US Deported ਪੰਜਾਬੀਆਂ ਲਈ ਰਾਹ ਦਸੇਰਾ ਬਣਿਆ ਸਿਕੰਦਰ ਸਿੰਘ, ਵਿਦੇਸ਼ ਹੁੰਦਾ ਤਾਂ ਲੇਬਰ ਕਰਦਾ...ਪਰ ਆਪਣੀ ਧਰਤੀ ਨੇ ਬਣਾ ਦਿੱਤਾ ‘ਮੁਕੱਦਰ ਦਾ ਸਿਕੰਦਰ’

Sub Inspector Sikander Singh Story : ਸਮਰਾਲਾ ਦਾ ਅੰਮ੍ਰਿਤਧਾਰੀ ਨੌਜਵਾਨ ਸਿਕੰਦਰ ਸਿੰਘ ਨਿਰਾਸ਼ ਹੋਏ ਉਨ੍ਹਾਂ ਨੌਜਵਾਨਾਂ ਲਈ ਹਨੇਰੇ ਵਿਚ ਟਿਮਟਿਮਾਉਂਦੇ ਜੁਗਨੂੰ ਵਾਂਗ ਹੈ, ਜਿਨ੍ਹਾਂ ਨੌਜਵਾਨਾਂ ਨੂੰ ਲਗਦਾ ਹੈ ਕਿ ਸਾਡੀ ਜ਼ਿੰਦਗੀ ਕਾਲੀ-ਬੌਲੀ ਰਾਤ ਵਿੱਚ ਬਦਲ ਚੁੱਕੀ ਹੈੇ।

By  KRISHAN KUMAR SHARMA February 26th 2025 02:29 PM -- Updated: February 26th 2025 02:31 PM

Sikander Singh From Samrala Motivation Story : ਆਪਣੇ ਚੰਗੇ ਭਵਿੱਖ ਅਤੇ ਰਿਜ਼ਕ ਦੀ ਤਲਾਸ਼ ਲਈ ਅਮਰੀਕਾ ਅਤੇ ਕੈਨੇਡਾ ਗਏ ਪੰਜਾਬ ਦੇ ਨੌਜਵਾਨਾਂ ਨੂੰ ਭਾਵੇਂ ਆਉਣ ਵਾਲਾ ਭਵਿੱਖ ਧੁੰਦਲਾ ਦਿਖਾਈ ਦੇਣ ਲੱਗਾ ਹੈ ਕਿਉਂਕਿ ਅਮਰੀਕਾ ਵੱਲੋਂ ਲਗਾਤਾਰ ਜਹਾਜ਼ ਭਰ-ਭਰ ਕੇ ਡਿਪੋਟ (US Deported Punjabi News) ਕੀਤੇ ਨੌਜਵਾਨ ਭਾਰਤ ਦੀ ਧਰਤੀ ਵੱਲ ਭੇਜੇ ਜਾ ਰਹੇ ਹਨ ਅਤੇ ਕੈਨੇਡਾ ਵਿਚ ਗੈਰ-ਕਾਨੂੰਨੀ ਐਲਾਨੇ ਅਜਿਹੇ ਲੱਖਾਂ ਹੀ ਨੌਜਵਾਨ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਹੇ ਹਨ। ਅਜਿਹੇ ਨਿਰਾਸ਼ਾਜਨਕ ਮਾਹੌਲ ਵਿਚ ਸਮਰਾਲਾ ਦਾ ਅੰਮ੍ਰਿਤਧਾਰੀ ਨੌਜਵਾਨ ਸਿਕੰਦਰ ਸਿੰਘ ਨਿਰਾਸ਼ ਹੋਏ ਉਨ੍ਹਾਂ ਨੌਜਵਾਨਾਂ ਲਈ ਹਨੇਰੇ ਵਿਚ ਟਿਮਟਿਮਾਉਂਦੇ ਜੁਗਨੂੰ ਵਾਂਗ ਹੈ, ਜਿਨ੍ਹਾਂ ਨੌਜਵਾਨਾਂ ਨੂੰ ਲਗਦਾ ਹੈ ਕਿ ਸਾਡੀ ਜ਼ਿੰਦਗੀ ਕਾਲੀ-ਬੌਲੀ ਰਾਤ ਵਿੱਚ ਬਦਲ ਚੁੱਕੀ ਹੈੇ।

''ਮੈਂ ਡਾਲਰ ਤਾਂ ਜ਼ਰੂਰ ਕਮਾਉਂਦਾ ਪਰ ਉਹ ਵੀ ਇਕ ਮਜ਼ਦੂਰ ਦੀ ਤਰ੍ਹਾਂ''

ਸਿਕੰਦਰ ਸਿੰਘ ਆਪਣੀ ਇੱਛਾ ਮੁਤਾਬਿਕ ਕੈਨੇਡਾ ਛੱਡ ਕੇ ਪੰਜਾਬ ਪਰਤਿਆ ਸੀ, ਪਰ ਅੱਜ ਉਹ ਪੰਜਾਬ ਪੁਲਿਸ ਵਿਚ ਬਤੌਰ ਇੰਸਪੈਕਟਰ ਵੱਜੋ ਠਾਠ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ। ਉਸਦਾ ਕਹਿਣਾ ਹੈ ਕਿ ਜੇਕਰ ਮੈਂ ਕੈਨੇਡਾ ਹੁੰਦਾ ਤਾਂ ਮੈਂ ਡਾਲਰ ਤਾਂ ਜ਼ਰੂਰ ਕਮਾਉਂਦਾ ਪਰ ਉਹ ਵੀ ਇਕ ਮਜ਼ਦੂਰ ਦੀ ਤਰ੍ਹਾਂ, ਹੁਣ ਮੈਨੂੰ ਆਪਣੀ ਧਰਤੀ ਨੇ ਮੁਕੱਦਰ ਦਾ ਸਿਕੰਦਰ ਬਣਾ ਦਿੱਤਾ ਹੈ।

ਪਰਿਵਾਰ ਨੇ 20 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਭੇਜਿਆ ਸੀ ਕੈਨੇਡਾ

ਸਿਕੰਦਰ ਸਿੰਘ ਦੱਸਦਾ ਹੈ ਕਿ ਉਸਦੇ ਪਰਿਵਾਰ ਵੱਲੋਂ ਜੁਲਾਈ 2023 'ਚ 20 ਲੱਖ ਰੁਪਏ ਦਾ ਕਰਜ਼ਾ ਚੁੱਕ ਕੇ ਉਸਨੂੰ ਸਟੱਡੀ ਲਈ ਕੈਨੇਡਾ ਭੇਜਿਆ ਸੀ ਹਾਲਾਂਕਿ ਉਸਨੇ ਪੰਜਾਬ ਵਿਚ ਪਹਿਲਾਂ ਹੀ ਐਮਟੈੱਕ ਦੀ ਪੜ੍ਹਾਈ ਕੀਤੀ ਹੋਈ ਸੀ। ਜਦੋਂ ਉਹ ਕੈਨੇਡਾ ਪਹੁੰਚਿਆਂ ਤਾਂ ਅਕਤੂਬਰ ਮਹੀਨੇ ਘਰ ਤੋਂ ਬਾਪੂ ਕੁਲਦੀਪ ਸਿੰਘ ਨੇ ਫੋਨ ਕਰਕੇ ਉਸਨੂੰ ਦੱਸਿਆ ਕਿ ਜੋ ਤੂੰ ਕੈਨੇਡਾ ਜਾਣ ਤੋਂ ਪਹਿਲਾਂ ਪੰਜਾਬ ਪੁਲਿਸ ਵਿਚ ਸਬ–ਇੰਸਪੈਕਟਰ ਦੀ ਭਰਤੀ ਲਈ ਟੈਸਟ ਦਿੱਤਾ ਸੀ। ਉਸ ਵਿਚੋਂ ਤੂੰ ਪਾਸ ਹੋ ਗਿਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੈਸੇਜ ਆਇਆ ਹੈ ਕਿ ਉਨ੍ਹਾਂ ਨੇ ਆਪਣੇ ਹੱਥੀ ਜੁਆਇੰਨਿੰਗ ਲੈਂਟਰ ਤੁਹਾਨੂੰ ਸੌਪਣੇ ਹਨ। ਇਸ ਫੋਨ ਕਾਲ ਨੇ ਮੈਨੂੰ ਵਾਪਿਸ ਆਪਣੇ ਵਤਨ ਸੱਦ ਲਿਆ।

''ਮੇਰੇ ਇਮਤਿਹਾਨ ਦੀ ਘੜੀ ਸੀ...ਤੇ ਮੈਂ ਵਾਪਸ ਪੰਜਾਬ ਆ ਗਿਆ''

ਸਿਕੰਦਰ ਸਿੰਘ ਦੱਸਦਾ ਹੈ ਕਿ ਜਦੋਂ ਮੈਨੂੰ ਇੰਡੀਆਂ ਤੋਂ ਮੇਰੇ ਬਾਪੂ ਦਾ ਫੋਨ ਆਇਆ ਸੀ ਕਿ ਤੈਨੂੰ ਸਬ–ਇੰਸਪੈਕਟਰ ਵੱਜੋਂ ਜੁਆਇੰਨਿੰਗ ਲੈਟਰ ਲੈਣ ਲਈ ਵਾਪਿਸ ਪੰਜਾਬ ਆਉਣਾ ਚਾਹੀਦਾ ਹੈ। ਇਹ ਮੇਰੇ ਲਈ ਇਮਤਿਹਾਨ ਦੀ ਘੜੀ ਸੀ ਕਿ ਮੈਂ ਹੁਣ ਕੈਨੇਡਾ ਵਿਚ ਹੀ ਸੈਟ ਹੋਵਾਂ ਜਾਂ ਫਿਰ ਵਾਪਿਸ ਪੰਜਾਬ ਜਾਵਾਂ? ਮੈਂ ਫੈਸਲਾ ਲਿਆ ਕਿ ਮੈਂ ਵਾਪਸ ਪੰਜਾਬ ਚਲਾ ਜਾਵਾਗਾਂ । ਮੇਰੇ ਫੈਸਲੇ ਦਾ ਆਧਾਰ ਇਹ ਸੀ ਕਿ ਆਪਣੀ ਧਰਤੀ ‘ਤੇ ਜੋ ਰੁਤਬਾ, ਇੱਜ਼ਤ ਅਤੇ ਸਕੂਨ ਮਿਲੇਗਾ ਉਹ ਮੈਂ ਡਾਲਰਾਂ ਨਾਲ ਵੀ ਖਰੀਦ ਨਹੀਂ ਪਾਵਾਗਾਂ। ਅੱਜ ਵੀ ਮੈਂ ਕੈਨੇਡਾ ਹੁੰਦਾ ਤਾਂ ਮਜ਼ਦੂਰੀ ਕਰਨ ਦੇ ਨਾਲ ਨਾਲ ਮੈਂ ਸਲੂਟ ਮਾਰਦਾ ਹੁੰਦਾ। ਅੱਜ ਆਪਣੇ ਵਤਨ ਅਤੇ ਆਪਣੀ ਧਰਤੀ ਤੇ ਮੈਨੂੰ ਸਲੂਟ ਵੱਜ ਰਹੇ ਹਨ।

ਹੁਣ ਮੈਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਥਾਣਾ ਸੁਹਾਣਾ ਵਿਖੇ ਤਾਇਨਾਤ ਹਾਂ ਅਤੇ ਆਪਣੀ ਜ਼ਿੰਦਗੀ ਅਤੇ ਫੈਸਲਿਆਂ ਤੋਂ ਸੰਤੁਸ਼ਟ ਹਾਂ। ਸਮਰਾਲਾ ਦੇ ਇਸ ਹੋਣਹਾਰ ਪੁੱਤਰ ਦਾ ਕਹਿਣਾ ਹੈ ਕਿ ਜੋ ਲੋਕ ਅਮਰੀਕਾ ਨੇ ਡਿਪੋਟ ਕੀਤੇ ਹਨ ਜਾਂ ਕੈਨੇਡਾ ਤੋਂ ਮਜ਼ਬੂਰੀ ਵਸ ਵਾਪਿਸ ਆ ਰਹੇ ਹਨ ਉਨ੍ਹਾਂ ਨੂੰ ਘਬਰਾਉਣ ਦੀ ਥਾਂ ਖੁਦ ਨੂੰ ਪਹਿਚਾਨਣ ‘ਤੇ ਜ਼ੋਰ ਦੇਣਾ ਚਾਹੀਦਾ ਹੈ। ਉਸਦਾ ਕਹਿਣਾ ਹੈ ਕਿ ਤੁਸੀ ਮੁੜ ਆਪਣੀ ਹੀ ਮਿੱਟੀ ਨਾਲ ਜੁੜੇ ਹੋ, ਇਸ ਲਈ ਆਪਣੀ ਮਿੱਟੀ ‘ਤੇ ਮਿਹਨਤ ਅਤੇ ਲਗਨ ਨਾਲ ਕੰਮ ਕਰੋ, ਬੇਗਾਨੇ ਪੱਤਣਾਂ 'ਤੇ ਕਾਹਦੇ ਲਈ ਜ਼ੋਰ ਮਾਰਨਾ ਏ।

Related Post