Surjit Patar Passes Away: ਨਹੀਂ ਰਹੇ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ, ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦੇਹਾਂਤ

ਪੰਜਾਬ ਦੇ ਮਹਾਨ ਕਵੀ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਹੈ। 79 ਸਾਲਾਂ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਲੁਧਿਆਣਾ ਵਿਖੇ ਆਖਰੀ ਸਾਹ ਲਏ ਹਨ।

By  Aarti May 11th 2024 08:28 AM -- Updated: May 11th 2024 01:53 PM

Surjit Patar Passes Away: ਪੰਜਾਬ ਦੇ  ਮਹਾਨ ਕਵੀ ਸੁਰਜੀਤ ਪਾਤਰ ਦਾ ਦੇਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ 79 ਸਾਲਾਂ ਪੰਜਾਬੀ ਦੇ ਪ੍ਰਸਿੱਧ ਕਵੀ ਸੁਰਜੀਤ ਪਾਤਰ ਨੇ ਲੁਧਿਆਣਾ ਵਿਖੇ ਆਖਰੀ ਸਾਹ ਲਏ ਹਨ। ਦੱਸ ਦਈਏ ਕਿ ਜੀਵਨ ਭਰ ਸਾਹਿਤ ਨੂੰ ਸਮਰਪਿਤ ਰਹਿਣ ਵਾਲੇ ਸੁਰਜੀਤ ਪਾਤਰ ਦਾ ਜਨਮ 14 ਜਨਵਰੀ 1941 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿੱਚ ਹੋਇਆ। ਉਨ੍ਹਾਂ ਨੂੰ ਪੰਜਾਬੀ ਸਾਹਿਤ ਅਕੈਡਮੀ ਵਰਗੇ ਕਈ ਸਨਮਾਨਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। 

ਸਾਹਿਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ

ਮਿਲੀ ਜਾਣਕਾਰੀ ਮੁਤਾਬਿਕ ਕਈ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਦੱਸ ਦਈਏ ਕਿ ਉਨ੍ਹਾਂ ਦੇ ਕਈ ਪਰਿਵਾਰਿਕ ਮੈਂਬਰ ਵਿਦੇਸ਼ ’ਚ ਹਨ ਜਿਨ੍ਹਾਂ ਦੇ ਆਉਣ ਮਗਰੋਂ ਹੀ ਉਨ੍ਹਾਂ ਦਾ ਸਸਕਾਰ ਕੀਤਾ ਜਾਵੇਗਾ। ਸ਼ਾਇਰ ਅਤੇ ਕਵੀ ਸੁਰਜੀਤ ਪਾਤਰ ਇਸ ਫ਼ਾਨੀ ਦੁਨੀਆ ਨੂੰ ਅਲਵਿਦਾ ਆਖ ਜਾਣਾ ਪੰਜਾਬੀ ਸਾਹਿਤ ਜਗਤ ਲਈ ਵੱਡਾ ਘਾਟਾ ਹੈ। 

ਸ੍ਰੀ ਅਨੰਦਪੁਰ ਸਾਹਿਬ ਦਾ ਸੀ ਸ਼ਾਇਰ ਤੇ ਕਵੀ ਦਾ ਇਹ ਸੰਬੰਧ

ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਸੰਬੰਧ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੇ ਵਿਰਾਸਤ ਏ ਖਾਲਸਾ ਨਾਲ ਵੀ ਰਿਹਾ ਹੈ। ਪਾਤਰ ਵੱਲੋ ਵਿਰਾਸਤ ਏ ਖਾਲਸਾ ਮਿਊਜ਼ੀਅਮ ਵਿਚ ਪੰਜਾਬ ਪੰਜਾਬੀਅਤ ਅਤੇ ਸਿੱਖ ਧਰਮ ਦੇ ਗੌਰਵਮਈ ਇਤਿਹਾਸ ਨੂੰ ਆਪਣੀ ਆਵਾਜ਼ ਰਾਹੀਂ ਲੋਕਾਂ ਤੱਕ ਪਹੁੰਚਾਇਆ। ਬੇਸ਼ੱਕ ਸੁਰਜੀਤ ਪਾਤਰ ਸਰੀਰਕ ਤੌਰ ’ਤੇ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਏ ਹਨ ਪਰ ਉਹਨਾਂ ਦੀ ਆਵਾਜ਼ ਰਹਿੰਦੀ ਦੁਨੀਆ ਤੱਕ ਇਸ ਵਿਸ਼ਵ ਪ੍ਰਸਿੱਧ ਮਿਊਜ਼ੀਅਮ ਵਿੱਚ ਗੂੰਜਦੀ ਰਹੇਗੀ ਤੇ ਉਹ ਆਉਂਦੀਆਂ ਨਸਲਾਂ ਨੂੰ ਆਪਣੇ ਅਮੀਰ ਵਿਰਸੇ ਆਪਣੇ ਅਮੀਰ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਰਹਿਣਗੇ। 


ਬਰਨਾਲਾ ਦੇ ਇੱਕ ਸਾਹਿਤ ਸਮਾਗਮ ’ਚ ਸ਼ਾਮਲ ਹੋਏ ਸੀ ਸੁਰਜੀਤ ਪਾਤਰ

ਮਿਲੀ ਜਾਣਕਾਰੀ ਮੁਤਾਬਿਕ ਇਸ ਦੁਖਦ ਸਮਾਚਾਰ ਤੋਂ ਪਹਿਲਾਂ ਸੁਰਜੀਤ ਪਾਤਰ ਬਰਨਾਲਾ ਦੇ ਇੱਕ ਸਾਹਿਤ ਸਮਾਗਮ ’ਚ ਸ਼ਾਮਲ ਹੋਣ ਲਈ ਗਏ ਸੀ। ਇਸ ਤੋਂ ਬਾਅਦ ਉਹ ਬਰਨਾਲਾ ਦੇ ਐਸਡੀ ਕਾਲਜ ’ਚ ਵੀ ਗਏ ਸੀ। ਜਿੱਥੇ ਉਨ੍ਹਾਂ ਨੇ ਬੈਂਡਮਿੰਟਨ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਵੀ ਕੀਤਾ। 

ਉੱਥੇ ਹੀ ਉਨ੍ਹਾਂ ਨੇ ਸਾਹਿਤ ਸਮਾਗਮ ’ਚ ਡਾਕਟਰ ਸੁਰਜੀਤ ਪਾਤਰ ਨੇ ਆਪਣੇ ਬਿਛੜ ਚੁੱਕੇ ਸਾਹਿਤਕਾਰਾਂ ਨੂੰ ਯਾਦ ਕੀਤਾ ਸੀ। ਉਨ੍ਹਾਂ ਨੇ ਪੰਜਾਬੀ ਸਾਹਿਤ ਸਭਾ ਦੁਆਰਾ ਕਰਵਾਏ ਗਏ ਸਮਾਗਮ ਦੀ ਸ਼ਲਾਘਾ ਕੀਤੀ ਸੀ। ਉੱਥੇ ਹੀ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਅਤੇ ਭਾਸ਼ਾ ਨੂੰ ਲੈ ਕੇ ਵੀ ਚਿੰਤਾ ਜਾਹਿਰ ਕੀਤੀ ਸੀ। 

13 ਮਈ ਨੂੰ ਕੀਤਾ ਜਾਵੇਗਾ ਅੰਤਿਮ ਸਸਕਾਰ 

ਦੱਸ ਦਈਏ ਕਿ ਲੁਧਿਆਣਾ ਦੇ ਆਸ਼ਾਪੁਰੀ ਦੇ ਘਰ ਦੇ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਏ ਹਨ। ਇੱਥੇ ਦੇ ਸ਼ਮਸ਼ਾਨ ਘਾਟ ਦੇ ਵਿੱਚ 13 ਮਈ ਨੂੰ  ਅੰਤਿਮ ਸਸਕਾਰ ਕੀਤਾ ਜਾਵੇਗਾ। 

ਐਸਜੀਪੀਸੀ ਦੇ ਸਾਬਕਾ ਪ੍ਰਧਾਨ ਨੇ ਪ੍ਰਗਟਾਇਆ ਦੁੱਖ

ਮਸ਼ਹੂਰ ਸ਼ਾਇਰ ਤੇ ਕਵੀ ਸੁਰਜੀਤ ਪਾਤਰ ਦੇ ਅਚਾਨਕ ਹੋਏ ਦੇਹਾਂਤ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ  ਸੁਰਜੀਤ ਪਾਤਰ ਦੇ ਅਕਾਲ ਚਲਾਣਾ ਨਾਲ ਪੰਜਾਬੀ ਜਗਤ ਨੂੰ ਵੱਡਾ ਘਾਟਾ ਪਿਆ ਹੈ। 

ਇਨ੍ਹਾਂ ਸਿਆਸੀ ਆਗੂਆਂ ਨੇ ਪ੍ਰਗਟਾਇਆ ਦੁੱਖ 

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਅਖੀਰੀ ਵਕਤ ਇਹ ਮੰਜ਼ਰ ਹੈ ਕੈਸਾ...ਕਿ ਤੂੰ ਪਰਵਾਜ਼ ਭਰਨੀ ਅੰਬਰਾਂ ਦੀ... ਮੈਂ ਏਥੇ ਹੀ ਟੁੱਟ ਕੇ ਡਿੱਗਣਾ ਹੈ..ਸੁਰਜੀਤ ਪਾਤਰ ਜੀ ਦਾ ਇਸ ਤਰਾਂ ਦੁਨੀਆ ਦੀ ਮਹਿਫ਼ਲ ਚੋਂ ਚਲੇ ਜਾਣਾ ਪੰਜਾਬ ਲਈ ਬਹੁਤ ਵੱਡਾ ਘਾਟਾ ਹੈ।  ਮੇਰੇ ਲਈ ਇਹ ਨੁਕਸਾਨ ਨਿੱਜੀ ਵੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਸ਼ਹੂਰ ਸ਼ਾਇਰ ਤੇ ਕਵੀ ਸੁਰਜੀਤ ਪਾਤਰ ਦੇ ਦੇਹਾਂਤ ’ਤੇ ਕਿਹਾ ਕਿ ਪੰਜਾਬ ਦੀ ਮਾਣ ਮੱਤੀ ਸ਼ਖਸ਼ੀਅਤ ਉੱਘੇ ਕਵੀ ਸੁਰਜੀਤ ਪਾਤਰ ਦੇ ਸਦੀਵੀਂ ਵਿਛੋੜੇ ਦੀ ਖਬਰ ਬਹੁਤ ਹੀ ਦੁਖਦਾਈ ਹੈ।

ਉਹਨਾਂ ਦੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਦੇਣ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਬੇਹੱਦ ਸ਼ਾਂਤ, ਮਿਲਣਸਾਰ ਤੇ ਨਿੱਘੇ ਸੁਭਾਅ ਦੇ ਮਾਲਕ ਸੁਰਜੀਤ ਪਾਤਰ ਜੀ ਪੰਜਾਬ ਦਾ ਮਾਣ ਸਨ, ਹਨ ਤੇ ਹਮੇਸ਼ਾ ਰਹਿਣਗੇ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਿਸ਼ ਕਰਨ।

ਇਹ ਵੀ ਪੜ੍ਹੋ: CM Arvind Kejriwal Interim Bail: 'ਮੈਂ ਕਿਹਾ ਸੀ ਕਿ ਮੈਂ ਜਲਦੀ ਆਵਾਂਗਾ, ਮੈਂ ਆ ਗਿਆ' ਅਰਵਿੰਦ ਕੇਜਰੀਵਾਲ ਨੇ ਤਿਹਾੜ ਜੇਲ੍ਹ ਤੋਂ ਬਾਹਰ ਆ ਕੇ ਕਿਹਾ...

Related Post