Amritpal Singh: ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ ?

ਉੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਬਰਸੀ ਸਮਾਗਮ ਤੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਇਹ ਸਭ ਕੀਤਾ ਜਾ ਰਿਹਾ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਸਭ ਨੇ ਤਹਿ ਸਮੇਂ ਅਨੁਸਾਰ ਪਹੁੰਚਣਾ ਹੈ।

By  Ramandeep Kaur March 18th 2023 02:59 PM -- Updated: March 18th 2023 06:21 PM

Amritpal Singh: 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਕਾਫ਼ੀ ਮੁਸ਼ਕੱਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਮ੍ਰਿਤਪਾਲ ਨੂੰ ਜਲੰਧਰ ਜ਼ਿਲ੍ਹੇ  ਦੇ ਨਕੋਦਰ ਦੇ ਨਜ਼ਦੀਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਖ਼ਬਰ ਇਹ ਵੀ ਹੈ ਕਿ ਗ੍ਰਿਫ਼ਤਾਰੀ ਦੇ ਦੌਰਾਨ ਅੰਮ੍ਰਿਤਪਾਲ ਦੇ ਕਬਜ਼ੇ ਤੋਂ ਹਥਿਆਰ ਵੀ ਬਰਾਮਦ ਹੋਏ ਹਨ। ਇਸਦੇ ਲਈ ਪੰਜਾਬ ਪੁਲਿਸ ਨੇ ਕਈ ਜਿਲ੍ਹਿਆਂ 'ਚ ਨਾਕਾਬੰਦੀ ਵੀ ਕੀਤੀ ਗਈ ਸੀ। ਪੁਲਿਸ ਨੇ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ 6 ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਦੋ ਗੱਡੀਆਂ ਵੀ ਜ਼ਬਤ ਕੀਤੀ ਸਨ।

ਦੱਸ ਦਈਏ ਕਿ 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਸ਼ਾਹਕੋਟ ਥਾਣੇ 'ਚ ਨਜਰਬੰਦ ਕੀਤਾ ਹੋਇਆ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਪੁਲਿਸ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਨੂੰ ਸ਼ਾਹਕੋਟ ਥਾਣੇ ਲੈ ਕੇ ਆਈ ਹੈ। ਫਿਲਹਾਲ ਥਾਣੇ ਦਾ ਗੇਟ ਬੰਦ ਕੀਤਾ ਹੋਇਆ ਹੈ ਤੇ ਸਖਤੀ ਵੀ ਵਧਾਈ ਹੋਈ ਹੈ। ਅਜੇ ਤੱਕ ਪੁਲਿਸ ਗ੍ਰਿਫ਼ਤਾਰੀ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ।

ਪੰਜਾਬ ਦੀਆਂ ਕਈ ਥਾਵਾਂ 'ਤੇ ਇੰਟਰਨੈਟ ਸੇਵਾ ਠੱਪ ਕਰ ਦਿੱਤੀ ਗਈ ਹੈ। ਬਠਿੰਡਾ ਸਮੇਤ ਕਈ ਇਲਾਕਿਆਂ 'ਚ ਇੰਟਰਨੈਟ ਸੇਵਾਵਾਂ ਨੂੰ ਕੱਲ੍ਹ ਦੁਪਹਿਰ ਦੇ 12 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ। 

ਪੰਜਾਬ ਪੁਲਿਸ ਨੇ ਟਵੀਟ ਕਰਕੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਪੰਜਾਬ ਪੁਲਿਸ ਦਾ ਕਹਿਣਾ ਹੈ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੰਮ ਕਰ ਰਹੀ ਹੈ।  ਨਾਗਰਿਕਾਂ ਨੂੰ ਬੇਨਤੀ ਹੈ ਕਿ ਉਹ ਘਬਰਾਉਣ ਨਾ ਅਤੇ ਜਾਅਲੀ ਖ਼ਬਰਾਂ ਜਾਂ ਨਫ਼ਰਤ ਭਰੇ ਭਾਸ਼ਣ ਨਾ ਫੈਲਾਉਣ।

ਅੰਮ੍ਰਿਤਪਾਲ 'ਤੇ NSA ਲਈ  ਲੀਗਲ ਰਾਏ ਲਾਈ ਜਾ ਰਹੀ ਹੈ, ਸੂਤਰਾਂ ਮੁਤਾਬਿਕ 37 ਬੰਦੇ ਸਨ ਪੁਲਿਸ ਦੀ ਰਾਡਾਰ 'ਤੇ ਸਨ ਜਿਨ੍ਹਾਂ ਵਿੱਚੋਂ 6 ਨੂੰ ਹਿਰਾਸਤ 'ਚ ਲਿਆ ਗਿਆ ਹੈ। 

ਦੱਸ ਦਈਏ ਕਿ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਸੀਆਰਪੀਐਫ ਦੀਆਂ ਟੁੱਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ।ਜਲੰਧਰ, ਪਟਿਆਲਾ ਅਤੇ ਲੁਧਿਆਣਾ 'ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਭਾਈ ਅੰਮ੍ਰਿਤਪਾਲ ਸਿੰਘ ਦੇ ਐਨਕਾਊਂਟਰ ਸਬੰਧੀ ਉੱਡ ਰਹੀਆਂ ਅਫ਼ਵਾਹਾਂ ਝੂਠੀਆਂ ਹਨ। ਭਾਈ ਅੰਮ੍ਰਿਤਪਾਲ ਸਿੰਘ ਬਿਲਕੁਲ ਠੀਕ ਹਨ। ਪੁਲਿਸ ਵੱਲੋਂ 3 ਸਾਥੀਆਂ ਸਮੇਤ ਹਿਰਾਸਤ 'ਚ ਲਿਆ ਗਿਆ।

ਉਥੇ ਹੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ  ਫੇਸਬੁੱਕ ਤੇ ਪੋਸਟ ਕੀਤੀ  ਹੈ ਉਨ੍ਹਾਂ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਗੁਰੂ ਦੇ ਸੱਚੇ ਸਿੱਖ ਭੱਜਦੇ ਨਹੀਂ ਹੁੰਦੇ। ਚਾਹੇ ਮਜਬੂਰੀ ਵੱਸ ਹੀ ਪੰਜਾਬ ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਮੂਹ ਪੰਜਾਬੀਆਂ ਨੂੰ ਬੇਨਤੀ ਹੈ ਕਿ ਸ਼ਾਂਤੀ ਬਣਾਈ ਰੱਖੋ।

ਦੱਸ ਦਈਏ ਕਿ ਪੰਜਾਬ ਦੇ ਕਈ ਹਿੱਸਿਆ ਵਿਚ ਧਾਰਾਵਾਂ ਲਗਾਈਆਂ ਜਾ ਰਹੀਆਂ ਹਨ। ਸ੍ਰੀ ਮੁਕਤਸਰ ਸਾਹਿਬ 'ਚ ਧਾਰਾ 144 ਲਗਾ ਦਿੱਤੀ ਗਈ ਹੈ ਤਾਂ ਜੋ ਮਾਹੌਲ ਤਣਾਅਪੂਰਣ ਨਾ ਬਣੇ। ਸ੍ਰੀ ਮੁਕਤਸਰ ਸਾਹਿਬ ਤੋਂ ਬਾਅਦ ਫਾਜ਼ਿਲਕਾ ਦੇ ਵਿਚ ਵੀ ਧਾਰਾ 144 ਲਗਾ ਦਿੱਤੀ ਗਈ ਹੈ, ਜੋ ਕਿ 31 ਮਾਰਚ ਤੱਕ ਵਰਕਰਾਰ ਰਹੇਗੀ।

ਦੱਸ ਦਈਏ ਕਿ ਭਦੌੜ 'ਚ ਸਿਖ ਸੰਗਤ ਵੱਲੋਂ ਧਰਨਾ ਲਗਾਇਆ ਗਿਆ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਹੋਣ ਤੱਕ ਧਰਨਾ ਦੇਣ ਦੀ ਕਰ ਕੀਤੀ ਜਾ ਰਹੀ ਹੈ।

ਵਿਰੋਧੀਆਂ ਵੱਲੋਂ ਕਿਹਾ ਇਹ ਵੀ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਬਰਸੀ ਤੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਕੀਤੀ ਗਈ ਗਈ ਹੈ। 

ਉਥੇ ਹੀ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ 'ਵਾਰਿਸ ਪੰਜਾਬ ਦੇ' ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਜਿਹੜਾ ਸਿੱਖੀ ਸਰੂਪ ਲੋਕਾਂ ਨੂੰ ਦਿਖਾਉਂਦਾ ਸੀ, ਕਦੇ ਸਿੱਖ ਵੀ ਭੱਜਦਾ ਹੈ? ਪੁਲਸ ਅੰਮ੍ਰਿਤਪਾਲ ਦੇ ਪਿੱਛੇ ਸੀ ਅਤੇ ਉਹ ਗਿੱਦੜਾਂ ਵਾਂਗ ਭੱਜਿਆ ਹੈ, ਕਦੇ ਕਿਸੇ ਗਲੀ 'ਚ ਵੜਿਆ, ਕਦੇ ਕਿਸੇ ਗੱਡੀ 'ਚ ਭੱਜਿਆ।

ਉਨ੍ਹਾਂ ਨੇ ਕਿਹਾ ਕਿ ਜੇਕਰ ਅੰਮ੍ਰਿਤਪਾਲ 'ਚ ਹਿੰਮਤ ਹੁੰਦੀ ਤਾਂ ਪੁਲਸ ਨੂੰ ਕਹਿੰਦਾ ਕਿ ਉਸ ਨੂੰ ਗ੍ਰਿਫ਼ਤਾਰ ਕਰ ਲਓ ਅਤੇ ਜੋ ਕਰਨਾ ਹੈ ਕਰ ਲਓ। ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਕਹਿੰਦਾ ਹੁੰਦਾ ਸੀ ਕਿ ਅੰਮ੍ਰਿਤਪਾਲ ਸਿਰਫ ਨੌਜਵਾਨਾਂ ਨੂੰ ਗੁੰਮਰਾਹ ਕਰਨ ਅਤੇ ਮਾਵਾਂ ਦੇ ਪੁੱਤਰਾਂ ਨੂੰ ਮਰਵਾਉਣ ਆਇਆ ਹੈ।

ਅੱਜ ਜਦੋਂ ਪੁਲਸ ਨੇ ਘੇਰਾ ਪਾਇਆ ਤਾਂ ਸਾਥੀਆਂ ਸਮੇਤ ਅੰਮ੍ਰਿਤਪਾਲ ਭੱਜਦਾ ਦਿਖਾਈ ਦਿੱਤਾ। ਉਨ੍ਹਾਂ ਕਿਹਾ ਕਿ ਆਹ ਅੰਮ੍ਰਿਤਪਾਲ ਹੈ, ਜਿਹੜਾ ਲੋਕਾਂ ਨੂੰ ਕਹਿੰਦਾ ਸੀ ਕਿ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਾ ਹਾਂ ਅਤੇ ਪਹਿਲੀ ਗੋਲੀ ਮੈਂ ਖਾਵਾਂਗਾ। ਉਨ੍ਹਾਂ ਕਿਹਾ ਕਿ ਇਹ ਗੋਲੀ ਖਾਣ ਵਾਲਾ ਸ਼ੇਰ ਦੇਖ ਲਓ, ਅੱਜ ਪੁਲਸ ਉਸ ਦੇ ਪਿੱਛੇ-ਪਿੱਛੇ ਭੱਜੀ ਹੈ।

ਬਠਿੰਡੇ ਦੇ ਚਉਕੇ ਪਿੰਡ 'ਚ ਅੰਮ੍ਰਿਤਪਾਲ ਦਾ ਸਮਾਗਮ ਹੋਣਾ ਸੀ ਜਿਸ ਤੋਂ ਬਾਅਦ ਉਸਨੇ ਬਰਨਾਲੇ ਦੇ ਭਦੌਰ ਜਾਣਾ ਸੀ ਪਰ ਪੁਲਿਸ ਨੇ ਉਸਨੂੰ ਸ਼ਾਹਕੋਟ 'ਚ ਹੀ ਘੇਰਾ ਪਾਇਆ ਹੋਇਆ ਹੈ। ਪੁਲਿਸ ਨੇ ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਵੀ ਹਿਰਾਸਤ 'ਚ ਲਿਆ ਹੋਇਆ ਹੈ ਅਤੇ ਕੁਝ ਵਾਹਨਾਂ ਨੂੰ ਵੀ ਜ਼ਬਤ ਕੀਤਾ ਗਿਆ। ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਣ ਲਈ ਚਲਾਏ ਜਾ ਰਹੇ ਆਪਰੇਸ਼ਨ ਨੂੰ ਜਲੰਧਰ ਰੇਂਜ ਦੇ ਡੀਆਈਜੀ ਸਵਪਨ ਸ਼ਰਮਾ ਲੀਡ ਕਰ ਰਹੇ ਹਨ।

ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਵੱਡੀ ਗਿਣਤੀ ਵਿਚ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਿੰਡ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ ਤਾਂ ਕੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਕੌਮੀ ਇਨਸਾਫ ਮੋਰਚੇ ਵੱਲੋਂ ਮੁਹਾਲੀ 'ਚ ਮਾਹੌਲ ਗਰਮਾ ਗਿਆ ਹੈ। ਨਿਹੰਗ ਸਿੰਘਾਂ ਵੱਲੋਂ ਸੜਕ ਤੇ ਆ ਕੇ ਜ਼ੌਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਹੱਥਾਂ ਵਿਚ ਸ਼ਸ਼ਤਰ ਫੜ੍ਹ ਕੇ ਨਿਹੰਗ ਸਿੰਘਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਥਾਂ-ਥਾਂ ਧਰਨੇ ਲਗਾਏ ਜਾ ਰਹੇ ਹਨ। ਜਿਨ੍ਹਾਂ ਵੱਲੋਂ ਧਰਨੇ ਪ੍ਰਦਰਸ਼ਨ ਲਗਾ ਕੇ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਨਿਹੰਗ ਸਿੰਘ ਆਪਣੇ ਸਸਤਰ ਲੈ ਕੇ ਧਰਨੇ ਵਾਲੀਆਂ ਥਾਵਾਂ ਤੇ ਪਹੁੰਚਣੇ ਸ਼ੁਰੂ ਹੋ ਗਏ ਹਨ।
ਪੰਜਾਬ ਪੁਲਿਸ ਤੇ ਇਹ ਵੀ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਅਜੇ ਤੱਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਅਜੇ ਤੱਕ ਕੋਈ ਜਾਣਕਾਰੀ ਕਿਉਂ ਨਹੀਂ ਦਿੱਤੀ ਗਈ।

ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ  ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਪੁਲਿਸ ਦੇ ਇਸ ਕਦਮ ਦੀ ਸ਼ਲਾਗਾ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ 'ਦੇਰ ਨਾਲ ਸਹੀ ਪਰ ਮੈਂ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦਾ ਸਵਾਗਤ ਕਰਦਾ ਹਾਂ। ਸਾਰੇ ਪੰਜਾਬੀਆਂ ਨੂੰ ਮੇਰੀ ਅਪੀਲ ਹੈ ਕਿ ਸ਼ਾਂਤੀ ਬਣਾ ਕੇ ਰੱਖੋ ਅਤੇ ਅਫਵਾਹਾਂ 'ਤੇ ਭਰੋਸਾ ਨਾ ਕਰੋ।

ਦੱਸ ਦਈਏ ਕਿ ਭਾਈ ਅੰਮ੍ਰਿਤਪਾਲ ਦੇ ਸਾਥੀਆਂ ਦੇ ਸੋਸ਼ਲ ਮੀਡੀਆ ਅਕਾਊਂਟ ਸਸਪੈਂਡ ਕਰ ਦਿੱਤੇ ਗਏ ਹਨ।

ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਸਾਹਿਬ ਵਿਚ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਹਲਕੀ ਹੱਥੋਪਾਈ ਵੀ ਹੋਈ ਹੈ। ਕੌਮੀ ਇਨਸਾਫ ਮੋਰਚੇ ਤੋਂ ਆਏ ਨਿਹੰਗ ਸਿੰਘਾਂ ਨੇ ਵੱਲੋਂ ਸੋਹਾਣਾ ਚੌਂਕ ਤੇ ਧਰਨਾ ਲਗਾਇਆ ਗਿਆ ਹੈ। 

ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ 'ਆਪ' ਸਾਂਸਦ ਸੰਜੇ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਨੂੰਨ ਵਿਵਸਥਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕੀ ਪੰਜਾਬ ਪੁਲਿਸ ਹੀ ਉਨ੍ਹਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਆਧਿਕਾਰਿਕ ਬਿਆਨ ਜਾਰੀ ਕਰੇਗੀ। ਹਾਲੇ ਆਪਰੇਸ਼ਨ ਜਾਰੀ ਹੈ,  ਬਿਆਨ ਦੇਣਾ ਸਹੀ ਨਹੀਂ ਰਹੇਗਾ। 

ਉੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਬਰਸੀ ਸਮਾਗਮ ਤੋਂ ਲੋਕਾਂ ਦਾ ਧਿਆਨ ਭੜਕਾਉਣ ਲਈ ਇਹ ਸਭ ਕੀਤਾ ਜਾ ਰਿਹਾ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਸਭ ਨੇ ਤਹਿ ਸਮੇਂ ਅਨੁਸਾਰ ਪਹੁੰਚਣਾ ਹੈ।

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦਾ ਲਗਾਤਾਰ ਪਿੱਛਾ ਕੀਤਾ ਜਾ ਰਿਹਾ ਹੈ। ਅੰਮ੍ਰਿਤਪਾਲ ਸਿੰਘ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਅੰਮ੍ਰਿਤਪਾਲ ਸਿੰਘ ਦੇ ਕਾਫਲੇ ਦੇ ਪਿੱਛੇ ਸਵੇਰ ਤੋਂ ਹੀ ਭਾਰੀ ਪੁਲਿਸ ਫੋਰਸ ਤਾਇਨਾਤ ਸੀ। ਦੂਜੇ ਪਾਸੇ ਜਦੋਂ ਇਹ ਕਾਫ਼ਲਾ ਮਹਿਤਪੁਰ ਨੇੜੇ ਪੁੱਜਾ ਤਾਂ ਪੁਲਿਸ ਨੇ ਇਸ ਨੂੰ ਘੇਰ ਲਿਆ ਅਤੇ ਦੋ ਗੱਡੀਆਂ ਵਿੱਚ ਸਵਾਰ ਇਸ ਦੇ ਛੇ ਸਾਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਅੰਮ੍ਰਿਤਪਾਲ ਸਿੰਘ ਆਪਣੀ ਮਰਸਡੀਜ਼ ਕਾਰ ਵਿੱਚ ਫਰਾਰ ਹੋ ਗਿਆ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਹਨ।

ਦੱਸ ਦੇਈਏ ਕਿ ਪੁਲਿਸ ਨੇ ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਿੰਦਰ ਸਿੰਘ ਦੇ ਖਿਲਾਫ ਕਾਰਵਾਈ ਕੀਤੀ ਸੀ। ਗੁਰਿੰਦਰ ਸਿੰਘ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਦੇਸ਼ ਛੱਡਣ ਜਾ ਰਿਹਾ ਸੀ। ਇਸ ਤੋਂ ਪਹਿਲਾਂ ਉਸ ਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਗੁਰਿੰਦਰ ਸਿੰਘ ਗੁਰੂ ਰਾਮਦਾਸ ਏਅਰਪੋਰਟ ਤੋਂ ਲੰਡਨ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਖਿਲਾਫ ਕਾਰਵਾਈ ਕਰਦੇ ਹੋਏ ਪੰਜਾਬ ਪੁਲਸ ਨੇ ਉਸਦੇ 9 ਸਾਥੀਆਂ ਦੇ ਅਸਲਾ ਲਾਇਸੈਂਸ ਪਹਿਲਾਂ ਹੀ ਰੱਦ ਕਰ ਦਿੱਤੇ ਹਨ। ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਹਥਿਆਰਾਂ ਦੇ ਲਾਇਸੈਂਸ ਦਿੱਤੇ ਗਏ ਸਨ, ਜੋ ਸਵੈ-ਰੱਖਿਆ ਲਈ ਸਨ। ਕਿਸੇ ਦੀ ਨਿੱਜੀ ਸੁਰੱਖਿਆ ਲਈ ਨਹੀਂ।

ਇਹ ਵੀ ਪੜ੍ਹੋ: Soda Factory: ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਸੋਡਾ ਬਣਾਉਣ ਵਾਲੀ ਫੈਕਟਰੀ 'ਤੇ 1 ਕਰੋੜ ਦਾ ਜੁਰਮਾਨਾ


Related Post