PTC News
Search
🔍 Search

ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ’ਤੇ ਲੋਕਾਂ ਦੀ ਆਵਾਜ਼ ਦਬਾਉਣ ਦੀ ਬਜਾਏ ਨਸ਼ਿਆਂ ਦੇ ਖਾਤਮੇ ਵੱਲ ਧਿਆਨ ਦੇਵੇ : SGPC

SGPC on Mansa Police : ਐਡਵੋਕੇਟ ਧਾਮੀ ਨੇ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਜਾ ਰਹੀਆਂ ਜਾਨਾਂ ਪੰਜਾਬ ਲਈ ਬੇਹੱਦ ਚਿੰਤਾਜਨਕ ਹਨ ਅਤੇ ਅਜਿਹੇ ਦੁਖਦਾਈ ਸਮੇਂ ਵਿੱਚ ਪੀੜਤ ਪਰਿਵਾਰ ਨਾਲ ਹਮਦਰਦੀ ਅਤੇ ਸੰਵੇਦਨਸ਼ੀਲਤਾ ਨਾਲ ਪੇਸ਼ ਆਉਣ ਦੀ ਬਜਾਏ ਸਰਕਾਰ ਤਾਨਾਸ਼ਾਹੀ ਕਰ ਰਹੀ ਹੈ।

By  KRISHAN KUMAR SHARMA October 28th 2026 02:20 PM -- Updated: October 28th 2026 02:23 PM

SGPC on Punjab Police Action in Mansa : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Adv Harjinder Singh Dhami) ਨੇ ਮਾਨਸਾ ਵਿਖੇ ਨਸਿਆਂ ਖ਼ਿਲਾਫ਼ ਰੋਸ਼ ਪ੍ਰਦਰਸਨ ਕਰ ਰਹੇ ਲੋਕਾਂ 'ਤੇ ਪੁਲਿਸ ਵੱਲੋਂ ਕੀਤੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਪਿੰਡ ਭੰਮੇ ਕਲਾਂ ਦੇ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਪੁਲਿਸ ਵੱਲੋਂ ਪਰਿਵਾਰ ਅਤੇ ਪਿੰਡ ਵਾਸੀਆਂ ਤੋਂ ਜਬਰੀ ਲਿਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਮਾਨਸਾ ਧਰਨੇ (Mansa Dharna) ਵਿੱਚ ਪੁਲਿਸ ਵੱਲੋਂ ਧੱਕਾ ਕਰਦਿਆਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਅਤੇ ਇਸ ਸਮੇਂ ਸਿੱਖਾਂ ਦੀਆਂ ਦਸਤਾਰਾਂ ਦੀ ਅਦਬੀ (sacrilege of turbans) ਕਰਨ ਦਾ ਵੀ ਸਖ਼ਤ ਨੋਟਿਸ ਲਿਆ ਹੈ।

'ਮਾਨਸਾ 'ਚ ਲੋਕਾਂ 'ਤੇ ਐਕਸ਼ਨ ਪੰਜਾਬ ਤੇ ਸਿੱਖ ਵਿਰੋਧੀ ਸੋਚ'

ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦੀ ਇਹ ਮਾਨਸਿਕਤਾ ਉਸ ਦੀ ਪੰਜਾਬ ਅਤੇ ਸਿੱਖ ਵਿਰੋਧੀ ਸੋਚ ਦਾ ਪ੍ਰਗਟਾਅ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਜਾ ਰਹੀਆਂ ਜਾਨਾਂ ਪੰਜਾਬ ਲਈ ਬੇਹੱਦ ਚਿੰਤਾਜਨਕ ਹਨ ਅਤੇ ਅਜਿਹੇ ਦੁਖਦਾਈ ਸਮੇਂ ਵਿੱਚ ਪੀੜਤ ਪਰਿਵਾਰ ਨਾਲ ਹਮਦਰਦੀ ਅਤੇ ਸੰਵੇਦਨਸ਼ੀਲਤਾ ਨਾਲ ਪੇਸ਼ ਆਉਣ ਦੀ ਬਜਾਏ ਸਰਕਾਰ ਤਾਨਾਸ਼ਾਹੀ ਕਰ ਰਹੀ ਹੈ।

'ਪੁਲਿਸ ਦੇ ਐਕਸ਼ਨ ਦੀ ਨਿਰਪੱਖ ਜਾਂਚ ਹੋਵੇ'

ਐਡਵੋਕੇਟ ਧਾਮੀ ਨੇ ਕਿਹਾ ਕਿ ਪੁਲਿਸ ਵੱਲੋਂ ਕੀਤੀ ਗਈ ਇਸ ਹਰਕਤ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤਾਂ ਜੋਂ ਇਹ ਸਾਹਮਣੇ ਆ ਸਕੇ ਕਿ ਇਹ ਕਾਰਵਾਈ ਕਿਸ ਦੇ ਹੁਕਮਾਂ ’ਤੇ ਕੀਤੀ ਗਈ।  ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਜੇਕਰ ਕੋਈ ਪਰਿਵਾਰ ਆਪਣੇ ਜੀਅ ਨੂੰ ਨਸ਼ਿਆਂ ਕਾਰਨ ਗੁਆ ਬੈਠਦਾ ਹੈ ਤਾਂ ਉਸ ਦੇ ਦੁੱਖ ਨੂੰ ਸਮਝਣ ਅਤੇ ਨਸ਼ਿਆਂ ਦੇ ਗੰਭੀਰ ਮੁੱਦੇ ਨੂੰ ਹੱਲ ਕਰਨ ਦੀ ਬਜਾਏ ਸਰਕਾਰ ਵੱਲੋਂ ਅਜਿਹੇ ਮਾਮਲਿਆਂ ਨੂੰ ਧੱਕੇ ਨਾਲ ਦਬਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਸੰਘਰਸ਼ ਕਰ ਰਹੇ ਲੋਕਾਂ ਦੀ ਗੱਲ ਸੁਣਨਾ ਅਤੇ ਪੰਜਾਬ ਦੀ ਜਵਾਨੀ ਨੂੰ ਇਸ ਲਾਹਨਤ ਤੋਂ ਬਚਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਪਰ ਸਰਕਾਰ ਲੋਕਾਂ ਦੀ ਅਵਾਜ਼ ਨੂੰ ਦਬਾਉਣ ਲਈ ਪੁਲਿਸ ਤੰਤਰ ਦੀ ਦੁਰਵਰਤੋਂ ਕਰ ਰਹੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦਾ ਇਹ ਤਾਨਾਸ਼ਾਹੀ ਰਵੱਈਆ ਠੀਕ ਨਹੀਂ ਹੈ ਅਤੇ ਪੰਜਾਬ ਦੇ ਲੋਕ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।

ਇਹ ਵੀ ਪੜ੍ਹੋ...ਵੀਡੀਓ ਰਾਹੀਂ ਨਸ਼ੇ ਦਾ ਵਿਰੋਧ ਕਰਨ ਵਾਲੇ CRPF ਜਵਾਨ 'ਤੇ ਪੰਜਾਬ ਪੁਲਿਸ ਨੇ ਕੀਤੀ FIR, ਦੇਖੋ ਵਾਇਰਲ Video

Related Post