Sangrur : ਸੰਗਰੂਰ ਚ ਕਿਸਾਨਾਂ ਵੱਲੋਂ CM ਮਾਨ ਦਾ ਤਿੱਖਾ ਵਿਰੋਧ, ਪੁਲਿਸ ਨੇ ਹਿਰਾਸਤ ਚ ਲਿਆ

Sangrur News : ਕਿਸਾਨ ਜਦੋ-ਜਹਿਦ ਕਰਦੇ ਹੋਏ ਪੁਲਿਸ ਨਾਕਾ ਤੋੜ ਕੇ ਖੇਤਾਂ ਵਿਚਦੀ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਵਧਣ ਲੱਗੇ ਤਾਂ ਪੁਲਿਸ ਨੂੰ ਵੀ ਖੇਤਾਂ ਵਿੱਚ ਕਿਸਾਨਾਂ ਪਿੱਛੇ ਰੇਸ ਲਗਾਉਣੀ ਪਈ ਤੇ ਭਾਰੀ ਮਸ਼ੱਕਤ ਬਾਅਦ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।

By  KRISHAN KUMAR SHARMA April 30th 2026 08:16 PM -- Updated: April 30th 2026 08:21 PM

Sangrur Farmer Protest : ਸੰਗਰੂਰ ਦੇ ਵੱਖ-ਵੱਖ ਪਿੰਡਾਂ 'ਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ (CM Mann) ਨੂੰ ਬੀਕੇਯੂ ਏਕਤਾ ਸਿੱਧੂਪੁਰ ਵੱਲੋਂ ਪੰਜਾਬ ਦੀਆਂ ਮੰਗਾਂ ਨਾਲ ਸੰਬੰਧਿਤ ਸਵਾਲ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਜਦੋਂ ਸੈਂਕੜੇ ਦੀ ਗਿਣਤੀ 'ਚ ਪਹੁੰਚੇ ਆਗੂ ਤੇ ਵਰਕਰਾਂ ਦਾ ਜਥਾ ਪਿੰਡ ਭਾਈ ਕੀ ਪਿਸ਼ੌਰ ਦੇ ਗੁਰਦੁਆਰਾ ਸਾਹਿਬ ਤੋਂ ਪਿੰਡ ਕੌਹਰੀਆ ਵਿਖੇ ਹੋ ਰਹੇ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਵਧਣ ਲੱਗੇ ਤਾਂ ਰਸਤੇ ਵਿੱਚ ਤੈਨਾਤ ਭਾਰੀ ਪੁਲਿਸ ਫੋਰਸ ਵੱਲੋਂ ਨਾਕਾਬੰਦੀ ਕਰਕੇ ਰੋਕ ਲਿਆ ਗਿਆ ਤਾਂ ਕਿਸਾਨ ਜਦੋ-ਜਹਿਦ ਕਰਦੇ ਹੋਏ ਪੁਲਿਸ (Punjab Police) ਨਾਕਾ ਤੋੜ ਕੇ ਖੇਤਾਂ ਵਿਚਦੀ ਮੁੱਖ ਮੰਤਰੀ ਦੇ ਪ੍ਰੋਗਰਾਮ ਵੱਲ ਵਧਣ ਲੱਗੇ ਤਾਂ ਪੁਲਿਸ ਨੂੰ ਵੀ ਖੇਤਾਂ ਵਿੱਚ ਕਿਸਾਨਾਂ ਪਿੱਛੇ ਰੇਸ ਲਗਾਉਣੀ ਪਈ ਤੇ ਭਾਰੀ ਮਸ਼ੱਕਤ ਬਾਅਦ ਕਿਸਾਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ।

ਹਿਰਾਸਤ 'ਚ ਲਏ ਗਏ ਆਗੂਆਂ 'ਚ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਸਮੇਤ ਰਾਮਫਲ ਸਿੰਘ ਜਲੂਰ, ਗੁਰਦੇਵ ਸਿੰਘ ਖਡਿਆਲ, ਗੁਰਮੀਤ ਸਿੰਘ, ਲੀਲਾ ਸਿੰਘ, ਜਗਤਾਰ ਸਿੰਘ, ਅਮ੍ਰਿਤਪਾਲ ਸਿੰਘ, ਗੁਰਦੀਪ ਸਿੰਘ ਝਲੂਰ, ਭੋਲਾ ਸਿੰਘ, ਜਗਰਾਜ ਸਿੰਘ, ਦਰਸਨ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਭਗਵੰਤ ਸਿੰਘ, ਦਰਸਨ ਸਿੰਘ, ਨਾਜਰ ਸਿੰਘ, ਸੁਖਦੇਵ ਸਿੰਘ, ਨਾਹਰ ਸਿੰਘ, ਜਸਵੀਰ ਸਿੰਘ, ਗੁਰਦਾਸ ਸਿੰਘ, ਜਗਜੀਤ ਸਿੰਘ, ਮੱਘਰ ਸਿੰਘ, ਲੀਲਾ ਸਿੰਘ ਆਦਿ ਨੂੰ ਬੱਸਾਂ 'ਚ ਚੜਾ ਕੇ ਕਿਸੇ ਥਾਣੇ ਵਿੱਚ ਲੈ ਗਏ ਤੇ ਸੈਂਕੜੇ ਕਿਸਾਨਾਂ ਨੂੰ ਨਾਕੇ ਵਾਲੀ ਥਾਂ 'ਤੇ ਹੀ ਡਿਟੇਨ ਕਰ ਲਿਆ।

ਇਸ ਮੌਕੇ ਗੱਲਬਾਤ ਕਰਦਿਆਂ ਬੀਕੇਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਸੱਤਾ ਚ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੂੰ 22 ਫਸਲਾਂ ਤੇ ਐਮਐਸਪੀ ਦੇਣ ਤੇ ਉਸ ਸਮੇਂ ਦੀ ਦਿੱਲੀ ਵਿਚਲੀ ਆਪ ਸਰਕਾਰ ਵਾਂਗ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤਹਿਤ ਬਣਦੇ ਭਾਅ ਪੂਰੇ ਕਰਨ ਲਈ ਕਿਸਾਨਾਂ ਨੂੰ ਫਸਲਾਂ ਤੇ ਬੋਨਸ ਦੇਣ ਸਮੇਤ ਅਨੇਕਾਂ ਵਾਅਦੇ ਕਿਸਾਨਾਂ ਨਾਲ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਨਸ਼ੇ 'ਚ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਬਣੀ ਬੈਠੀ ਹੈ।

ਉਨਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਖਨੌਰੀ, ਸ਼ੰਭੂ ਬਾਰਡਰਾਂ 'ਤੇ ਚਲਦੇ ਮੋਰਚਿਆਂ ਨੂੰ ਖਦੇੜਨ ਲਈ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਲਈ ਬੁਲਾ ਕੇ ਗ੍ਰਿਫਤਾਰ ਕਰਦਿਆਂ ਤੇ ਦੋਵੇਂ ਮੋਰਚਿਆਂ ਤੇ ਕਿਸਾਨਾਂ ਤੇ ਅੰਨਾ ਤਸ਼ੱਦਦ ਕਰਕੇ ਗ੍ਰਿਫਤਾਰ ਕਰਕੇ ਤੇ ਮੋਰਚਿਆਂ ਤੇ ਪਿਆ ਹਰ ਤਰ੍ਹਾਂ ਦਾ ਸਮਾਨ ਚੋਰੀ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਅੱਜ ਮੁੱਖ ਮੰਤਰੀ ਨੂੰ ਸਵਾਲ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਪਰ ਸਰਕਾਰ ਡੰਡੇ ਦੇ ਜ਼ੋਰ 'ਤੇ ਸ਼ਾਂਤਮਈ ਤਰੀਕੇ ਨਾਲ ਸਵਾਲ ਕਰਨ ਦਾ ਹੱਕ ਵੀ ਸਾਥੋਂ ਖੋਹ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Related Post