Amritsar News : ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਪੱਸ਼ਟੀਕਰਨ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ
Amritsar News : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅੱਜ (5 ਜਨਵਰੀ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਲਈ ਅੰਮ੍ਰਿਤਸਰ ਪਹੁੰਚੇ। ਉਹ ਨੰਗੇ ਪੈਰੀ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦੇ ਹੈਰੀਟੇਜ ਸਟ੍ਰੀਟ ਤੋਂ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਹਨ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੈ। ਸ੍ਰੀ ਅਕਾਲ ਤਖਤ ਸਾਹਿਬ ਅੱਗੇ ਉਹਨਾਂ ਦਾ ਸਿਰ ਝੁੱਕਦਾ ਹੈ
Amritsar News : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅੱਜ (5 ਜਨਵਰੀ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਲਈ ਅੰਮ੍ਰਿਤਸਰ ਪਹੁੰਚੇ। ਉਹ ਨੰਗੇ ਪੈਰੀ ਸਤਿਨਾਮੁ ਵਾਹਿਗੁਰੂ ਦਾ ਜਾਪ ਕਰਦੇ ਹੈਰੀਟੇਜ ਸਟ੍ਰੀਟ ਤੋਂ ਚੱਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਹਨ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸਿਰ ਮੱਥੇ ਪ੍ਰਵਾਨ ਹੈ। ਸ੍ਰੀ ਅਕਾਲ ਤਖਤ ਸਾਹਿਬ ਅੱਗੇ ਉਹਨਾਂ ਦਾ ਸਿਰ ਝੁੱਕਦਾ ਹੈ।
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਆਪਣਾ ਲਿਖਤੀ ਸਪੱਸ਼ਟੀਕਰਨ ਦੇਣਗੇ। ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਪਾਸੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਯਾਦਗਾਰ ਵਿੱਚ ਤਿਆਰ ਕੀਤੀਆਂ ਗਈਆਂ ਤਸਵੀਰਾਂ ਵਿੱਚ ਸਿੱਖ ਸਿਧਾਂਤਾਂ, ਮਰਿਯਾਦਾ ਅਤੇ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਸਬੰਧੀ ਸਪੱਸ਼ਟੀਕਰਨ ਮੰਗਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਸਕੱਤਰੇਤ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਯਾਦਗਾਰ ਵਿੱਚ ਬਣਾਈਆਂ ਗਈਆਂ ਕੁਝ ਤਸਵੀਰਾਂ ’ਚ ਸਿੱਖ ਸਿਧਾਂਤਾਂ, ਪਰੰਪਰਾਵਾਂ ਅਤੇ ਮਰਿਆਦਾ ਦੇ ਉਲਟ ਦ੍ਰਿਸ਼ ਦਰਸ਼ਾਏ ਗਏ ਸਨ। ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾ ਕੇ ਪੰਜ ਪਿਆਰੇ ਸਾਹਿਬਾਨ ਨੂੰ ਅੰਮ੍ਰਿਤਪਾਨ ਕਰਵਾਉਂਦੇ ਹੋਏ ਦਿਖਾਇਆ ਗਿਆ। ਇਸ ਤੋਂ ਇਲਾਵਾ ਇਨ੍ਹਾਂ ਚਿੱਤਰਾਂ ’ਚ ਅੰਮ੍ਰਿਤ ਛਕ ਰਹੇ ਸਿੰਘ ਵੀ ਮਰਿਆਦਾ ਅਨੁਸਾਰ “ਬੀਰ ਆਸਣ” ’ਚ ਨਹੀਂ ਦਿਖਾਏ ਗਏ। ਜਿਸ ਸੰਬੰਧੀ ਮੰਤਰੀ ਸੌਂਦ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ।
ਦੱਸ ਦਈਏ ਕਿ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਤੇ ਦਿਨੀ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਵੱਖ-ਵੱਖ ਮਾਮਲਿਆਂ ਉੱਤੇ ਵਿਚਾਰ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਮੇਤ ਅਹੁਦੇਦਾਰ ਅਤੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ 5 ਜਨਵਰੀ 2026 ਨੂੰ ਤਲਬ ਕੀਤਾ ਗਿਆ ਸੀ।
ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਤਲਬ
ਚੀਫ਼ ਖ਼ਾਲਸਾ ਦੀਵਾਨ ਪਾਸੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੀਤੇ ਸਮੇਂ ਹੋਏ ਆਦੇਸ਼ ਦੀ ਰੋਸ਼ਨੀ ਵਿੱਚ ਇਹ ਜਾਣਕਾਰੀ ਮੰਗੀ ਗਈ ਸੀ ਕਿ ਉਨ੍ਹਾਂ ਦੇ ਕਿਹੜੇ ਮੈਂਬਰ ਅੰਮ੍ਰਿਤਧਾਰੀ ਹਨ ਅਤੇ ਕਿਹੜੇ ਨਹੀਂ ਹਨ ਪਰ ਉਨ੍ਹਾਂ ਵੱਲੋਂ ਭੇਜੀ ਜਾਣਕਾਰੀ ਅਸਪੱਸ਼ਟ ਹੈ। ਇਸ ਸਬੰਧੀ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਨੂੰ ਯੋਗ ਸਮਾਂ ਦੇਣ ਦੇ ਬਾਵਜੂਦ ਵੀ ਸਪੱਸ਼ਟ ਜਵਾਬ ਨਹੀਂ ਪੁੱਜਾ। ਜਿਸ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨੂੰ 5 ਜਨਵਰੀ ਨੂੰ ਸਵੇਰੇ 10:30 ਵਜੇ ਨਿੱਜੀ ਤੌਰ ਅੰਮ੍ਰਿਤਧਾਰੀ ਅਤੇ ਗੈਰ ਅੰਮ੍ਰਿਤਧਾਰੀ ਮੈਂਬਰਾਂ ਦੀ ਸੂਚੀ ਲੈ ਕੇ ਪਹੁੰਚਣ ਦਾ ਆਦੇਸ਼ ਕੀਤਾ ਗਿਆ ਹੈ।