀ ਤਿਆਰ ਕੀਤੀ ਜਾ ਰਹੀ ਹੈ ਅਤੇ ਛੋਟੀ ਕਿਸਾਨੀ ਦੀ ਮੰਗ ਹੈ ਕਿ ਬਿਜਲੀ ਸਬਸਿਡੀ ਤਰਕਸੰਗਤ ਬਣਾਉਣ ਨੂੰ ਵੀ ਨਵੀਂ ਖੇਤੀ ਨੀਤੀ ਦਾ ਹਿੱਸਾ ਬਣਾਇਆ ਜਾਵੇ।

ਵੱਖ-ਵੱਖ ਜ਼ਿਲ੍ਹਿਆਂ ਦੇ ਤੱਥਾਂ ’ਤੇ ਮਾਰੀਏ ਇੱਕ ਝਾਂਤ

ਹੈਰਾਨੀ ਭਰੇ ਤੱਥ ਹਨ ਕਿ ਜ਼ਿਲ੍ਹਾ ਬਰਨਾਲਾ ਵਿੱਚ 47,068 ਮੋਟਰ ਕੁਨੈਕਸ਼ਨ ਹਨ ਅਤੇ ਇਸ ਜ਼ਿਲ੍ਹੇ ਵਿਚ ਔਸਤਨ ਪ੍ਰਤੀ ਕੁਨੈਕਸ਼ਨ ਸਾਲਾਨਾ 89,556 ਰੁਪਏ ਬਿਜਲੀ ਸਬਸਿਡੀ ਮਿਲ ਰਹੀ ਹੈ, ਜੋ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ’ਤੇ ਹੈ। ਦੂਸਰੇ ਨੰਬਰ ’ਤੇ ਸੰਗਰੂਰ ਜ਼ਿਲ੍ਹੇ ਵਿੱਚ ਪ੍ਰਤੀ ਕੁਨੈਕਸ਼ਨ ਔਸਤਨ 84,428 ਰੁਪਏ ਸਾਲਾਨਾ ਬਿਜਲੀ ਸਬਸਿਡੀ ਮਿਲ ਰਹੀ ਹੈ ਅਤੇ ਇਸ ਜ਼ਿਲ੍ਹੇ ਵਿਚ ਕੁੱਲ 1,14,374 ਮੋਟਰ ਕੁਨੈਕਸ਼ਨ ਹਨ। ਤੀਸਰਾ ਨੰਬਰ ਜ਼ਿਲ੍ਹਾ ਪਟਿਆਲਾ ਦਾ ਹੈ, ਜਿੱਥੇ 89,430 ਮੋਟਰ ਕੁਨੈਕਸ਼ਨ ਹਨ ਅਤੇ ਔਸਤਨ ਪ੍ਰਤੀ ਕੁਨੈਕਸ਼ਨ ਸਾਲਾਨਾ ਸਬਸਿਡੀ 78,470 ਰੁਪਏ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ 72,535 ਮੋਟਰ ਕੁਨੈਕਸ਼ਨ ਹਨ, ਜਿਨ੍ਹਾਂ ਨੂੰ ਪ੍ਰਤੀ ਕੁਨੈਕਸ਼ਨ ਸਾਲਾਨਾ 21,324 ਰੁਪਏ ਸਬਸਿਡੀ ਮਿਲ ਰਹੀ ਹੈ ਅਤੇ ਇਸੇ ਤਰ੍ਹਾਂ ਜ਼ਿਲ੍ਹਾ ਗੁਰਦਾਸਪੁਰ ’ਚ 29,183 ਰੁਪਏ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 40,415 ਰੁਪਏ ਸਬਸਿਡੀ ਮਿਲ ਰਹੀ ਹੈ। ਔਸਤਨ ਸਬਸਿਡੀ ਦਾ ਵੀ ਜ਼ਿਲ੍ਹੇਵਾਰ ਵੱਡਾ ਪਾੜਾ ਹੈ।

'ਮਿਲਣਾ ਚਾਹੀਦਾ ਹੈ ਹਰ ਕਿਸਾਨ ਨੂੰ ਫਾਇਦਾ'

ਮਾਹਿਰ ਮੁਤਾਬਿਕ ਐੱਮਐੱਸਪੀ ’ਤੇ ਖ਼ਰੀਦੀ ਜਾਣ ਵਾਲੀ ਫ਼ਸਲ ਵਾਂਗ ਬਿਜਲੀ ਸਬਸਿਡੀ ਦਾ ਲਾਭ ਵੀ ਹਰ ਕਿਸਾਨ ਨੂੰ ਮਿਲਣਾ ਚਾਹੀਦਾ ਹੈ। ਪਤਾ ਲੱਗਿਆ ਹੈ ਕਿ ਨਵੀਂ ਖੇਤੀ ਨੀਤੀ ਵਿਚ ਇਸ ਗੱਲ ’ਤੇ ਵਿਚਾਰ-ਚਰਚਾ ਹੋ ਰਹੀ ਹੈ ਕਿ ਕਿਸਾਨਾਂ ਨੂੰ ਬਿਜਲੀ ਸਬਸਿਡੀ ਸਿੱਧੀ ਖਾਤਿਆਂ ਵਿੱਚ ਪਾ ਦਿੱਤੀ ਜਾਵੇ। 

ਮੋਟਰ ਕੁਨੈਕਸ਼ਨਾਂ ਤੋਂ ਵਾਂਝੇ ਕਿਸਾਨ ਹਨ ਪਰੇਸ਼ਾਨ-ਕਿਰਤੀ ਕਿਸਾਨ ਯੂਨੀਅਨ  

ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਧਨਾਢ ਕਿਸਾਨ ਸਬਸਿਡੀ ਦੇ ਗੱਫੇ ਲੈ ਰਹੇ ਹਨ ਅਤੇ ਮੋਟਰ ਕੁਨੈਕਸ਼ਨਾਂ ਤੋਂ ਵਾਂਝੇ ਕਿਸਾਨਾਂ ਨੂੰ ਮਹਿੰਗਾ ਡੀਜ਼ਲ ਫੂਕ ਕੇ ਫ਼ਸਲ ਪਾਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਤਰਕਸੰਗਤ ਬਣਾਏ ਜਾਣ ਦੀ ਲੋੜ ਹੈ।

ਇਹ ਵੀ ਪੜ੍ਹੋ: Weather Advisory: ਵੱਧ ਰਹੀ ਗਰਮੀ ਦੇ ਪ੍ਰਕੋਪ ਤੋਂ ਬਚਣ ਲਈ ਪੰਜਾਬ ਦੇ ਸਿਵਲ ਸਰਜਨ ਵੱਲੋਂ ਅਡਵਾਇਜ਼ਰੀ ਜਾਰੀ

Related Post