ਬੱਸ ਅੱਡੇ ਤੋਂ ਰੋਡਵੇਜ਼ ਦੀ ਬੱਸ ਚੋਰੀ ਕਰਕੇ ਰਸਤੇ ’ਚ ਛੱਡੀ

Prtc Bus : ਮੋਰਿੰਡਾ ਦੇ ਬੱਸ ਸਟੈਂਡ ਵਿੱਚੋਂ ਬੀਤੀ ਰਾਤ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਇਕ ਬੱਸ ਚੋਰੀ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ।

By  Amritpal Singh July 27th 2026 11:19 AM

Prtc Bus : ਮੋਰਿੰਡਾ ਦੇ ਬੱਸ ਸਟੈਂਡ ਵਿੱਚੋਂ ਬੀਤੀ ਰਾਤ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੀ ਇਕ ਬੱਸ ਚੋਰੀ ਹੋਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਨਾ ਕੇਵਲ ਇਲਾਕੇ ਵਿਚ ਚੋਰਾਂ/ਲੁਟੇਰਿਆਂ ਦੇ ਬੁਲੰਦ ਹੋਏ ਹੌਸਲਿਆਂ ਨੂੰ ਦਰਸਾਉਂਦੀ ਹੈ, ਸਗੋਂ ਸਥਾਨਕ ਨਗਰ ਕੌਂਸਲ ਦੀ ਪ੍ਰਬੰਧਕੀ ਲਾਪਰਵਾਹੀ ਅਤੇ ਬੱਸ ਦੇ ਡਰਾਈਵਰ-ਕੰਡਕਟਰ ਵੱਲੋਂ ਵਰਤੀ ਗਈ ਢਿੱਲ ਨੂੰ ਵੀ ਪੂਰੀ ਤਰ੍ਹਾਂ ਨੰਗਾ ਕਰਦੀ ਹੈ।

ਇਸ ਬੱਸ ਚੋਰੀ ਹੋਣ ਦੀ ਪੂਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਚੋਰੀ ਹੋਈ ਬੱਸ (ਪੀਬੀ 65 ਏਕੇ 4954) ਦੇ ਡਰਾਈਵਰ ਹਰਦੀਪ ਸਿੰਘ ਅਤੇ ਕੰਡਕਟਰ ਰਘਵਿੰਦਰ ਸਿੰਘ ਨੇ ਦੱਸਿਆ ਕਿ ਇਹ ਬੱਸ ਰੋਜ਼ਾਨਾ ਮੋਰਿੰਡਾ ਤੋਂ ਚੰਡੀਗੜ੍ਹ ਦੇ ਰੂਟ ’ਤੇ ਚੱਲਦੀ ਹੈ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਉਹ ਦੋਨੋਂ ਬੱਸ ਨੂੰ ਮੋਰਿੰਡਾ ਬੱਸ ਵਿਖੇ ਹੋਰਨਾਂ ਬੱਸਾਂ ਦੇ ਨਾਲ ਖੜੀ ਕਰਕੇ ਆਪਣੇ ਘਰ ਚਲੇ ਗਏ ਸਨ, ਪ੍ਰੰਤੂ ਜਦੋਂ ਉਹ ਸਵੇਰੇ ਕਰੀਬ 6 ਵਜੇ ਬੱਸ ਸਟੈਂਡ ’ਤੇ ਪਹੁੰਚੇ ਤਾਂ ਉੱਥੋਂ ਬੱਸ ਗਾਇਬ ਸੀ।


ਇਸ ਸਬੰਧੀ ਡਰਾਈਵਰ ਹਰਦੀਪ ਸਿੰਘ ਨੇ ਤੁਰੰਤ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਵੱਟਸਐਪ ਗਰੁੱਪਾਂ ਰਾਹੀਂ ਬੱਸ ਚੋਰੀ ਹੋਣ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਬੱਸ ਦੀ ਭਾਲ ਸ਼ੁਰੂ ਕੀਤੀ ਅਤੇ ਰੋਡਵੇਜ਼ ਦੇ ਵੱਖ ਵੱਖ ਗਰੁੱਪਾਂ ਵਿਚ ਗੱਲ ਸਾਂਝੀ ਕੀਤੀ ਤਾਂ ਕੁਝ ਸਮੇਂ ਬਾਅਦ ਸੂਚਨਾ ਮਿਲੀ ਕਿ ਇਹ ਬੱਸ ਮੋਰਿੰਡਾ-ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਕਟਾਣੀ ਨੇੜੇ ਲਾਵਾਰਿਸ ਹਾਲਤ ਵਿਚ ਖੜੀ ਹੈ। ਹਰਦੀਪ ਸਿੰਘ ਅਨੁਸਾਰ ਜਦੋਂ ਉਹ ਤੇ ਇਕ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਚੋਰਾਂ ਨੇ ਬੱਸ ਦੇ ਲੌਕ (ਤਾਲੇ) ਤੋੜੇ ਹੋਏ ਸਨ ਅਤੇ ਬੱਸ ਦੀ ਟੈਂਕੀ ਵਿੱਚੋਂ ਸਾਰਾ ਡੀਜ਼ਲ ਕੱਢ ਲਿਆ ਸੀ।

ਇਸ ਤੋਂ ਬਾਅਦ ਉਨ੍ਹਾਂ ਪਿੰਡ ਕਟਾਣੀ ਦੀ ਪੁਲਿਸ ਚੌਂਕੀ ਨੂੰ ਸੂਚਿਤ ਕਰਕੇ ਬੱਸ ਨੂੰ ਵਾਪਸ ਮੋਰਿੰਡਾ ਲਿਆਂਦਾ। ਇਸ ਸਬੰਧੀ ਪੀਆਰਟੀਸੀ ਦੇ ਚੀਫ ਇੰਸਪੈਕਟਰ ਨੰਦ ਕਿਸ਼ੋਰ ਨੇ ਦੱਸਿਆ ਕਿ ਉਹ ਬੱਸ ਦੇ ਡਰਾਈਵਰ ਅਤੇ ਕੰਡਕਟਰ ਨਾਲ ਮੋਰਿੰਡਾ ਪੁਲਿਸ ਸਟੇਸ਼ਨ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾ ਰਹੇ ਹਨ। ਉੱਧਰ, ਜਦੋਂ ਨਗਰ ਕੌਂਸਲ ਦੇ ਈਓ ਗੁਰਦੀਪ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਈ ਬਾਰ ਫੋਨ ਕਰਨ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਫੋਨ ਰਿਸੀਵ ਨਹੀਂ ਕੀਤਾ ਗਿਆ, ਜਦਕਿ ਕੌਂਸਲ ਪ੍ਰਧਾਨ ਜਗਪਾਲ ਸਿੰਘ ਜੌਲੀ ਨੇ ਕਿਹਾ ਕਿ ਬੱਸ ਸਟੈਂਡ ਸਮੇਤ ਸ਼ਹਿਰ ਦੇ ਸਾਰੇ ਸੀਸੀਟੀਵੀ ਕੈਮਰੇ ਜਲਦ ਚਾਲੂ ਕਰਵਾਏ ਜਾਣਗੇ।

ਇਸ ਸਬੰਧੀ ਐੱਸਐੱਚਓ ਗਗਨਦੀਪ ਸਿੰਘ ਨੇ ਦੱਸਿਆ ਕਿ ਪੀਆਰਟੀਸੀ ਦੇ ਡਰਾਈਵਰ ਤੇ ਅਧਿਕਾਰੀਆਂ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਬੱਸ ਸਟੈਂਡ ਤੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Related Post