Phagwara ਚ ਲੁਟੇਰਿਆਂ ਨੇ SBI ਦੇ ATM ਨੂੰ ਬਣਾਇਆ ਨਿਸ਼ਾਨਾ, ATM ਨੂੰ ਕੱਟ ਕੇ ਨਕਦੀ ਲੁੱਟ ਕੇ ਫਰਾਰ
Phagwara News : ਇਸ ਵੇਲੇ ਦੀ ਵੱਡੀ ਖ਼ਬਰ ਫਗਵਾੜਾ ਸ਼ਹਿਰ ਦੇ ਨਜ਼ਦੀਕੀ ਪਿੰਡ ਖਜੂਰਲਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਐਸਬੀਆਈ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਉਂਦਿਆਂ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੇਖੌਫ਼ ਲੁਟੇਰਿਆਂ ਨੇ ਏਟੀਐਮ ਨੂੰ ਕੱਟ ਕੇ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ
Phagwara News : ਇਸ ਵੇਲੇ ਦੀ ਵੱਡੀ ਖ਼ਬਰ ਫਗਵਾੜਾ ਸ਼ਹਿਰ ਦੇ ਨਜ਼ਦੀਕੀ ਪਿੰਡ ਖਜੂਰਲਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਐਸਬੀਆਈ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਉਂਦਿਆਂ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਬੇਖੌਫ਼ ਲੁਟੇਰਿਆਂ ਨੇ ਏਟੀਐਮ ਨੂੰ ਕੱਟ ਕੇ ਨਕਦੀ ਲੁੱਟ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਸ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਫਗਵਾੜਾ ਮਾਧਵੀ ਸ਼ਰਮਾ ਅਤੇ ਡੀਐਸਪੀ ਫਗਵਾੜਾ ਭਾਰਤ ਭੂਸ਼ਣ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਵੱਲੋਂ ਸੂਚਨਾ ਮਿਲੀ ਸੀ ਕਿ ਖਜੂਰਲਾ ਪਿੰਡ ਵਿੱਚ ਸਥਿਤ ਐਸਬੀਆਈ ਦੇ ਏਟੀਐਮ ’ਚ ਲੁੱਟ ਦੀ ਵਾਰਦਾਤ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਬੈਂਕ ਵੱਲੋਂ ਹੁਣ ਤੱਕ ਨਾ ਤਾਂ ਕੋਈ ਅਧਿਕਾਰਿਕ ਸੂਚਨਾ ਦਿੱਤੀ ਗਈ ਹੈ, ਨਾ ਹੀ ਏਟੀਐਮ ਦੀ ਸੀਸੀਟੀਵੀ ਫੁਟੇਜ ਮੁਹੱਈਆ ਕਰਵਾਈ ਗਈ ਹੈ।
ਇੱਥੋਂ ਤੱਕ ਕਿ ਏਟੀਐਮ ਵਿੱਚ ਕਿੰਨੀ ਨਕਦੀ ਮੌਜੂਦ ਸੀ, ਇਸ ਬਾਰੇ ਵੀ ਬੈਂਕ ਵੱਲੋਂ ਕੋਈ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਡੀਐਸਪੀ ਨੇ ਦੱਸਿਆ ਕਿ ਸਾਲ 2022 ਵਿੱਚ ਵੀ ਇਸੇ ਏਟੀਐਮ ’ਚ ਲੁੱਟ ਦੀ ਵਾਰਦਾਤ ਹੋ ਚੁੱਕੀ ਹੈ। ਉਸ ਤੋਂ ਬਾਅਦ ਪੁਲਿਸ ਵੱਲੋਂ ਬੈਂਕ ਪ੍ਰਬੰਧਨ ਨੂੰ ਕਈ ਵਾਰ ਲਿਖਤੀ ਰੂਪ ਵਿੱਚ ਚੇਤਾਵਨੀ ਦਿੱਤੀ ਗਈ ਸੀ ਕਿ ਏਟੀਐਮ ’ਤੇ ਗਾਰਡ ਤੈਨਾਤ ਕੀਤਾ ਜਾਵੇ ਪਰ ਬੈਂਕ ਅਧਿਕਾਰੀਆਂ ਨੇ ਸੁਰੱਖਿਆ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬੈਂਕ ਦੀ ਇਸ ਲਾਪਰਵਾਹੀ ਦਾ ਹੀ ਨਤੀਜਾ ਹੈ ਕਿ ਇੱਕ ਵਾਰ ਫਿਰ ਲੁਟੇਰੇ ਬਿਨਾਂ ਕਿਸੇ ਡਰ ਦੇ ਏਟੀਐਮ ਨੂੰ ਕੱਟ ਕੇ ਵੱਡੀ ਵਾਰਦਾਤ ਕਰਕੇ ਫਰਾਰ ਹੋ ਗਏ।
ਫਿਲਹਾਲ ਪੁਲਿਸ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਲੁੱਟੀ ਗਈ ਰਕਮ ਕਿੰਨੀ ਹੈ। ਮੌਕੇ ’ਤੇ ਐਸਐਚਓ ਫਗਵਾੜਾ, ਡੀਐਸਪੀ ਫਗਵਾੜਾ ਸਮੇਤ ਹੋਰ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਸਵਾਲ ਇਹ ਹੈ ਕਿ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਵੀ ਜੇ ਬੈਂਕ ਸੁਰੱਖਿਆ ਪ੍ਰਬੰਧ ਨਹੀਂ ਕਰਦਾ ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ’ਤੇ ਕਿਵੇਂ ਰੋਕ ਲੱਗੇਗੀ ਇਹ ਇੱਕ ਵੱਡਾ ਸਵਾਲ ਹੈ ?