Rajasthan Road Accident : ਸੜਕ ਹਾਦਸੇ ਚ ਇੱਕੋ ਪਰਿਵਾਰ ਦੀਆਂ 7 ਔਰਤਾਂ ਦੀ ਮੌਤ ,ਅੰਤਿਮ ਸਸਕਾਰ ਤੋਂ ਵਾਪਸ ਪਰਤ ਰਿਹਾ ਸੀ ਪਰਿਵਾਰ

Rajasthan Road Accident : ਰਾਜਸਥਾਨ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਜਿਸਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਰਾਜਸਥਾਨ ਦੇ ਫਤਿਹਪੁਰ ਸ਼ੇਖਾਵਾਟੀ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੀਆਂ ਸੱਤ ਔਰਤਾਂ ਦੀ ਇੱਕੋ ਸਮੇਂ ਮੌਤ ਹੋ ਗਈ। ਇਹ ਦੁਖਦਾਈ ਹਾਦਸਾ ਰਾਸ਼ਟਰੀ ਰਾਜਮਾਰਗ 52 'ਤੇ ਹਰਸਾਵਾ ਪਿੰਡ ਦੇ ਨੇੜੇ ਵਾਪਰਿਆ ਹੈ।

By  Shanker Badra January 15th 2026 02:16 PM

Rajasthan Road Accident : ਰਾਜਸਥਾਨ 'ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਜਿਸਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਰਾਜਸਥਾਨ ਦੇ ਫਤਿਹਪੁਰ ਸ਼ੇਖਾਵਾਟੀ ਵਿੱਚ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੀਆਂ ਸੱਤ ਔਰਤਾਂ ਦੀ ਇੱਕੋ ਸਮੇਂ ਮੌਤ ਹੋ ਗਈ। ਇਹ ਦੁਖਦਾਈ ਹਾਦਸਾ ਰਾਸ਼ਟਰੀ ਰਾਜਮਾਰਗ 52 'ਤੇ ਹਰਸਾਵਾ ਪਿੰਡ ਦੇ ਨੇੜੇ ਵਾਪਰਿਆ ਹੈ।

NH-52 'ਤੇ ਹਰਸਾਵਾ ਪਿੰਡ ਦੇ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਪਹਿਲਾਂ ਇੱਕ ਪਿਕਅੱਪ ਨਾਲ ਟਕਰਾ ਗਈ ਅਤੇ ਫਿਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ 'ਚ ਸੱਸ, ਉਸ ਦੀਆਂ ਪੰਜ ਨੂੰਹਾਂ ਅਤੇ ਉਸਦੀ ਧੀ ਦੀ ਮੌਕੇ 'ਤੇ ਜਾਂ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਡਰਾਈਵਰ ਅਤੇ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਏ। 

ਫਤਿਹਪੁਰ ਸਦਰ ਥਾਣਾ ਖੇਤਰ ਦੇ ਰਘੁਨਾਥਪੁਰਾ ਪਿੰਡ ਨਿਵਾਸੀ ਪਰਿਵਾਰ ਹਾਲ ਹੀ ਵਿੱਚ ਲਕਸ਼ਮਣਗੜ੍ਹ ਗਿਆ ਸੀ। ਪਰਿਵਾਰ ਦੀ ਬਜ਼ੁਰਗ ਮਹਿਲਾ ਮੋਹਿਨੀ ਦੇਵੀ ਦੀ ਨੰਨਦ ਜੋ ਕਿ ਲਕਸ਼ਮਣਗੜ੍ਹ ਦੀ ਵਸਨੀਕ ਕੈਲਾਸ਼ ਦੇਵੀ ਦਾ ਦੇਹਾਂਤ ਹੋ ਗਿਆ ਸੀ। ਪੂਰਾ ਪਰਿਵਾਰ ਉਸਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਾਮ 4 ਵਜੇ ਦੇ ਕਰੀਬ ਪਿੰਡ ਵਾਪਸ ਆ ਰਿਹਾ ਸੀ। ਪਰਿਵਾਰ ਚਾਰ ਵਾਹਨਾਂ ਵਿੱਚ ਸਵਾਰ ਸੀ,ਜਦਕਿ ਇੱਕ ਕਾਰ 'ਚ ਔਰਤਾਂ ਅਤੇ ਡਰਾਈਵਰ ਸਵਾਰ ਸਨ। ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਇਹ ਯਾਤਰਾ ਉਨ੍ਹਾਂ ਦੀ ਜ਼ਿੰਦਗੀ ਦੀ ਆਖਰੀ ਅਤੇ ਸਭ ਤੋਂ ਦਰਦਨਾਕ ਯਾਤਰਾ ਬਣ ਜਾਵੇਗੀ।

ਚਸ਼ਮਦੀਦਾਂ ਦੇ ਅਨੁਸਾਰ ਜਿਵੇਂ ਹੀ ਕਾਰ ਹਰਸਾਵਾ ਪਿੰਡ ਦੇ ਨੇੜੇ ਪਹੁੰਚੀ ਤਾਂ ਡਰਾਈਵਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਤੇਜ਼ ਰਫ਼ਤਾਰ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ। ਪਹਿਲਾਂ ਇੱਕ ਪਿਕਅੱਪ ਨਾਲ ਟਕਰਾ ਗਈ ਅਤੇ ਫਿਰ ਕੰਟਰੋਲ ਤੋਂ ਬਾਹਰ ਹੋ ਕੇ ਸਾਹਮਣੇ ਤੋਂ ਆ ਰਹੇ ਟਰੱਕ ਵਿੱਚ ਜਾ ਵੱਜੀ। ਹਾਦਸੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਅਤੇ ਉੱਥੋਂ ਲੰਘ ਰਹੇ ਵਾਹਨ ਚਾਲਕ ਮੌਕੇ 'ਤੇ ਪਹੁੰਚ ਗਏ। ਔਰਤਾਂ ਕਾਰ ਦੇ ਅੰਦਰ ਫਸ ਗਈਆਂ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ।

ਸੱਤ ਔਰਤਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ

ਇਸ ਭਿਆਨਕ ਸੜਕ ਹਾਦਸੇ ਵਿੱਚ ਸੱਸ ਮੋਹਿਨੀ ਦੇਵੀ (80) ਅਤੇ ਨੂੰਹਾਂ ਚੰਦਾ ਦੇਵੀ (55), ਤੁਲਸੀ ਦੇਵੀ (45), ਬਰਖਾ ਦੇਵੀ (35), ਆਸ਼ਾ ਦੇਵੀ (60), ਸੰਤੋਸ਼ ਦੇਵੀ (45) ਅਤੇ ਧੀ ਇੰਦਰਾ (60) ਦੀ ਮੌਤ ਹੋ ਗਈ। ਸਾਰੇ ਇੱਕੋ ਪਰਿਵਾਰ ਦੇ ਸਨ। ਜੈਪੁਰ ਜਾਂਦੇ ਸਮੇਂ ਬਰਖਾ ਦੇਵੀ ਦੀ ਮੌਤ ਹੋ ਗਈ। ਸੋਨੂੰ (35) ਅਤੇ ਕਾਰ ਚਾਲਕ ਵਸੀਮ (25) ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲਕਸ਼ਮਣਗੜ੍ਹ ਤੋਂ ਨਿਕਲਣ ਤੋਂ ਪਹਿਲਾਂ ਡਰਾਈਵਰ ਵਸੀਮ ਨੂੰ ਹੌਲੀ ਗੱਡੀ ਚਲਾਉਣ ਲਈ ਕਿਹਾ ਸੀ। ਡਰਾਈਵਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਹੋਏ ਰਫ਼ਤਾਰ ਵਧਾ ਦਿੱਤੀ ਅਤੇ ਇਸ ਲਾਪਰਵਾਹੀ ਨੇ ਸੱਤ ਜਾਨਾਂ ਲੈ ਲਈਆਂ।

Related Post