ਸਫਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਦਾ ਝੂਠ ਬੋਲ ਕੇ ਪੰਜਾਬੀਆਂ ਨੂੰ ਗੁੰਮਰਾਹ ਨਾ ਕਰੇ ਆਪ ਸਰਕਾਰ : ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਮਿਉਂਸਪਲ ਵਰਕਰਾਂ ਦੀ ਹੜਤਾਲ ਖਤਮ ਕਰਨ ਦੇ ਮਾਮਲੇ ’ਤੇ ਕੀਤੇ ਦਾਅਵੇ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਜਦੋਂ ਹੜਤਾਲ ਜਾਰੀ ਹੈ ਤੇ ਪੰਜਾਬੀ ਇਸਦੀ ਮਾਰ ਝੱਲ ਰਹੇ ਹਨ ਤਾਂ ਆਪ ਸਰਕਾਰ ਸਫਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮ ਸਾਬਤ ਹੋਈ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਨੂੰ ਸਥਾਨਕ ਸਰਕਾਰ ਮੰਤਰੀ ਹਰਜੋਤ ਬੈਂਸ ਦੇ ਹਲਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਰਿਪੋਰਟ ਪ੍ਰਾਪਤ ਹੋਈ ਹੈ ਕਿ ਨੰਗਲ ਤੇ ਰੋਪੜ ਵਿਚ ਵੀ ਸਫਾਈ ਮੁਲਾਜ਼ਮ ਹੜਤਾਲ ’ਤੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਮਿਉਂਸਪਲ ਚੋਣਾਂ ਨੂੰ ਵੇਖਦਿਆਂ ਸਫਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਤੇ ਜਿਵੇਂ ਬਰਨਾਲਾ ਵਿਚ ਤਾਕਤ ਦੀ ਵਰਤੋਂ ਕੀਤੀ,ਇਹ ਨਹੀਂ ਕਰਨੀ ਚਾਹੀਦੀ।
ਉਹਨਾਂ ਨੇ ਮਹਿਲਾ ਸਫਾਈ ਸੇਵਕਾਂ ’ਤੇ ਹੋਏ ਹਮਲੇ ਲਈ ਜ਼ਿੰਮੇਵਾਰ ਪੁਲਿਸ ਅਫਸਰਾਂ ’ਤੇ ਕੇਸ ਦਰਜ ਕਰਨ ਦੀ ਵੀ ਮੰਗ ਕੀਤੀ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਡਾਕਟਰਾਂ, ਫਾਰਮਾਸਿਸਟਾਂ, ਕਲੀਨਿਕਲ ਸਟਾਫ ਤੇ ਪੰਜਾਬ ਮੁਹੱਲਾ ਕਲੀਨਿਕ ਦੇ ਸਟਾਫ ਦੀ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਦੀ ਹਮਾਇਤ ਕਰਦਾ ਹੈ।
ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਬਣਾਏ ਮੁਹੱਲਾ ਕਲੀਨਿਕ ਦੇ ਮਾਡਲ ਕਾਰਨ ਨਾ ਸਿਰਫ ਸਬ ਹੈਲਥ ਸੈਂਟਰ ਤੇ ਪ੍ਰਾਇਮਰੀ ਹੈਲਥ ਸੈਟਰ ਵਰਗੇ ਅਦਾਰੇ ਕਮਜ਼ੋਰ ਹੋਏ ਹਨ ਬਲਕਿ ਇਸ ਨਾਲ ਹਜ਼ਾਰਾਂ ਡਾਕਟਰ ਤੇ ਪੈਰਾਮੈਡੀਕਲ ਸਟਾਫ ਵੀ ਨੌਕਰੀ ਸੁਰੱਖਿਆ ਤੋਂ ਵਾਂਝਾ ਰਹਿ ਗਿਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸਿਹਤ ਢਾਂਚੇ ਨੁੰ ਮਜ਼ਬੂਤ ਕਰਨ ਦੀ ਥਾਂ ਸਕਰਾ ਸਿਆਸੀ ਬ੍ਰਾਂਡਿੰਗ ਤੇ ਪਬਲੀਸਿਟੀ ਵਿਚ ਲੱਗੀ ਹੋਈ ਹੈ।
- PTC NEWS