ਸਰਹਾਲੀ ਪੁਲਿਸ ਸਟੇਸ਼ਨ 'ਤੇ ਰਾਕੇਟ ਲਾਂਚਰ ਨਾਲ ਹਮਲਾ, ਜਾਨੀ ਨੁਕਸਾਨ ਤੋਂ ਬਚਾਅ

By  Ravinder Singh December 10th 2022 09:12 AM -- Updated: December 10th 2022 12:15 PM

ਸਰਹਾਲੀ ਕਲਾਂ:  ਪੰਜਾਬ ਪੁਲਿਸ ਇਕ ਵਾਰ ਫਿਰ ਗ਼ੈਰ ਸਮਾਜਿਕ ਅਨਸਰਾਂ ਦੇ ਨਿਸ਼ਾਨੇ ਉਤੇ ਆ ਗਈ। ਪੰਜਾਬ ਵਿਚ ਇਕ ਸਾਲ ਵਿਚ ਪੁਲਿਸ ਸਟੇਸ਼ਨ ਉਤੇ ਰਾਕੇਟ ਲਾਂਚਰ ਨਾਲ ਦੂਜੀ ਵਾਰ ਹਮਲਾ ਹੋਇਆ ਹੈ। ਇਸ ਵਾਰ ਗ਼ੈਰ ਸਮਾਜਿਕ ਅਨਸਰਾਂ ਵੱਲੋਂ ਤਰਨਤਾਰਨ ਜ਼ਿਲ੍ਹੇ ਵਿਚ ਸਥਿਤ ਸਰਹਾਲੀ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਮਲੇ ਦੀ ਇਨਪੁਟ ਹੋਣ ਦੇ ਬਾਵਜੂਦ ਵੀ ਸਰਹਾਲੀ ਪੁਲਿਸ ਸਟੇਸ਼ਨ ਉਤੇ ਹਮਲੇ ਨੂੰ ਰੋਕਿਆ ਨਹੀਂ ਜਾ ਸਕੇ। ਇਸ ਨਾਲ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲੀਆਂ ਨਿਸ਼ਾਨ ਖੜ੍ਹੇ ਹੋ ਰਹੇ ਹਨ।

ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਰਹਾਲੀ ਕਲਾਂ 'ਤੇ ਰਾਤ ਲਗਭਗ ਸਵਾ 11 ਵਜੇ ਰਾਕੇਟ ਲਾਂਚਰ ਨਾਲ ਜ਼ਬਰਦਸਤ ਹਮਲਾ ਕੀਤਾ ਗਿਆ। ਥਾਣੇ ਦੇ ਮੁੱਖ ਗੇਟ ਨਾਲ ਟਕਰਾਉਣ ਪਿੱਛੋਂ ਇਹ ਲਾਂਚਰ ਸਾਂਝ ਕੇਂਦਰ ਦੇ ਅੰਦਰ ਜਾ ਵੱਜਾ। ਹਾਲਾਂਕਿ ਇਸ ਹਮਲੇ ਨਾਲ  ਜਾਨੀ ਨੁਕਸਾਨ ਹੋਣ  ਤੋਂ ਬਚਾਅ ਹੋ ਗਿਆ ਪਰ ਸਾਂਝ ਕੇਂਦਰ ਤੇ ਥਾਣੇ ਦੀ ਇਮਾਰਤ ਦੇ ਸ਼ੀਸ਼ੇ ਬੁਰੀ ਤਰ੍ਹਾਂ ਟੁੱਟ ਗਏ ਤੇ ਇਮਾਰਤ ਦੀ ਕੰਧ ਵੀ ਬੁਰੀ ਤਰ੍ਹਾਂ ਨੁਕਸਾਨੀ ਹੈ।


ਦੱਸਿਆ ਜਾ ਰਿਹਾ ਹੈ ਕਿ ਮੌਕੇ 'ਤੇ ਫੋਰੈਂਸਿਕ ਟੀਮਾਂ ਪੁੱਜ ਚੁੱਕੀਆਂ ਹਨ। ਇਸ ਲਈ ਉਕਤ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਥਾਣਾ ਸਰਹਾਲੀ ਨੈਸ਼ਨਲ ਹਾਈਵੇ ਨੰਬਰ 54 'ਤੇ ਮੌਜੂਦ ਹੈ, ਜਿਸ ਦੀ ਇਮਾਰਤ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ। ਮੁਹਾਲੀ 'ਚ ਇਸ ਤਰ੍ਹਾਂ ਦੇ ਹਮਲੇ ਮਗਰੋਂ ਪੰਜਾਬ 'ਚ ਇਹ ਦੂਜਾ ਹਮਲਾ ਹੈ।

ਇਹ ਵੀ ਪੜ੍ਹੋ : ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਮਾਨ ਦੀ ਅਮਿਤ ਸ਼ਾਹ ਨਾਲ ਮੁਲਾਕਾਤ

ਜਾਣਕਾਰੀ ਅਨੁਸਾਰ ਬੀਤੀ ਰਾਤ ਸਰਹਾਲੀ ਥਾਣੇ ਦੇ ਨਾਲ ਲੱਗਦੇ ਸਾਂਝ ਕੇਂਦਰ 'ਤੇ ਆਰ.ਪੀ.ਜੀ. ਧਮਾਕੇ ਦੀ ਆਵਾਜ਼ ਸੁਣ ਕੇ ਜਦੋਂ ਸਰਹਾਲੀ ਥਾਣੇ ਦੀ ਪੁਲਿਸ ਬਾਹਰ ਆਈ ਤਾਂ ਹਮਲਾਵਰ ਫ਼ਰਾਰ ਹੋ ਚੁੱਕੇ ਸਨ। ਥਾਣੇ ਵਿੱਚ ਰਾਤ ਨੂੰ ਮੂਨਸ਼ੀ, ਡਿਊਟੀ ਅਫ਼ਸਰ ਅਤੇ ਦੋ ਕਾਂਸਟੇਬਲਾਂ ਤੋਂ ਇਲਾਵਾ ਕੋਈ ਨਹੀਂ ਸੀ। ਆਰਪੀਜੀ ਅੰਦਰ ਡਿੱਗਣ ਕਾਰਨ ਸਾਂਝ ਕੇਂਦਰ ਦੇ ਸ਼ੀਸ਼ੇ ਟੁੱਟ ਗਏ। ਪੁਲਿਸ ਨੇ ਸਾਂਝ ਕੇਂਦਰ ਨੂੰ ਸੀਲ ਕਰ ਦਿੱਤਾ ਹੈ। ਐਸਐਸਪੀ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਫਿਲਹਾਲ ਸੂਤਰ ਦੱਸ ਰਹੇ ਹਨ ਕਿ ਇਸ ਮਾਮਲੇ 'ਚ ਪੰਜਾਬ ਪੁਲਸ ਦੀਆਂ ਕਾਊਂਟਰ ਇੰਟੈਲੀਜੈਂਸ ਟੀਮਾਂ ਪੂਰੀ ਰਾਤ ਤੋਂ ਹਮਲਾਵਰ ਦਾ ਪਤਾ ਲਗਾਉਣ 'ਚ ਜੁਟੀਆਂ ਹੋਈਆਂ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ।


ਕਾਬਿਲੇਗੌਰ ਹੈ ਕਿ ਪਿਛਲੇ ਸਮੇਂ ਦੌਰਾਨ ਮੁਹਾਲੀ ਅੰਦਰ ਪੁਲਿਸ ਦੇ ਖ਼ੁਫੀਆ ਦਫਤਰ ਉਪਰ ਹਮਲੇ ਦੇ ਤਾਰ ਵੀ ਪੱਟੀ ਇਲਾਕੇ ਨਾਲ ਜੁੜੇ ਸਨ।

Related Post