Punjab Drug Report : ਪੰਜਾਬ ਦੇ 65 ਪ੍ਰਤੀਸ਼ਤ ਤੋਂ ਵੱਧ ਨੌਜਵਾਨ ਨਸ਼ੇ ਦੀ ਲਪੇਟ ਚ ! ਵਿਧਾਨ ਸਭਾ ਕਮੇਟੀ ਦੀ ਰਿਪੋਰਟ ਚ ਹੈਰਾਨੀਜਨਕ ਖੁਲਾਸੇ

Punjab Drug Report : ਕਮੇਟੀ ਨੇ ਸਥਿਤੀ ਨੂੰ ਬਹੁਤ ਗੰਭੀਰ ਕਰਾਰ ਦਿੰਦਿਆਂ ਸਰਕਾਰ ਨੂੰ ਡੀ-ਐਡੀਕਸ਼ਨ ਪ੍ਰੋਗਰਾਮ ਵਿੱਚ ਮੌਜੂਦ ਕਮੀਆਂ ਨੂੰ ਤੁਰੰਤ ਦੂਰ ਕਰਨ ਲਈ ਵਿਸਥਾਰਤ ਕਾਰਜ ਯੋਜਨਾ ਤਿਆਰ ਕਰਨ ਦੀ ਸਿਫ਼ਾਰਸ਼ ਕੀਤੀ ਹੈ ਅਤੇ ਉਸ ਦੀ ਰਿਪੋਰਟ ਕਮੇਟੀ ਅੱਗੇ ਵੀ ਪੇਸ਼ ਕਰਨ ਲਈ ਕਿਹਾ ਹੈ।

By  KRISHAN KUMAR SHARMA August 7th 2026 08:48 AM -- Updated: August 7th 2026 09:06 AM

Punjab Drug Report : ਪੰਜਾਬ ਦੇ 65 ਪ੍ਰਤੀਸ਼ਤ ਤੋਂ ਵੱਧ ਨੌਜਵਾਨ ਨਸ਼ੇ ਦੀ ਲਪੇਟ 'ਚ ਹਨ। ਜੀ ਹਾਂ, ਇਹ ਕੋਈ ਬਿਆਨ ਨਹੀਂ ਹੈ, ਸਗੋਂ ਪੰਜਾਬ ਵਿਧਾਨ ਸਭਾ ਕਮੇਟੀ ਦੇ ਹੈਰਾਨੀਜਨਕ ਅਤੇ ਚਿੰਤਾਜਨਕ ਅੰਕੜੇ ਹਨ। ਵਿਧਾਨ ਸਭਾ ਕਮੇਟੀ ਨੇ ਪੰਜਾਬ ਦੇ ਸਿਹਤ ਢਾਂਚੇ ਤੇ ਇਲਾਜ ਪ੍ਰਣਾਲੀ 'ਤੇ ਵੀ ਚਿੰਤਾ ਜਤਾਈ ਅਤੇ ਸਰਕਾਰ ਨੂੰ ਵੱਖ-ਵੱਖ ਸਿਵਲ ਹਸਪਤਾਲਾਂ 'ਚ ਮਰੀਜ਼ਾਂ ਲਈ ਬੈਡਾਂ ਦੀ ਗਿਣਤੀ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ। ਕਮੇਟੀ ਨੇ ਪੰਜਾਬ 'ਚ ਨਸ਼ਾ ਛੁਡਾਊ ਕੇਂਦਰਾਂ ਦੇ ਪ੍ਰਬੰਧਾਂ 'ਤੇ ਵੀ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਇਸ ਦੇ ਨਾਲ ਹੀ ਲੁਧਿਆਣਾ ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਦਾਖਲ ਨਾ ਕੀਤੇ ਜਾਣ 'ਤੇ ਵੀ ਸਖਤ ਟਿੱਪਣੀ ਕੀਤੀ ਹੈ। (Punjab Vidhan Sabha Drug Report)

ਪੰਜਾਬ 'ਚ 65 ਫ਼ੀਸਦੀ ਤੋਂ ਵੱਧ ਨੌਜਵਾਨ ਨਸ਼ੇ ਦੀ ਲਪੇਟ 'ਚ

ਕਮੇਟੀ ਨੇ 7 ਜੁਲਾਈ ਅਤੇ 14 ਜੁਲਾਈ 2026 ਨੂੰ ਹੋਈਆਂ ਮੀਟਿੰਗਾਂ ਦੌਰਾਨ ਡੀ-ਐਡੀਕਸ਼ਨ ਪ੍ਰੋਗਰਾਮ, OOAT ਕਲੀਨਿਕਾਂ ਅਤੇ ਨਸ਼ਾ ਛੁਡਾਉਣ ਲਈ ਵਰਤੀ ਜਾ ਰਹੀ Buprenorphine ਦਵਾਈ ਦੇ ਇਸਤੇਮਾਲ ਬਾਰੇ ਵਿਸਥਾਰ ਨਾਲ ਸਮੀਖਿਆ ਕੀਤੀ। ਰਿਪੋਰਟ ਵਿੱਚ ਚਿੰਤਾ ਜਤਾਈ ਹੈ ਕਿ ਪੰਜਾਬ ਵਿੱਚ ਨਸ਼ੇ ਦੀ ਲਪੇਟ ਵਿੱਚ 65 ਫ਼ੀਸਦੀ ਵੱਧ ਨੌਜਵਾਨ ਹਨ, ਜਿਨ੍ਹਾਂ ਦੀ ਉਮਰ 18 ਤੋਂ 35 ਸਾਲ ਦੇ ਵਿਚਕਾਰ ਹੈ।

ਕਮੇਟੀ ਨੇ ਸਥਿਤੀ ਨੂੰ ਬਹੁਤ ਗੰਭੀਰ ਕਰਾਰ ਦਿੰਦਿਆਂ ਸਰਕਾਰ ਨੂੰ ਡੀ-ਐਡੀਕਸ਼ਨ ਪ੍ਰੋਗਰਾਮ ਵਿੱਚ ਮੌਜੂਦ ਕਮੀਆਂ ਨੂੰ ਤੁਰੰਤ ਦੂਰ ਕਰਨ ਲਈ ਵਿਸਥਾਰਤ ਕਾਰਜ ਯੋਜਨਾ ਤਿਆਰ ਕਰਨ ਦੀ ਸਿਫ਼ਾਰਸ਼ ਕੀਤੀ ਹੈ ਅਤੇ ਉਸ ਦੀ ਰਿਪੋਰਟ ਕਮੇਟੀ ਅੱਗੇ ਵੀ ਪੇਸ਼ ਕਰਨ ਲਈ ਕਿਹਾ ਹੈ।

2022 ਤੋਂ Buprenorphine ਗੋਲੀਆਂ ਦੀ ਖਰੀਦ 'ਚ ਲਗਾਤਾਰ ਹੋਇਆ ਵਾਧਾ

ਰਿਪੋਰਟ ਅਨੁਸਾਰ 2022 ਤੋਂ 2026 ਤੱਕ Buprenorphine ਗੋਲੀਆਂ ਦੀ ਖਰੀਦ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸਾਲ 2022 ਵਿੱਚ 7 ਕਰੋੜ, 2023 ਵਿੱਚ 9 ਕਰੋੜ 44 ਲੱਖ, 2024 ਵਿੱਚ 10 ਕਰੋੜ, 2025 ਵਿੱਚ 11 ਕਰੋੜ ਅਤੇ 2026 ਵਿੱਚ ਹੁਣ ਤੱਕ 6 ਕਰੋੜ (2 ਮਿਲੀਗ੍ਰਾਮ) ਟੈਬਲੇਟਾਂ ਖਰੀਦੀਆਂ ਜਾ ਚੁੱਕੀਆਂ ਹਨ। ਇਹ ਦਵਾਈਆਂ ਸਰਕਾਰੀ OOAT ਕਲੀਨਿਕਾਂ ਵਿੱਚ ਸਪਲਾਈ ਕੀਤੀਆਂ ਜਾਂਦੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਨਸ਼ਿਆਂ ਵਿਰੁੱਧ ਮੁਹਿੰਮ ਕਾਰਨ ਗੈਰਕਾਨੂੰਨੀ ਡਰੱਗ ਸਪਲਾਈ ਪ੍ਰਭਾਵਿਤ ਹੋਈ, ਜਿਸ ਤੋਂ ਬਾਅਦ ਵੱਧ ਗਿਣਤੀ ਵਿੱਚ ਨਸ਼ਾ ਪੀੜਤ ਇਲਾਜ ਲਈ ਸਰਕਾਰੀ ਕੇਂਦਰਾਂ ਵਿੱਚ ਪਹੁੰਚੇ।

ਪੰਜਾਬ 'ਚ ਰਜਿਸਟਰਡ ਨਸ਼ੇ ਦੇ ਮਰੀਜ਼ਾਂ ਦੀ ਗਿਣਤੀ 3.17 ਲੱਖ ਹੋਈ

ਕਮੇਟੀ ਅੱਗੇ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ 2022 ਵਿੱਚ ਨਵੇਂ ਰਜਿਸਟਰ ਮਰੀਜ਼ਾਂ ਦੀ ਗਿਣਤੀ ਕਰੀਬ 2 ਲੱਖ ਸੀ, ਜੋ 2026 ਵਿੱਚ ਵੱਧ ਕੇ 3.17 ਲੱਖ ਦੇ ਕਰੀਬ ਹੋ ਗਈ। ਇਸ ਦੇ ਨਾਲ ਸਰਕਾਰ ਨੇ ਡੀ-ਐਡੀਕਸ਼ਨ ਸੈਂਟਰਾਂ ਵਿੱਚ ਬੈੱਡਾਂ ਦੀ ਗਿਣਤੀ ਵੀ ਵਧਾਈ ਅਤੇ ਸਰਕਾਰੀ ਹਸਪਤਾਲਾਂ, ਮੈਡੀਕਲ ਕਾਲਜਾਂ, ਨਰਸਿੰਗ ਕਾਲਜਾਂ ਅਤੇ ਕੁਝ ਐਨਜੀਓ ਹਸਪਤਾਲਾਂ ਨੂੰ ਇਸ ਮੁਹਿੰਮ ਨਾਲ ਜੋੜਿਆ, ਜਿਸ ਨਾਲ ਕਰੀਬ 2,800 ਬੈੱਡ ਉਪਲਬਧ ਕਰਵਾਏ ਗਏ।

ਪੰਜਾਬ ਸਰਕਾਰ ਕੋਲ ਨਹੀਂ ਨਸ਼ਾ ਛੱਡ ਚੁੱਕੇ ਮਰੀਜ਼ਾਂ ਦਾ ਅੰਕੜਾ

ਹਾਲਾਂਕਿ ਕਮੇਟੀ ਨੇ ਇਲਾਜ ਪ੍ਰਣਾਲੀ 'ਤੇ ਕਈ ਗੰਭੀਰ ਸਵਾਲ ਵੀ ਖੜ੍ਹੇ ਕੀਤੇ। ਕਮੇਟੀ ਨੇ ਪੁੱਛਿਆ ਕਿ 2022 ਤੋਂ ਇਲਾਜ ਸ਼ੁਰੂ ਕਰਨ ਵਾਲੇ ਕਿੰਨੇ ਮਰੀਜ਼ ਪੂਰੀ ਤਰ੍ਹਾਂ ਨਸ਼ਾ ਛੱਡ ਚੁੱਕੇ ਹਨ ਅਤੇ ਕਿੰਨੇ ਅਜੇ ਵੀ Buprenorphine ਦਵਾਈ ਲੈ ਰਹੇ ਹਨ ? ਇਸ ਦਾ ਕੋਈ ਸਪੱਸ਼ਟ ਅੰਕੜਾ ਪੇਸ਼ ਨਹੀਂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਮੁੜ ਨਸ਼ੇ ਦੀ ਲਪੇਟ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਪਛਾਣ ਯੂਰੀਨ ਟੈਸਟ, ਕਾਊਂਸਲਿੰਗ ਅਤੇ ਮੈਡੀਕਲ ਹਿਸਟਰੀ ਦੇ ਆਧਾਰ 'ਤੇ ਕੀਤੀ ਜਾਂਦੀ ਹੈ।

ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਕਿ ਕੁਝ ਮਰੀਜ਼ Buprenorphine ਗੋਲੀਆਂ ਨੂੰ ਪਾਣੀ ਵਿੱਚ ਘੋਲ ਕੇ ਇੰਜੈਕਸ਼ਨ ਰਾਹੀਂ ਵਰਤਦੇ ਹਨ, ਜਿਸ ਕਾਰਨ ਮੌਤਾਂ ਦੇ ਮਾਮਲੇ ਵੀ ਸਾਹਮਣੇ ਆਏ ਹਨ। ਕਮੇਟੀ ਨੇ ਕਿਹਾ ਕਿ ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਮੌਜੂਦਾ ਡੀ-ਐਡੀਕਸ਼ਨ ਪ੍ਰਣਾਲੀ ਵਿੱਚ ਕਾਊਂਸਲਿੰਗ, ਮੁੜ ਵਸੇਬੇ (ਰੀਹੈਬਿਲੀਟੇਸ਼ਨ) ਅਤੇ ਲੰਬੇ ਸਮੇਂ ਦੀ ਨਿਗਰਾਨੀ ਵਿੱਚ ਕਾਫ਼ੀ ਕਮੀਆਂ ਹਨ।

ਇਹ ਵੀ ਪੜ੍ਹੋ... ਲਾਲਜੀਤ ਭੁੱਲਰ ਦੇ ਪਿਤਾ ਨਹੀਂ ਮਿਲੀ ਰਾਹਤ, ਹਾਈਕੋਰਟ ਨੇ ਫੋਨ ਰਿਕਾਰਡ ਕੀਤਾ ਤਲਬ

Related Post