RBI ਨੇ ਰੈਪੋ ਰੇਟ 'ਚ 0.35 ਫ਼ੀਸਦੀ ਕੀਤਾ ਵਾਧਾ, ਕਰਜ਼ੇ ਹੋ ਸਕਦੇ ਨੇ ਮਹਿੰਗੇ

By  Ravinder Singh December 7th 2022 10:39 AM

ਨਵੀਂ ਦਿੱਲੀ: ਆਰਬੀਆਈ ਨੇ ਰੈਪੋ ਰੇਟ ਵਿੱਚ ਮੁੜ 0.35 ਫੀਸਦੀ ਦਾ ਵਾਧਾ ਕੀਤਾ ਹੈ। ਰੈਪੋ ਰੇਟ ਦੇੇ ਵਧਣ ਨਾਲ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋਣ ਦੇ ਆਸਾਰ ਹਨ ਅਤੇ ਲੋਕਾਂ 'ਤੇ ਜ਼ਿਆਦਾ EMI ਦੇਣ ਦਾ ਦਬਾਅ ਹੋਵੇਗਾ। ਇਹ ਬੈਂਕਾਂ 'ਤੇ ਨਿਰਭਰ ਕਰੇਗਾ। ਇਸ ਨਾਲ ਰੈਪੋ ਦਰ 6.25 ਫੀਸਦੀ ਹੋ ਗਈ ਹੈ।



ਇਸ ਐਲਾਨ ਦੇ ਨਾਲ ਹੀ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਵਿਸ਼ਵ ਅਰਥਵਿਵਸਥਾ ਵਿੱਚ ਲਗਾਤਾਰ ਅਨਿਸ਼ਚਿਤਤਾ ਬਣੀ ਹੋਈ ਹੈ। ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ ਤਿੰਨ ਦਿਨਾਂ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਦੇ ਨਤੀਜੇ ਬੁੱਧਵਾਰ ਸਵੇਰੇ ਸਾਹਮਣੇ ਆਏ। ਗਵਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਮਹਿੰਗਾਈ ਦੇ ਦਬਾਅ ਨੂੰ ਦੇਖਦੇ ਹੋਏ ਇਕ ਵਾਰ ਫਿਰ ਰੈਪੋ ਰੇਟ 'ਚ 0.35 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਫੈਸਲੇ ਨਾਲ ਆਉਣ ਵਾਲੇ ਸਮੇਂ 'ਚ ਘਰ, ਆਟੋ, ਨਿੱਜੀ ਸਮੇਤ ਹਰ ਤਰ੍ਹਾਂ ਦੇ ਕਰਜ਼ੇ ਮਹਿੰਗੇ ਹੋ ਜਾਣਗੇ।

ਇਹ ਵੀ ਪੜ੍ਹੋ : ਦੋ ਦਿਨ ਪਹਿਲਾਂ ਹਸਪਤਾਲ 'ਚੋਂ ਚੋਰੀ ਹੋਇਆ ਬੱਚਾ ਬਰਾਮਦ, ਦੋ ਔਰਤਾਂ ਪੁਲਿਸ ਅੜਿੱਕੇ

ਰਿਜ਼ਰਵ ਬੈਂਕ ਨੇ ਅੱਜ ਲਗਾਤਾਰ ਪੰਜਵੀਂ ਵਾਰ ਰੈਪੋ ਦਰ ਵਿੱਚ ਵਾਧਾ ਕੀਤਾ ਹੈ। ਇਸ ਸਾਲ ਪਹਿਲੀ ਵਾਰ ਮਈ 'ਚ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਰੈਪੋ ਰੇਟ ਵਿੱਚ 1.90 ਫੀਸਦੀ ਦਾ ਵਾਧਾ ਹੋਇਆ ਹੈ। ਅੱਜ ਦੇ ਵਾਧੇ ਤੋਂ ਪਹਿਲਾਂ, ਪ੍ਰਭਾਵੀ ਰੈਪੋ ਦਰ 5.90 ਪ੍ਰਤੀਸ਼ਤ ਸੀ। ਹੁਣ ਰਿਜ਼ਰਵ ਬੈਂਕ ਦੀ ਪ੍ਰਭਾਵੀ ਰੈਪੋ ਦਰ 6.25 ਫੀਸਦੀ ਹੋ ਗਈ ਹੈ। ਰੇਪੋ ਦਰ ਉਹ ਦਰ ਹੈ ਜਿਸ 'ਤੇ ਰਿਜ਼ਰਵ ਬੈਂਕ ਦੂਜੇ ਬੈਂਕਾਂ ਨੂੰ ਕਰਜ਼ਾ ਦਿੰਦਾ ਹੈ। ਜ਼ਾਹਿਰ ਹੈ ਕਿ ਜੇਕਰ ਬੈਂਕਾਂ ਲਈ ਆਰਬੀਆਈ ਤੋਂ ਕਰਜ਼ਾ ਲੈਣਾ ਮਹਿੰਗਾ ਹੋਵੇਗਾ ਤਾਂ ਬੈਂਕ ਇਸ ਦਾ ਬੋਝ ਆਮ ਆਦਮੀ 'ਤੇ ਵੀ ਪਾਉਣਗੇ।

Related Post