ਸਫਾਈ ਕਰਮਚਾਰੀਆਂ ’ਤੇ ਪੁਲਿਸ ਲਾਠੀਚਾਰਜ ਮਾਮਲਾ; ਭਲਕੇ ਬਰਨਾਲਾ ਪਹੁੰਚਣਗੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ
ਬਰਨਾਲਾ ਵਿੱਚ ਸਫ਼ਾਈ ਕਰਮਚਾਰੀਆਂ 'ਤੇ ਹੋਏ ਪੁਲਿਸ ਲਾਠੀਚਾਰਜ ਦੇ ਮਾਮਲੇ ਨੇ ਸੂਬੇ ਭਰ ਵਿੱਚ ਚਰਚਾ ਛੇੜ ਦਿੱਤੀ ਹੈ। ਇਸ ਘਟਨਾ ਦੌਰਾਨ ਜ਼ਖ਼ਮੀ ਹੋਏ ਸਫ਼ਾਈ ਕਰਮਚਾਰੀਆਂ ਦਾ ਹਾਲ-ਚਾਲ ਪੁੱਛਣ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਕੱਲ੍ਹ (26 ਜੁਲਾਈ) ਨੂੰ ਸਵੇਰੇ 9 ਵਜੇ ਸਿਵਲ ਹਸਪਤਾਲ ਬਰਨਾਲਾ ਪਹੁੰਚਣਗੇ।
ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਇਸ ਘਟਨਾ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ 23 ਜੁਲਾਈ ਨੂੰ ਸੂਮੋਟੋ ਨੋਟਿਸ ਜਾਰੀ ਕੀਤਾ ਸੀ ਅਤੇ ਸਬੰਧਿਤ ਅਧਿਕਾਰੀਆਂ ਤੋਂ ਤੁਰੰਤ ਰਿਪੋਰਟ ਮੰਗੀ ਸੀ। ਕਮਿਸ਼ਨ ਦੀ ਸਖ਼ਤ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਨੇ 24 ਜੁਲਾਈ ਨੂੰ ਘਟਨਾ ਨਾਲ ਸਬੰਧਿਤ ਡੀਐਸਪੀ ਸਤਵੀਰ ਸਿੰਘ ਬੈਂਸ ਨੂੰ ਮੁਅੱਤਲ ਕਰ ਦਿੱਤਾ।
ਆਪਣੇ ਦੌਰੇ ਦੌਰਾਨ ਚੇਅਰਮੈਨ ਗੜ੍ਹੀ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਸਫਾਈ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈਣਗੇ। ਇਸ ਦੇ ਨਾਲ ਹੀ ਉਹ ਡਾਕਟਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਕੇ ਜ਼ਖ਼ਮੀਆਂ ਨੂੰ ਦਿੱਤੇ ਜਾ ਰਹੇ ਇਲਾਜ ਅਤੇ ਸਰਕਾਰੀ ਸਹਾਇਤਾ ਦਾ ਜਾਇਜ਼ਾ ਲੈਣਗੇ।
ਚੇਅਰਮੈਨ ਗੜ੍ਹੀ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਨਾਲ ਅਨਿਆਂ ਜਾਂ ਜ਼ਿਆਦਤੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਇਸ ਮਾਮਲੇ ਦੀ ਪੂਰੀ ਨਿਗਰਾਨੀ ਕਰ ਰਿਹਾ ਹੈ ਅਤੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਜ਼ਖ਼ਮੀ ਸਫ਼ਾਈ ਕਰਮਚਾਰੀਆਂ ਨੂੰ ਹਰ ਸੰਭਵ ਮਦਦ ਅਤੇ ਇਨਸਾਫ਼ ਦਿਵਾਉਣ ਲਈ ਕਮਿਸ਼ਨ ਵਚਨਬੱਧ ਹੈ। ਚੇਅਰਮੈਨ ਦੇ ਇਸ ਦੌਰੇ ਨੂੰ ਸਫ਼ਾਈ ਕਰਮਚਾਰੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਇੱਕ ਮਹੱਤਵਪੂਰਨ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਨਾਲ ਪੀੜਤ ਕਰਮਚਾਰੀਆਂ ਨੂੰ ਇਨਸਾਫ਼ ਮਿਲਣ ਦੇ ਰਾਹ ਹੋਰ ਮਜ਼ਬੂਤ ਹੋਣਗੇ।
ਇਹ ਵੀ ਪੜ੍ਹੋ : Union Minister Dharmendra Pradhan resigns: ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ
- PTC NEWS