ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਹੁੰਗਾਰਾ, ਚੱਬੇਵਾਲ 'ਚ AAP ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਅਕਾਲੀ ਦਲ 'ਚ ਕੀਤੀ ਘਰ ਵਾਪਸੀ
Harminder Singh Sandhu joins Akali Dal : ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਨੇ ਅਕਾਲੀ ਦਲ 'ਚ ਸ਼ਮੂਲੀਅਤ ਕਰ ਲਈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੱਬੇਵਾਲ ਦੇ ਨੌਜਵਾਨ ਅਤੇ ਸੰਘਰਸ਼ੀ ਆਗੂ ਹਰਮਿੰਦਰ ਸਿੰਘ ਸੰਧੂ ਦਾ ਪਰਿਵਾਰ ਵਿੱਚ ਸ਼ਾਮਲ ਹੋਣ 'ਤੇ ਨਿੱਘਾ ਸਵਾਗਤ ਹੈ। ਦੱਸ ਦਈਏ ਕਿ ਸੰਧੂ ਨੇ 2022 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੱਬੇਵਾਲ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਅਤੇ ਲਗਭਗ 40,000 ਵੋਟਾਂ ਪ੍ਰਾਪਤ ਕੀਤੀਆਂ ਸਨ।
ਇਸਤੋਂ ਪਹਿਲਾਂ ਅੱਜ ਸਵੇਰੇ ਹਰਮਿੰਦਰ ਸਿੰਘ ਸੰਧੂ ਵੱਲੋਂ ਅੱਜ ਆਮ ਆਦਮੀ ਪਾਰਟੀ (AAP) ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ। ਦੱਸ ਦਈਏ ਕਿ ਹਰਮਿੰਦਰ ਸਿੰਘ ਸੰਧੂ ਨੇ ਹਲਕਾ ਚੱਬੇਵਾਲ ਤੋਂ ਐਮਐਲਏ ਦੀ ਟਿਕਟ ਚੋਣ ਵੀ ਲੜੀ ਸੀ ਪਰ ਕਾਂਗਰਸ ਦੇ ਡਾਕਟਰ ਰਾਜ ਕੁਮਾਰ ਤੋਂ ਹਾਰ ਗਏ ਸਨ, ਜਿਸ ਤੋਂ ਬਾਦ ਡਾਕਟਰ ਰਾਜ ਕੁਮਾਰ ਨੂੰ ਆਮ ਆਦਮੀ ਪਰਟੀ ਵੱਲੋਂ ਕਾਂਗਰਸ ਛੱਡ ਕੇ ਲੋਕ ਸਭਾ ਚੋਣ ਲੜਾਈ ਗਈ ਸੀ ਅਤੇ ਜ਼ਿਮਨੀ ਚੋਣ ਸਮੇਂ ਫਿਰ ਤੋਂ ਸੰਧੂ ਨੂੰ ਪਿੱਛੇ ਛੱਡ ਡਾਕਟਰ ਰਾਜ ਕੁਮਾਰ ਦੇ ਬੇਟੇ ਇਸ਼ਾਨਕ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਸੀ।
ਦੱਸ ਦਈਏ ਕਿ ਹਰਮਿੰਦਰ ਸਿੰਘ ਸੰਧੂ ਵੱਲੋਂ 2017 ਤੋਂ ਆਮ ਆਦਮੀ ਪਾਰਟੀ ਲਈ ਮਿਹਨਤ ਕੀਤੀ ਜਾ ਰਹੀ ਸੀ। ਪਾਰਟੀ ਛੱਡਣ ਦੇ ਕਾਰਨਾਂ ਪਿੱਛੇ ਉਨ੍ਹਾਂ ਵੱਲੋਂ ਮਾਣ-ਸਤਿਕਾਰ ਨਾ ਮਿਲਣਾ ਦੱਸਿਆ ਜਾ ਰਿਹਾ ਹੈ, ਕਿਉਂਕਿ ਉਹ ਨਿਰਾਸ਼ ਸਨ।
ਅਸਤੀਫਾ ਦੇਣ ਪਿੱਛੋਂ ਹੁਣ, ਸੰਧੂ ਦੀ ਅਕਾਲੀ ਦਲ ਵਿੱਚ ਘਰ ਵਾਪਸੀ ਮੰਨੀ ਜਾ ਰਹੀ ਹੈ, ਕਿਉਂਕਿ ਹਰਮਿੰਦਰ ਸੰਧੂ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਮੇ ਤੋਂ ਆਗੂ ਸਨ ਅਤੇ ਸੰਧੂ ਵੱਲੋਂ ਵੀ 2017 ਦੀ ਚੋਣ ਆਮ ਆਦਮੀ ਪਰਟੀ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਲੜੀ ਗਈ ਸੀ।
ਸ਼੍ਰੋਮਣੀ ਅਕਾਲੀ ਦਲ ਹੀ ਵਿਕਾਸ ਕਰਨ ਵਾਲੀ ਪਾਰਟੀ : ਸੰਧੂ
ਇਸ ਮੌਕੇ ਗੱਲਬਾਤ ਦੌਰਾਨ ਹਰਮਿੰਦਰ ਸੰਧੂ ਨੇ ਕਿਹਾ ਕੀ ਪੰਜਾਬ ਦੀ ਜਨਤਾ ਵਾਂਗੂ, ਉਹ ਵੀ ਇਸ ਪਾਰਟੀ ਤੋਂ ਠੱਗੀਆਂ ਮਹਿਸੂਸ ਕਰ ਰਹੇ ਹਨ, ਜਿੰਨੀ ਦਿਨ-ਰਾਤ ਮਿਹਨਤ ਉਹਨਾਂ ਇਹ ਸੋਚ ਕੇ ਕੀਤੀ ਕਿ ਨਵੀਂ ਪਾਰਟੀ ਲੋਕਾਂ ਬਾਰੇ ਸੋਚੇਗੀ, ਪਰ ਉਹਨਾਂ ਉਮੀਦਾਂ 'ਤੇ ਪਾਣੀ ਹੀ ਫੇਰ ਦਿੱਤਾ। ਜੋ ਵਿਕਾਸ ਸ਼੍ਰੋਮਣੀ ਅਕਾਲੀ ਦਲ ਵੇਲੇ ਹੋਇਆ ਉਹ ਸੋਚ ਕੇ ਘਰ ਵਾਪਸੀ ਦੀ ਆਸ ਜਾਗੀ, ਅੱਜ ਕਹਿ ਸਕਦੇ ਹਾਂ ਕਿ ਜੇਕਰ ਪੰਜਾਬ ਦੀ ਕੋਈ ਘਰ ਦੀ ਅਤੇ ਖੇਤਰੀ ਪਾਰਟੀ ਹੈ ਤਾਂ ਉਹ ਸਿਰਫ ਅਕਾਲੀ ਦਲ ਹੈ।
ਸੁਖਬੀਰ ਸਿੰਘ ਬਾਦਲ ਨੇ ਦਿੱਤੀ ਨਵੀਂ ਜ਼ਿੰਮੇਵਾਰੀ
ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੌਕੇ ਜ਼ਿਲ੍ਹਾ ਜਥੇਬੰਦੀ ਦੀ ਸਿਫਾਰਸ਼ 'ਤੇ ਹਰਮਿੰਦਰ ਸਿੰਘ ਸੰਧੂ ਨੂੰ ਚੱਬੇਵਾਲ ਵਿਧਾਨ ਸਭਾ ਸੀਟ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਅਤੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਉਹ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਣਗੇ।
- PTC NEWS