Shiromani Akali Dal : ਰਾਹੁਲ ਗਾਂਧੀ ਦੱਸੇ ਕਿ ਉਸ ਨੇ ਆਪਣੀ ਦਾਦੀ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦੇ ਫੈਸਲੇ ਦੀ ਕਦੇ ਨਿਖੇਧੀ ਕਿਉਂ ਨਹੀਂ ਕੀਤੀ ? : ਅਕਾਲੀ ਦਲ
Shiromani Akali Dal : ਅਕਾਲੀ ਆਗੂ ਨੇ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਆਖਿਆ ਕਿ ਉਹ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਕਰੇ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੱਸੇ ਕਿ ਕੀ ਉਹ ਇੰਦਰਾ ਗਾਂਧੀ ਦੇ ਫੈਸਲੇ ਨਾਲ ਸਹਿਮਤ ਹੈ ਜਾਂ ਇਸਦਾ ਵਿਰੋਧ ਕਰਦੀ ਹੈ।
Shiromani Akali Dal : ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਨੂੰ ਆਖਿਆ ਕਿ ਉਹ ਸਿੱਖ ਕੌਮ ਨੂੰ ਦੱਸਣ ਕਿ ਉਹਨਾਂ ਨੇ ਆਪਣੀ ਦਾਦੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰਨ ਦੇ ਫੈਸਲੇ ਅਤੇ 1984 ਦੇ ਸਿੱਖ ਕਤਲੇਆਮ ਵਿਚ ਉਹਨਾਂ ਦੇ ਪਰਿਵਾਰ ਦੀ ਭੂਮਿਕਾ ਦੀ ਨਿਖੇਧੀ ਕਿਉਂ ਨਹੀਂ ਕੀਤੀ ?
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਭਾਵੇਂ ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਹਾਲ ਹੀ ਵਿਚ ਜ਼ੋਰ ਦੇ ਕੇ ਕਿਹਾ ਕਿ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦਾ ਗਲਤ ਫੈਸਲਾ ਲਿਆ ਪਰ ਨਾਲ ਹੀ ਚਿਦੰਬਰਮ ਨੇ ਇਹ ਵੀ ਗਲਤ ਬਿਆਨ ਦਿੱਤਾ ਕਿ ਇਹ ਪੁਲਿਸ, ਫੌਜ ਤੇ ਸਿਵਲ ਸਰਕਾਰ ਦਾ ਸਾਂਝਾ ਫੈਸਲਾ ਸੀ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦਾ ਫੈਸਲਾ ਸਿਰਫ ਇੰਦਰਾ ਗਾਂਧੀ ਦਾ ਸੀ, ਜਿਸਨੇ ਇਸ ਫੈਸਲੇ ਦਾ ਵਿਰੋਧ ਕਰਨ ਲਈ ਤਤਕਾਲੀ ਲੈਫ. ਜਨਰਲ ਐਸ ਕੇ ਸਿਨਹਾ ਨੂੰ ਦਰਕਿਨਾਰ ਵੀ ਕੀਤਾ। ਉਹਨਾਂ ਕਿਹਾ ਕਿ ਇਹ ਇਕ ਪ੍ਰਵਾਨਤ ਸੱਚਾਈ ਹੈ ਕਿ ਉਸ ਵੇਲੇ ਯੂ ਕੇ ਸਰਕਾਰ ਸਮੇਤ ਵਿਦੇਸ਼ੀ ਏਜੰਸੀਆਂ ਤੋਂ ਵੀ ਹਮਲੇ ਦੇ ਅਸਰ ਬਾਰੇ ਰਾਇ ਲਈ ਗਈ ਸੀ। ਉਹਨਾਂ ਕਿਹਾ ਕਿ ਇਸਦਾ ਮਤਲਬ ਹੈ ਕਿ ਫੈਸਲਾ ਸਿਰਫ ਇੰਦਰਾ ਗਾਂਧੀ ਦਾ ਸੀ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨੇ ਕਦੇ ਵੀ ਇਸ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਇਸ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਕਿਉਂਕਿ ਚਿਦੰਬਰਮ ਨੇ ਮੰਨਿਆ ਹੈ ਕਿ ਇਹ ਫੈਸਲਾ ਗਲਤ ਸੀ। ਉਹਨਾਂ ਕਿਹਾ ਕਿ ਇਹ ਆਗੂ ਦੰਸਣ ਕਿ ਉਹਨਾਂ ਨੇ ਇਸ ਕਾਰਵਾਈ ਦੀ ਨਿਖੇਧੀ ਕਿਉਂ ਨਹੀਂ ਕੀਤੀ ਜਿਸਦਾ ਮਕਸਦ ਸਿੱਖ ਰਵਾਇਤਾਂ ਤੇ ਸੰਸਥਾਵਾਂ ਦਾ ਨੁਕਸਾਨ ਕਰਨ ਦੇ ਨਾਲ-ਨਾਲ ਸਿੱਖ ਧਰਮ ਦੀਆਂ ਜੜ੍ਹਾਂ ’ਤੇ ਹਮਲਾ ਕਰਨਾ ਸੀ।
ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਚਿਦੰਬਰਮ ਇਸ ਮਾਮਲੇ ਵਿਚ ਆਪਣੀ ਜ਼ਿੰਮੇਵਾਰੀ ਤੋਂ ਵੀ ਨਹੀਂ ਭੱਜ ਸਕਦੇ। ਉਹਨਾਂ ਕਿਹਾ ਕਿ ਚਿਦੰਬਰਮ 2008 ਤੋਂ 2012 ਤੱਕ ਗ੍ਰਹਿ ਮੰਤਰੀ ਰਹੇ। ਉਹਨਾਂ ਦੀ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਅਤੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਸਾਰੀਆਂ ਫਾਈਲਾਂ ਤੱਕ ਪਹੁੰਚ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਦੋਹਾਂ ਮਾਮਲਿਆਂ ਵਿਚ ਕਦੇ ਵੀ ਕੋਈ ਦਰੁੱਸਤੀ ਵਾਲਾ ਕਦਮ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਉਹ ਇਹ ਦੱਸਣ ਕਿ ਉਹਨਾਂ ਨੇ ਅਜਿਹਾ ਕਿਉਂ ਨਹੀਂ ਕੀਤਾ।
ਅਕਾਲੀ ਆਗੂ ਨੇ ਪੰਜਾਬ ਕਾਂਗਰਸ ਲੀਡਰਸ਼ਿਪ ਨੂੰ ਆਖਿਆ ਕਿ ਉਹ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਕਰੇ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਦੱਸੇ ਕਿ ਕੀ ਉਹ ਇੰਦਰਾ ਗਾਂਧੀ ਦੇ ਫੈਸਲੇ ਨਾਲ ਸਹਿਮਤ ਹੈ ਜਾਂ ਇਸਦਾ ਵਿਰੋਧ ਕਰਦੀ ਹੈ।
ਸ. ਗਰੇਵਾਲ ਨੇ ਹਰਿਆਣਾ ਦੇ ਏਡੀਜੀਪੀ ਵਾਈ ਪੂਰਨ ਸਿੰਘ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ’ਤੇ ਗੱਲਬਾਤ ਕੀਤੀ ਅਤੇ ਇਸਨੂੰ ਬਹੁਤ ਹੀ ਮੰਦਭਾਗੀ ਘਟਨਾ ਕਰਾਰ ਦਿੱਤਾ। ਉਹਨਾਂ ਨੇ ਮ੍ਰਿਤਕ ਦੀ ਪਤਨੀ ਜੋ ਖੁਦ ਆਈ ਏ ਐਸ ਅਫਸਰ ਹੈ, ਦੇ ਨਾਲ ਇਕਜੁੱਟਤਾ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਕੇਸ ਵਿਚ ਨਿਆਂ ਦੀ ਉਹਨਾਂ ਦੀ ਮੰਗ ਦੀ ਪੁਰਜ਼ੋਰ ਹਮਾਇਤ ਕਰਦਾ ਹੈ। ਉਹਨਾਂ ਕਿਹਾ ਕਿ ਆਈ ਏ ਐਸ ਅਫਸਰ ਨੂੰ ਨਿਆਂ ਹਾਸਲ ਕਰਨ ਵਾਸਤੇ ਸੰਘਰਸ਼ ਕਰਨ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਅਤੇ ਹਰਿਆਣਾ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਮ੍ਰਿਤਕ ਆਈਪੀਐਸ ਦੀ ਪਤਨੀ ਦੀਆਂ ਮੰਗਾਂ ਕਿਉਂ ਨਹੀਂ ਮੰਨ ਰਹੀ। ਉਹਨਾਂ ਕਿਹਾ ਕਿ ਸਰਕਾਰ ਨੂੰ ਕਿਸੇ ਨੂੰ ਬਚਾਉਣ ਦਾ ਯਤਨ ਨਹੀਂ ਕਰਨਾ ਚਾਹੀਦਾ ਹੈ ਤੇ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਸ ਏ ਡੀ ਜੀ ਪੀ ਨਾਲ ਜਾਤੀ ਦੇ ਆਧਾਰ ’ਤੇ ਵਿਤਕਰਾ ਹੋਇਆ, ਉਸਨੂੰ ਨਿਆਂ ਮਿਲੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਸ ਕੇਸ ਦਾ ਸਿਆਸੀਕਰਨ ਨਹੀਂ ਹੋਣਾ ਚਾਹੀਦਾ ਹੈ ਅਤੇ ਕੇਸ ਵਿਚ ਨਿਆਂ ਵਾਸਤੇ ਚੰਡੀਗੜ੍ਹ ਪ੍ਰਸ਼ਾਸਨ ’ਤੇ ਦਬਾਅ ਬਣਾਉਣਾ ਚਾਹੀਦਾ ਹੈ।
ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਇਸ ਮੌਕੇ ਆਪ ਸਰਕਾਰ ਨੂੰ ਪੁੱਛਿਆ ਕਿ ਉਹ ਪਟਿਆਲਾ ਵਿਚ ਸੱਟੇਬਾਜ਼ਾਂ ’ਤੇ ਹੋਈ ਛਾਪੇਮਾਰੀ ’ਤੇ ਕਿਉਂ ਚੁੱਪ ਹੈ, ਜਿਸਦੀਆਂ ਤਾਰਾਂ ਦੇਸ਼ ਭਰਵਿਚ ਜੁੜੀਆਂ ਹਨ ਤੇ ਮੀਡੀਆ ਰਿਪੋਰਟਾਂ ਮੁਤਾਬਕ ਇਸਨੂੰ ਪੰਜਾਬ ਦੇ ਸੀਨੀਅਰ ਆਈ ਪੀ ਐਸ ਅਫਸਰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਪਟਿਆਲਾ ਦੇ ਐਸ ਐਸ ਪੀ ਵਰੁਣ ਸ਼ਰਮਾ ਨੂੰ ਗੈਰ ਕਾਨੂੰਨੀ ਸੱਟੇਬਾਜ਼ੀ ਵਿਚ ਲੱਗੇ ਸਾਰੇ ਪੁਲਿਸ ਅਫਸਰਾਂ ਦੇ ਨਾਂ ਜਨਤਕ ਕਰਨੇ ਚਾਹੀਦੇ ਹਨ ਅਤੇ ਅਜਿਹਾ ਨਾ ਕਰਨ ’ਤੇ ਉਹਨਾਂ ’ਤੇ ਖੁਦ ਸਵਾਲ ਖੜ੍ਹੇ ਹੋਣਗੇ। ਐਡਵੋਕੇਟ ਕਲੇਰ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਸਾਰੇ ਮਾਮਲੇ ’ਤੇ ਸਪਸ਼ਟੀਕਰਨ ਦੇਣ।