Bathinda : ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਵਾਰਡਬੰਦੀ ਨੂੰ ਕੀਤਾ ਰੱਦ, ਨਿਗਮ ਅਧਿਕਾਰੀਆਂ ਕੋਲ ਦਰਜ ਕਰਵਾਏ ਇਤਰਾਜ਼

Bathinda wardbandi : ਹਲਕਾ ਇੰਚਾਰਜ ਬਬਲੀ ਢਿੱਲੋਂ ਨੇ ਕਿਹਾ ਕਿ ਨਵੀਂ ਵਾਰਡਬੰਦੀ ਵਿੱਚ ਇੱਕਸਾਰਤਾ ਨਹੀਂ ਹੈ। ਕਈ ਵਾਰਡਾਂ ਵਿੱਚ ਵਸੋਂ ਘੱਟ ਵੱਧ ਦਰਜ ਕੀਤੀ ਗਈ ਹੈ। ਜਦੋਂ ਕਿ ਬਹੁਤੇ ਥਾਵਾਂ 'ਤੇ ਰਾਖਵਾਕਰਨ ਠੀਕ ਨਹੀਂ ਕੀਤਾ ਗਿਆ।

By  KRISHAN KUMAR SHARMA December 28th 2025 08:59 PM -- Updated: December 28th 2025 09:00 PM

Bathinda wardbandi : ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਨਵੇਂ ਸਿਰੇ ਤੋਂ ਕੀਤੀ ਗਈ ਵਾਰਡਬੰਦੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਿਲਕੁਲ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿਲੋਂ ਦੀ ਅਗਵਾਈ ਹੇਠ ਅਕਾਲੀ ਦਲ ਵੱਲੋਂ ਨਿਗਮ ਪ੍ਰਸ਼ਾਸਨ ਕੋਲ ਆਪਣੇ ਇਤਰਾਜ ਦਰਜ ਕਰਵਾਏ ਗਏ। ਇਸ ਮੌਕੇ ਹਲਕਾ ਇੰਚਾਰਜ ਬਬਲੀ ਢਿੱਲੋਂ ਨੇ ਕਿਹਾ ਕਿ ਨਵੀਂ ਵਾਰਡਬੰਦੀ ਵਿੱਚ ਇੱਕਸਾਰਤਾ ਨਹੀਂ ਹੈ। ਕਈ ਵਾਰਡਾਂ ਵਿੱਚ ਵਸੋਂ ਘੱਟ ਵੱਧ ਦਰਜ ਕੀਤੀ ਗਈ ਹੈ। ਜਦੋਂ ਕਿ ਬਹੁਤੇ ਥਾਵਾਂ 'ਤੇ ਰਾਖਵਾਕਰਨ ਠੀਕ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਕਈ ਥਾਵਾਂ ਤੇ ਸ਼ਹਿਰ ਅੰਦਰ ਐਸਸੀ ਵਰਗ ਦੀ ਗਿਣਤੀ ਜਿਆਦਾ ਹੈ, ਪਰ ਉਹਨਾਂ ਵਾਰਡਾਂ ਨੂੰ ਜਨਰਲ ਕਰ ਦਿੱਤਾ ਗਿਆ ਹੈ। ਜਦੋਂ ਕਿ ਜਿਹੜੇ ਵਾਰਡਾਂ ਵਿੱਚ ਜਨਰਲ ਵਰਗ ਦੀ ਵੋਟ ਵੱਧ ਹੈ ਉਹਨਾਂ ਨੂੰ ਰਾਖਵਾਂ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸ਼ਹਿਰ ਦੀ ਵਾਰਡਬੰਦੀ ਭਗੋਲਿਕ ਤੌਰ ਤੇ ਵੀ ਸਹੀ ਨਹੀਂ ਹੈ। ਹਲਕਾ ਇੰਚਾਰਜ ਨੇ ਕਿਹਾ ਕਿ ਨਵੀਂ ਵਾਰਡ ਬੰਦੀ ਵਿੱਚ ਸਪਸ਼ਟ ਤੌਰ 'ਤੇ ਪੱਖਪਾਤ ਕੀਤਾ ਗਿਆ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਸੀ ਕਿ ਵਾਰਡ ਬੰਦੀ ਕਮੇਟੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਨੁਮਾਇੰਦਾ ਲਿਆ ਜਾਵੇ ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਜਿਹਾ ਨਹੀਂ ਕੀਤਾ ਜਿਸ ਕਾਰਨ ਸੱਤਾਧਾਰੀ ਧਿਰ ਨੇ ਆਪਣੇ ਅਨੁਸਾਰ ਵਾਰਡਬੰਦੀ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਨਵੀਂ ਵਾਰਡਬੰਦੀ ਨੂੰ ਬਿਲਕੁਲ ਰੱਦ ਕਰ ਦਿੱਤਾ ਹੈ।

ਬਬਲੀ ਢਿੱਲੋਂ ਨੇ ਕਿਹਾ ਕਿ ਇਤਰਾਜ ਲੈਣ ਵਿੱਚ ਸਮਾਂ ਬਹੁਤ ਘੱਟ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ 22 ਦਸੰਬਰ ਨੂੰ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੀ ਕਾਪੀ 24 ਦਸੰਬਰ ਨੂੰ ਨਗਰ ਨਿਗਮ ਨੇ ਨੋਟਿਸ ਬੋਰਡ 'ਤੇ ਲਾਈ ਹੈ। ਉਹਨਾਂ ਕਿਹਾ ਕਿ ਇਸ ਦੌਰਾਨ ਕਈ ਛੁੱਟੀਆਂ ਆ ਗਈਆਂ ਜਿਸ ਕਾਰਨ ਇਤਰਾਜ਼ ਦੇਣ ਦਾ ਸਮਾਂ ਬਹੁਤ ਘੱਟ ਰਹਿ ਗਿਆ ਹੈ। ਸੀਨੀਅਰ ਅਕਾਲੀ ਆਗੂ ਤੇ ਹਲਕਾ ਇੰਚਾਰਜ ਨੇ ਮੰਗ ਕੀਤੀ ਕਿ ਇਤਰਾਜ਼ ਦਰਜ ਕਰਾਉਣ ਲਈ ਲੋਕਾਂ ਨੂੰ ਪੰਜ ਦਿਨ ਦਾ ਹੋਰ ਸਮਾਂ ਦਿੱਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਤੇ ਨਕਸ਼ੇ ਵਿੱਚ ਕੋਈ ਸਪਸ਼ਟਤਾ ਨਜ਼ਰ ਨਹੀਂ ਆ ਰਹੀ।

ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਰਜ ਕਰਵਾਏ ਇਤਰਾਜਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਉਹ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖਟਕਾਉਣਗੇ। ਇਸ ਮੌਕੇ ਰਾਜਬਿਂਦਰ ਸਿੰਘ ਸਿੱਧੂ, ਨਿਰਮਲ ਸੰਧੂ, ਮੋਹਨਜੀਤ ਪੁਰੀ, ਦਲਜੀਤ ਸਿੰਘ ਬਰਾੜ, ਗੁਰਸੇਵਕ ਮਾਨ, ਵਿਨੋਦ ਕੁਮਾਰ ਬੋਦੀ, ਰਾਜਦੀਪ ਢਿੱਲੋਂ, ਪਰਮਪਾਲ ਸਿੰਘ, ਬਲਵਿੰਦਰ ਕੌਰ, ਜੋਗਿੰਦਰ ਕੌਰ, ਨਰਿੰਦਰ ਪਾਲ ਲਾਡੀ, ਇਕਬਾਲ ਸਿੰਘ ਮਿਠੜੀ, ਪਿਰਤਪਾਲ ਸਿੰਘ, ਡਾਕਟਰ ਗੁਰਸੇਵਕ ਸਿੰਘ, ਰਵਿੰਦਰ ਚੀਮਾ, ਸੁਖਦੇਵ ਬਰਾੜ, ਮਨਮੋਹਨ ਕੁਕੂ, ਹਰਤਾਰ ਸਿੰਘ, ਕਰਮਜੋਗ ਮਾਨ, ਮਨਿੰਦਰ ਸੋਢੀ, ਗੈਰੀ ਸਿੱਧੂ, ਮਨਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।

Related Post