ਆਮ ਆਦਮੀ ਪਾਰਟੀ ਦੀ ਗੁੰਡਾਗਰਦੀ ਆਈ ਸਾਹਮਣੇ, PTC News ਦੇ ਕੈਮਰਾਮੈਨ ਨਾਲ ਕੀਤੀ ਕੁੱਟਮਾਰ
ਕਵਰੇਜ ਕਰ ਰਹੇ ਕੈਮਰਾਮੈਨ ਰਾਜ ਕੁਮਾਰ ਦਾ ਫੋਨ ਵੀ ਖੋਹਿਆ
PTC News cameraman beaten up: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਕਵਰੇਜ ਕਰ ਰਹੇ ptc news ਦੇ ਕੈਮਰਾਮੈਨ ਰਾਜ ਕੁਮਾਰ ਬਬਲੂ ਨਾਲ 'ਆਪ' ਆਗੂ ਨੇ ਦਿਨ ਦਿਹਾੜੇ ਸ਼ਰੇਆਮ ਕੁੱਟਮਾਰ ਕੀਤੀ। ਇਸ ਦੌਰਾਨ ਉਕਤ ਕੈਮਰਾਮੈਨ ਨੂੰ ਗਾਲਾਂ ਕੱਢੀਆਂ ਗਈਆਂ ਤੇ ਚਪੇੜਾਂ ਵੀ ਮਾਰੀਆਂ ਗਈਆਂ। ਸਿਰਫ ਇੱਥੇ ਹੀ ਬੱਸ ਨਹੀਂ ਬਲਕਿ ਉਸਦਾ ਫੋਨ ਵੀ ਖੋਹ ਲਿਆ ਗਿਆ।
ਦਰਅਸਲ ਇਹ ਕੰਮ ਮੌਜੂਦਾ ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਦੇ ਬੇਟੇ ਸਰਪ੍ਰੀਤ ਸਿੰਘ ਨੇ ਕੀਤਾ ਹੈ। ਦੱਸ ਦੇਈਏ ਕਿ ਤਲਬੀਰ ਗਿੱਲ ਦਾ ਕਰੀਬੀ ਜਤਿੰਦਰ ਸਿੰਘ ਜੋ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਪਿਛਲੇ ਕਈ ਦਿਨਾਂ ਤੋਂ ਦਾਖਲ ਸੀ। ਜਾਣਕਾਰੀ ਅਨੁਸਾਰ ਜਤਿੰਦਰ ਸਿੰਘ 'ਤੇ 307 ਸਮੇਤ ਹੋਰ ਕਈ ਮਾਮਲੇ ਦਰਜ ਹਨ ਅਤੇ ਉਹ ਪਿਛਲੇ ਕਾਫੀ ਸਮੇਂ ਤੋਂ ਭਗੋੜਾ ਚੱਲ ਰਿਹਾ ਸੀ, ਜਿਸ ਨੂੰ ਹੁਣ ਹਾਈਕੋਰਟ ਦੇ ਹੁਕਮ ਤੋਂ ਬਾਅਦ ਕੁਝ ਦਿਨ ਪਹਿਲਾਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ।
ਇਹ ਵੀ ਜਰੂਰ ਦੇਖੋ :
ਜਤਿੰਦਰ ਸਿੰਘ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਪਿਛਲੇ ਕਈ ਦਿਨਾਂ ਤੋਂ ਦਾਖਲ ਸੀ। ਜਿਥੇ ਉਸ ਨੂੰ ਪੂਰਾ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਸੀ। ਬੀਤੇ ਦਿਨ ਉਸਨੂੰ ਹਸਪਤਾਲ ਵੱਲੋਂ ਤੰਦਰੁਸਤ ਕਰਾਰ ਦੇ ਕੇ ਛੁੱਟੀ ਦੇ ਦਿੱਤੀ ਗਈ ਸੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 'ਆਪ' ਆਗੂ ਤਲਬੀਰ ਸਿੰਘ ਗਿੱਲ ਦੀ ਸ਼ੈਅ ਦੇ ਚਲਦਿਆਂ ਜਤਿੰਦਰ ਸਿੰਘ ਹਸਪਤਾਲ ਤੋਂ ਜੇਲ ਸ਼ਿਫਟ ਹੋਣ ਤੋਂ ਇਨਕਾਰ ਕਰ ਰਿਹਾ ਸੀ। ਇਸ ਦੌਰਾਨ ਅੱਜ ਸਵੇਰੇ ਜਦੋਂ ਪੁਲਿਸ ਉਸਨੂੰ ਲੈਣ ਲਈ ਹਸਪਤਾਲ ਪਹੁੰਚੀ ਤਾਂ ਉਹ ਜੇਲ੍ਹ ਜਾਣ ਤੋਂ ਇਨਕਾਰ ਕਰ ਰਿਹਾ ਸੀ। ਇਸ ਖਬਰ ਦੀ ਕਵਰੇਜ ਦੇ ਲਈ ਉੱਥੇ ਪੀਟੀਸੀ ਨਿਊਜ਼ ਦੇ ਕੈਮਰਾਮੈਨ ਰਾਜਕੁਮਾਰ ਨੂੰ ਭੇਜਿਆ ਹੋਇਆ ਸੀ, ਜੋ ਸਵੇਰ ਤੋਂ ਇਸ ਖਬਰ ਦੀ ਕਵਰੇਜ ਲਈ ਉੱਥੇ ਹੀ ਮੌਜੂਦ ਸੀ।
ਇਸ ਦੌਰਾਨ ਮੌਕੇ 'ਤੇ ਪਹੁੰਚੇ ਤਲਬੀਰ ਸਿੰਘ ਗਿੱਲ ਦੇ ਬੇਟੇ ਨੇ ਸਰਪ੍ਰੀਤ ਸਿੰਘ ਨੇ ਕੈਮਰਾਮੈਨ ਰਾਜਕੁਮਾਰ ਦੇ ਨਾਲ ਬਹੁਤ ਜਿਆਦਾ ਬਦਸਲੂਕੀ ਕੀਤੀ। ਉਸ ਨੇ ਕੈਮਰਾਮੈਨ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸਦਾ ਫੋਨ ਵੀ ਖੋਹ ਲਿਆ। ਜਿਸ ਤੋਂ ਬਾਅਦ ਉੱਥੇ ਤਣਾਅ ਦੀ ਸਥਿਤੀ ਬਣ ਗਈ। ਇਸ ਘਟਨਾ ਤੋਂ ਬਾਅਦ ਕੈਮਰਾਮੈਨ ਵਲੋਂ ਪ੍ਰਸਾਸ਼ਨ ਤੋਂ ਬਣਦੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।