ਬੇਖੌਫ ਲੁਟੇਰੇ: ਪਹਿਲਾਂ ਲੁੱਟਿਆ ਹਿਮਾਚਲ ਦਾ ਪਰਿਵਾਰ, ਫਿਰ ਗੋਲੀਆਂ ਚਲਾ ਕੇ ਆੜ੍ਹਤੀਏ ਤੋਂ ਖੋਹੀ ਕਾਰ

By  KRISHAN KUMAR SHARMA January 9th 2024 12:59 PM

ਚੰਡੀਗੜ੍ਹ: ਆਦਮਪੁਰ 'ਚ ਬੇਖੌਫ ਲੁਟੇਰਿਆਂ ਵੱਲੋਂ ਗੋਲੀਆਂ ਚਲਾ ਕੇ ਪੈਟਰੋਲ ਪੰਪ (Petrol Pump) ਤੋਂ ਇੱਕ ਵਿਅਕਤੀ ਕੋਲੋਂ ਕਾਰ ਖੋਹਣ ਦੀ ਘਟਨਾ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਪਹਿਲਾਂ ਹਿਮਾਚਲ (Himachal) ਦੇ ਪਰਿਵਾਰ ਤੋਂ ਵੀ ਲੁੱਟ (Loot) ਕੀਤੀ, ਜਿਸ ਤੋਂ ਬਾਅਦ ਇਨ੍ਹਾਂ ਨੇ ਆਦਮਪੁਰ 'ਚ ਪੈਟਰੋਲ ਪੰਪ 'ਤੇ ਗੋਲੀਆਂ ਚਲਾ ਕੇ ਕਾਰ ਖੋਹੀ ਤੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਜਿਸ ਨੂੰ ਪੁਲਿਸ (Punjab Police) ਨੇ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ ਅਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਵੇਦ ਚੱਢਾ ਤੜਕਸਾਰ ਗੱਡੀ 'ਚ ਤੇਲ ਪਵਾਉਣ ਆਇਆ ਸੀ, ਕਿ ਲੁਟੇਰਿਆਂ ਦਾ ਸ਼ਿਕਾਰ ਹੋ ਗਿਆ।

ਪਹਿਲਾਂ ਲੁੱਟਿਆ ਹਿਮਾਚਲ ਦਾ ਪਰਿਵਾਰ

ਦੱਸਿਆ ਜਾ ਰਿਹਾ ਹੈ ਲੁਟੇਰਿਆਂ ਵੱਲੋਂ ਪੰਜਾਬ 'ਚ ਲੁੱਟ ਤੋਂ ਪਹਿਲਾਂ ਹਿਮਾਚਲ ਦੇ ਇੱਕ ਪਰਿਵਾਰ ਕੋਲੋਂ ਗਹਿਣੇ ਤੇ ਨਕਦੀ ਲੁੱਟੀ ਗਈ। ਜਾਣਕਾਰੀ ਅਨੁਸਾਰ ਲੁਟੇਰਿਆਂ ਵੱਲੋਂ ਹਿਮਾਚਲ ਦੀ ਇਸ ਫੈਮਿਲੀ ਦੀ ਗੱਡੀ ਨੂੰ ਓਵਰਟੇਕ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਦੋਵੇਂ ਗੱਡੀਆਂ ਆਪਸ 'ਚ ਟਕਰਾਅ ਗਈਆਂ ਅਤੇ ਪਾਸੇ 'ਤੇ ਖੇਤਾਂ 'ਚ ਜਾ ਕੇ ਦੋਵੇਂ ਗੱਡੀਆਂ ਪਲਟ ਗਈਆਂ। ਪਰਿਵਾਰ ਵੱਲੋਂ ਇਸ ਦੌਰਾਨ ਢਾਬੇ 'ਚ ਜਾ ਕੇ ਜਾਨ ਬਚਾਉਣੀ ਚਾਹੀ ਤਾਂ ਲੁਟੇਰਿਆਂ ਨੇ ਪਿੱਛਾ ਨਹੀਂ ਛੱਡਿਆ ਅਤੇ ਢਾਬੇ 'ਚ ਵੜ ਕੇ ਬੰਦੂਕ ਦੀ ਨੋਕ 'ਤੇ ਨਕਦੀ ਤੇ ਗਹਿਣੇ ਲੁੱਟ ਲਏ।

ਪੈਟਰੋਲ ਪੰਪ ਤੋਂ ਆੜ੍ਹਤੀਏ ਤੋਂ ਕੀਤੀ ਕਾਰ ਖੋਹ

ਇਸ ਪਿੱਛੋਂ ਲੁਟੇਰਿਆਂ ਨੇ 6 ਕਿਲੋਮੀਟਰ 'ਤੇ ਪਿੰਡ ਉਦੇਸੀਆਂ ਵਿੱਚ ਸਥਿਤ ਪੈਟਰੋਲ ਪੰਪ 'ਤੇ ਮੁੜ ਗੋਲੀਆਂ ਚਲਾ ਕੇ ਇੱਕ ਆੜ੍ਹਤੀਏ ਤੋਂ ਕਾਰ ਖੋਹ ਲਈ ਅਤੇ ਫਰਾਰ ਹੋ ਗਏ। ਲੁੱਟ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਣ 'ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਕੁੱਝ ਹੀ ਘੰਟਿਆਂ 'ਚ ਕਾਰ ਨੂੰ ਬਰਾਮਦ ਕਰ ਲਿਆ ਗਿਆ ਹੈ।

ਪੁਲਿਸ ਨੇ ਮੋਬਾਈਲ ਤੇ ਕਾਰ ਕੀਤੀ ਬਰਾਮਦ, ਲੁਟੇਰੇ ਫਰਾਰ

ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁਟੇਰਿਆਂ ਦਾ ਇੱਕ ਮੋਬਾਈਲ ਤੇ ਕਾਰ ਨੂੰ ਬਰਾਮਦ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਹ ਫੋਨ ਰਾਮਾਮੰਡੀ ਤੋਂ ਬਰਾਮਦ ਕਰ ਲਿਆ ਹੈ, ਜਦਕਿ ਕਾਰ ਪੁਲਿਸ ਨੇ ਕਰਤਾਰਪੁਰ ਤੋਂ ਬਰਾਮਦ ਕੀਤੀ ਹੈ। ਫਿਲਹਾਲ ਲੁਟੇਰਿਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ। ਦੱਸ ਦਈਏ ਕਿ ਪੀੜਤ ਵਿਵੇਕ ਚੱਢਾ ਸਬਜ਼ੀ ਮੰਡੀ 'ਚ ਏਜੰਟ ਦਾ ਕੰਮ ਕਰਦਾ ਹੈ।

Related Post