Punjab Bandh : ਅੰਮ੍ਰਿਤਸਰ ਚ ਪੰਜਾਬ ਬੰਦ ਦੌਰਾਨ ਵੱਡਾ ਹਾਦਸਾ, ਪੰਜਾਬ ਪੁਲਿਸ ਦੇ ਮੁਲਾਜ਼ਮ ਦੀ ਮੌਤ
Punjab Bandh : ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਆਵਾਜਾਈ ਰੋਕਣ ਲਈ ਪੁਲ 'ਤੇ ਲਾਏ ਰੱਸੇ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਡਿਊਟੀ ਖਤਮ ਹੋਣ ਤੋਂ ਬਾਅਦ ਘਰ ਜਾ ਰਿਹਾ ਸੀ।
Punjab Band : ਸਫ਼ਾਈ ਕਾਮਿਆਂ ਵੱਲੋਂ 'ਪੰਜਾਬ ਬੰਦ' ਦੇ ਸੱਦੇ ਨੂੰ ਪੰਜਾਬ ਭਰ 'ਚ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ ਹੈ, ਪਰ ਇਸ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਅੰਮ੍ਰਿਤਸਰ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ (Punjab Police) ਦੇ ਇੱਕ ਮੁਲਾਜ਼ਮ ਦੀ ਆਵਾਜਾਈ ਰੋਕਣ ਲਈ ਪੁਲ 'ਤੇ ਲਾਏ ਰੱਸੇ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਡਿਊਟੀ ਖਤਮ ਹੋਣ ਤੋਂ ਬਾਅਦ ਘਰ ਜਾ ਰਿਹਾ ਸੀ।
ਘਰ ਜਾ ਰਿਹਾ ਸੀ ਰਣਬੀਰ ਸਿੰਘ (Constable Ranbir Singh Death)
ਜਾਣਕਾਰੀ ਅਨੁਸਾਰ, ਪੰਜਾਬ ਪੁਲਿਸ ਦਾ ਹੈੱਡ ਕਾਂਸਟੇਬਲ ਰਣਬੀਰ ਸਿੰਘ, ਜੋ ਕਿ ਏਆਰਪੀ (ARP) ਵਿੱਚ ਤਾਇਨਾਤ ਸਨ ਅਤੇ ਬਟਾਲਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ, ਡਿਊਟੀ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਹੇ ਸਨ।
ਭੰਡਾਰੀ ਪੁਲ 'ਤੇ ਆਵਾਜਾਈ ਰੋਕਣ ਲਈ ਲਾਇਆ ਹੋਇਆ ਸੀ ਰੱਸਾ
ਵਾਲਮੀਕੀ ਸਮਾਜ ਦੇ ਰੋਸ ਪ੍ਰਦਰਸ਼ਨ ਕਾਰਨ ਭੰਡਾਰੀ ਪੁਲ 'ਤੇ ਆਵਾਜਾਈ ਰੋਕਣ ਲਈ ਰੱਸਾ ਬੰਨ੍ਹਿਆ ਗਿਆ ਸੀ। ਐਕਟਿਵਾ 'ਤੇ ਸਵਾਰ ਰਣਬੀਰ ਸਿੰਘ ਨੂੰ ਇਹ ਰੱਸਾ ਨਜ਼ਰ ਨਾ ਆਇਆ ਅਤੇ ਰੱਸਾ ਉਨ੍ਹਾਂ ਦੀ ਗਰਦਨ ਨਾਲ ਟਕਰਾ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ।
ਹਾਦਸੇ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਪਹਿਲਾਂ ਉਨ੍ਹਾਂ ਨੂੰ ਘਰੋਂ ਫੋਨ ਆਇਆ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਸੱਟ ਲੱਗੀ ਹੈ, ਜਿਸ ਕਾਰਨ ਉਹ ਚਿੰਤਤ ਹੋ ਕੇ ਜਲਦੀ ਘਰ ਜਾ ਰਹੇ ਸਨ।
ਘਟਨਾ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਸਾਰੇ ਪੱਖਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਸਫਾਈ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਅਤੇ ਬਰਨਾਲਾ ਲਾਠੀਚਾਰਜ ਦੇ ਖਿਲਾਫ਼ 30 ਜੁਲਾਈ ਦੇ 'ਪੰਜਾਬ ਬੰਦ' ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੌਰਾਨ ਪੰਜਾਬ ਭਰ 'ਚ ਆਵਾਜਾਈ ਰੋਕਣ ਲਈ ਸਫਾਈ ਸੇਵਕਾਂ ਵੱਲੋਂ ਵੱਖ ਵੱਖ ਢੰਗ ਅਪਣਾਏ ਗਏ ਸਨ।
ਇਹ ਵੀ ਪੜ੍ਹੋ... 'ਆਪ' ਸਾਂਸਦ ਨੇ ਸਰਕਾਰ ਨੂੰ ਪਾਇਆ ਨਵਾਂ ਵਖ਼ਤ, 'ਆਪਣਾ ਪਿੰਡ ਸੰਭਾਲੋ' ਮੁਹਿੰਮ ਕੀਤੀ ਸ਼ੁਰੂ