ਗਣਤੰਤਰ ਦਿਵਸ ਪਰੇਡ: AI ਆਧਾਰਤ ਝਾਕੀ ਲਈ ਪੰਜਾਬ ਦੀ ਧੀ ਕਮਲਜੀਤ ਦੀ ਹੋਈ ਚੋਣ

By  KRISHAN KUMAR SHARMA January 18th 2024 12:46 PM

republic-day-parade-2024: ਪੰਜਾਬ ਲਈ 26 ਜਨਵਰੀ 'ਤੇ ਗਣਤੰਤਰ ਦਿਵਸ ਪਰੇਡ ਨੂੰ ਲੈ ਕੇ ਖੁਸ਼ਖਬਰੀ ਭਰੀ ਖ਼ਬਰ ਹੈ। ਗਣਤੰਤਰ ਦਿਵਸ ਪਰੇਡ 'ਤੇ ਝਾਕੀ ਲਈ ਗੁਰਦਾਸਪੁਰ (Gurdaspur) ਦੀ ਧੀ ਕਮਲਜੀਤ (kamaljeet) ਦੀ ਚੋਣ ਹੋਈ ਹੈ। ਹਾਲਾਂਕਿ ਇਹ ਚੋਣ ਆਰਟੀਫਿਸ਼ੀਅਲ ਇੰਟੈਲੀਜੈਂਸ (AI technology) ਆਧਾਰਤ ਝਾਕੀ ਲਈ ਹੋਈ ਹੈ, ਜਿਸ ਦੀ ਕਮਲਜੀਤ ਅਗਵਾਈ ਕਰਦੀ ਵਿਖਾਈ ਦੇਵੇਗੀ। 

ਯਾਦ ਰਹੇ ਕਿ ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਪਰੇਡ 'ਤੇ ਪੰਜਾਬ ਦੀਆਂ ਝਾਕੀਆਂ ਵਿਖਾਉਣ ਤੋਂ ਰੱਦ ਕਰ ਦਿੱਤਾ ਗਿਆ ਹੈ, ਜਿਸ ਦਾ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਨੂੰ ਦੱਸਿਆ ਗਿਆ। ਹਾਲਾਂਕਿ 3 ਵਾਰ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰਾ ਕਰਦੇ ਹੋਏ ਝਾਕੀਆਂ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

ਕਮਲਜੀਤ ਦੀ AI ਆਧਾਰਤ ਝਾਕੀ ਲਈ ਹੋਈ ਚੋਣ

ਹੁਣ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ (ministry of information technology) ਵੱਲੋਂ ਗੁਰਦਾਸਪੁਰ ਦੀ ਰਹਿਣ ਵਾਲੀ ਕਮਲਜੀਤ ਨੂੰ 26 ਜਨਵਰੀ ਨੂੰ AI ਆਧਾਰਤ ਝਾਕੀ ਲਈ ਚੁਣਿਆ ਗਿਆ ਹੈ। ਝਾਕੀ ਵਿੱਚ ਕਮਲਜੀਤ ਮਹੱਤਵਪੂਰਨ ਭੂਮਿਕਾ ਵਿੱਚ ਨਜ਼ਰ ਆਵੇਗੀ। ਦੱਸ ਦੇਈਏ ਕਿ 26 ਜਨਵਰੀ ਨੂੰ ਗਣਤੰਤਰ ਦਿਹਾੜੇ 'ਤੇ ਕਰਤੱਵ ਪੱਥ 'ਤੇ ਪਰੇਡ ਅਤੇ ਝਾਕੀਆਂ ਮੁੱਖ ਖਿੱਚ ਦਾ ਕਾਰਨ ਹੁੰਦੀਆਂ ਹਨ, ਜਿਥੇ ਦੇਸ਼ ਦੀਆਂ ਵੱਖ ਵੱਖ ਫੌਜੀ ਅਤੇ ਸੰਸਕ੍ਰਿਤਿਕ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।

3 ਸਾਲਾਂ ਤੋਂ ਮਿਹਨਤ ਕਰ ਰਹੀ ਸੀ ਕਮਲਜੀਤ

ਕਮਲਜੀਤ ਨੇ ਦੱਸਿਆ ਕਿ ਇਸ ਝਾਕੀ ਵਿੱਚ ਕੁੱਲ 11 ਕਲਾਕਾਰ ਹਨ ਅਤੇ ਇਸ ਵਿੱਚ ਉਨ੍ਹਾਂ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (Aritificial inteligence) ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ। ਆਪਣੀ ਧੀ ਦੀ ਇਸ ਚੋਣ 'ਤੇ ਕਮਲਜੀਤ ਮਾਤਾ-ਪਿਤਾ ਬਹੁਤ ਖੁਸ਼ ਹਨ। ਪਿਤਾ ਜਸਬੀਰ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਕਮਲਜੀਤ ਪਿਛਲੇ 3 ਸਾਲਾਂ ਤੋਂ ਇਸ ਲਈ ਮਿਹਨਤ ਕਰ ਰਹੀ ਸੀ ਪਰ ਕਿਸੇ ਕਾਰਨ ਉਸ ਦੀ ਚੋਣ ਨਹੀਂ ਹੋ ਸਕੀ ਸੀ ਅਤੇ ਅਖੀਰ ਇਸ ਵਾਰ ਉਸ ਦੀ ਮਿਹਨਤ ਰੰਗ ਲਿਆਈ ਹੈ ਅਤੇ ਕਮਲਜੀਤ ਨੂੰ ਲੈ ਕੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ।

Related Post