ਅੰਤਰ-ਰਾਜੀ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼, 10 ਕਿੱਲੋ ਅਫੀਮ ਸਣੇ 2 ਕਾਬੂ

By  KRISHAN KUMAR SHARMA January 1st 2024 04:55 PM

Punjab Police busted inter state drug smuggling racket: ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਦੋ ਅਹਿਮ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਅੰਤਰ-ਰਾਜੀ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ, ਉਨ੍ਹਾਂ ਦੇ ਕਬਜ਼ੇ 'ਚੋਂ 10 ਕਿਲੋ ਅਫੀਮ ਬਰਾਮਦ ਹੋਈ ਹੈ।

ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ ਪਿਸ਼ੌਰਾ ਸਿੰਘ ਅਤੇ ਅਰਜੋਧ ਸਿੰਘ ਉਰਫ ਜੋਧਾ ਦੋਵੇਂ ਵਾਸੀ ਪਿੰਡ ਬੋਪਾਰਾਏ ਮਡਲ, ਥਾਣਾ ਸਦਰ ਪੱਟੀ, ਤਰਨਤਾਰਨ ਵਜੋਂ ਕੀਤੀ ਹੈ। ਪੁਲਿਸ ਟੀਮਾਂ ਨੇ ਅਫੀਮ ਜ਼ਬਤ ਕਰਨ ਤੋਂ ਇਲਾਵਾ ਉਸ ਦੀ ਸਵਿਫਟ ਕਾਰ (PB04 V 1299) ਨੂੰ ਵੀ ਜ਼ਬਤ ਕਰ ਲਿਆ ਹੈ, ਜਿਸ ਵਿਚ ਉਹ ਅਫੀਮ ਦੀ ਖੇਪ ਸਪਲਾਈ ਕਰਨ ਜਾ ਰਹੇ ਸਨ।

ਆਰੋਪੀਆਂ ਨੇ ਮਨੀਪੁਰ ਦੇ ਇੱਕ ਵਿਅਕਤੀ ਤੋਂ ਖਰੀਦੀ ਸੀ ਅਫੀਮ

ਸੀਪੀ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਇੰਫਾਲ, ਮਨੀਪੁਰ ਵਿੱਚ ਇੱਕ ਵਿਅਕਤੀ ਤੋਂ ਅਫੀਮ ਖਰੀਦੀ ਹੈ ਅਤੇ ਉਹ ਕਿਸੇ ਨੂੰ ਪਹੁੰਚਾਉਣ ਜਾ ਰਹੇ ਹਨ, ਜਿਸ 'ਤੇ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ-3 ਦੀ ਪੁਲਿਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਦੋਵਾਂ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ, ਜਦੋਂ ਉਹ ਅਫੀਮ ਦੀ ਖੇਪ ਪਹੁੰਚਾਉਣ ਲਈ ਕਿਸੇ ਦੀ ਉਡੀਕ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਉਨ੍ਹਾਂ ਨੇ ਇੰਫਾਲ, ਮਨੀਪੁਰ ਦੇ ਇੱਕ ਵਿਅਕਤੀ ਤੋਂ ਅਫੀਮ ਖਰੀਦੀ ਹੈ।

ਮੁਲਜ਼ਮਾਂ ਦੇ ਨੈਟਵਰਕ ਦੀ ਕੀਤੀ ਜਾ ਰਹੀ ਜਾਂਚ

ਉਨ੍ਹਾਂ ਦੱਸਿਆ ਕਿ ਬੈਕਵਰਡ ਅਤੇ ਫਾਰਵਰਡ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਗ੍ਰਿਫਤਾਰ ਕੀਤੇ ਗਏ ਪਿਸ਼ੌਰਾ ਸਿੰਘ ਤੇ ਪਹਿਲਾ ਤੋ ਹੀ ਨਸ਼ੇ ਦੇ ਦੋ ਮੁਕਦਮੇ ਜਿਲ੍ਹਾ ਤਰਨ ਤਾਰਨ ਵਿੱਚ ਦਰਜ ਹਨ।

Related Post