Kartarpur Corridor ਖੋਲ੍ਹਣਾ ਹਜ਼ਾਰਾਂ-ਲੱਖਾਂ ਸ਼ਰਧਾਲੂਆਂ ਦੀ ਮੰਗ, ਸਾਈਂ ਸਈਅਦ ਅਲੀ ਰਜ਼ਾ ਕਾਦਰੀ ਦੀ ਭਾਰਤ ਸਰਕਾਰ ਨੂੰ ਅਪੀਲ
ਅਲੀ ਰਜ਼ਾ ਕਾਦਰੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰੋਜ਼ਾਨਾ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਨਾਲ ਜੁੜੀ ਸੇਵਾ ਅਤੇ ਲੰਗਰ ਦੀ ਪ੍ਰੰਪਰਾ ਨਿਰੰਤਰ ਚੱਲ ਰਹੀ ਹੈ।
ਲਾਹੌਰ (ਪਾਕਿਸਤਾਨ) ਗੱਦੀ ਨਸ਼ੀਨ ਸਾਈ ਮੀਆ ਮੀਰ ਕਾਦਰੀ ਸਾਈਂ ਸਈਅਦ ਅਲੀ ਰਜ਼ਾ ਕਾਦਰੀ ਨੇ ਭਾਰਤ ਸਰਕਾਰ ਨੂੰ ਕਰਤਾਰਪੁਰ ਸਾਹਿਬ ਰਾਹਦਾਰੀ ਜਲਦ ਤੋਂ ਜਲਦ ਖੋਲ੍ਹਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੀਜ਼ਾ ਨੀਤੀ ਵਿੱਚ ਕੁਝ ਨਰਮੀ ਲਿਆਂਦੀ ਜਾਣਾ ਇੱਕ ਸਵਾਗਤਯੋਗ ਕਦਮ ਹੈ, ਪਰ ਇਸ ਦੇ ਨਾਲ ਹੀ ਹਜ਼ਾਰਾਂ-ਲੱਖਾਂ ਸ਼ਰਧਾਲੂਆਂ ਦੀ ਮੰਗ ਹੈ ਕਿ ਕਰਤਾਰਪੁਰ ਲਾਂਘੇ ਨੂੰ ਵੀ ਮੁੜ ਖੋਲ੍ਹਿਆ ਜਾਵੇ ਤਾਂ ਜੋ ਸੰਗਤਾਂ ਆਪਣੇ ਪਵਿੱਤਰ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਕਰ ਸਕਣ।
ਅਲੀ ਰਜ਼ਾ ਕਾਦਰੀ ਨੇ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਰੋਜ਼ਾਨਾ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਧਰਤੀ ਨਾਲ ਜੁੜੀ ਸੇਵਾ ਅਤੇ ਲੰਗਰ ਦੀ ਪ੍ਰੰਪਰਾ ਨਿਰੰਤਰ ਚੱਲ ਰਹੀ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਲਾਂਘਾ ਬੰਦ ਹੋਣ ਕਾਰਨ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਸ਼ਨਾਂ ਤੋਂ ਵਾਂਝੇ ਰਹਿ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ ਮਨ ਵਿੱਚ ਇੱਕ ਅਧੂਰੀ ਇੱਛਾ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨ ਲੋਕਾਂ ਨੂੰ ਆਪਸ ਵਿੱਚ ਜੋੜਨ ਅਤੇ ਅਮਨ, ਪਿਆਰ ਅਤੇ ਭਾਈਚਾਰੇ ਦਾ ਸੰਦੇਸ਼ ਦੇਣ ਲਈ ਹੁੰਦੇ ਹਨ। ਗੁਰਦੁਆਰੇ, ਮਸਜਿਦਾਂ, ਮੰਦਰ ਅਤੇ ਗਿਰਜਾਘਰ ਕਿਸੇ ਨੂੰ ਵੰਡਣ ਨਹੀਂ, ਸਗੋਂ ਮਨੁੱਖਤਾ ਨੂੰ ਇੱਕਜੁੱਟ ਕਰਨ ਦਾ ਸੰਦੇਸ਼ ਦਿੰਦੇ ਹਨ। ਇਸ ਲਈ ਧਾਰਮਿਕ ਸਥਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।
ਉਹਨਾਂ ਨੇ ਕਿਹਾ ਕਿ ਕਰਤਾਰਪੁਰ ਆਉਣ ਵਾਲਾ ਹਰ ਸ਼ਰਧਾਲੂ ਅਮਨ, ਮੁਹੱਬਤ ਅਤੇ ਭਾਈਚਾਰੇ ਦਾ ਸੰਦੇਸ਼ ਲੈ ਕੇ ਵਾਪਸ ਜਾਂਦਾ ਹੈ ਅਤੇ ਦੋਵੇਂ ਦੇਸ਼ਾਂ ਵਿਚਾਲੇ ਚੰਗੇ ਸਬੰਧਾਂ ਲਈ ਅਰਦਾਸ ਕਰਦਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਜੇਕਰ ਕਰਤਾਰਪੁਰ ਰਾਹਦਾਰੀ ਮੁੜ ਖੋਲ੍ਹੀ ਜਾਂਦੀ ਹੈ ਤਾਂ ਇਹ ਦੋਵੇਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਭਰੋਸੇ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰੇਗੀ।
ਅਲੀ ਰਜ਼ਾ ਕਾਦਰੀ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪਾਕਿਸਤਾਨ ਵਿੱਚ ਰਹਿਣ ਵਾਲੇ ਲੋਕ ਭਾਰਤ ਦੇ ਧਾਰਮਿਕ ਅਸਥਾਨਾਂ ਜਿਵੇਂ ਅਜਮੇਰ ਸ਼ਰੀਫ਼ ਅਤੇ ਪਾਣੀਪਤ ਵਿਖੇ ਹਜ਼ਰਤ ਬੂ ਅਲੀ ਕਲੰਦਰ ਦੀ ਦਰਗਾਹ ਦੇ ਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ, ਉਸੇ ਤਰ੍ਹਾਂ ਭਾਰਤ ਦੀ ਸੰਗਤ ਵੀ ਪਾਕਿਸਤਾਨ ਸਥਿਤ ਆਪਣੇ ਪਵਿੱਤਰ ਗੁਰਧਾਮਾਂ ਦੇ ਦਰਸ਼ਨਾਂ ਲਈ ਉਤਸੁਕ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਰਾਹਦਾਰੀ ਮੁੜ ਸ਼ੁਰੂ ਕਰਨ ਦੇ ਨਾਲ-ਨਾਲ ਵੀਜ਼ਾ ਨੀਤੀ ਨੂੰ ਹੋਰ ਸਰਲ ਬਣਾਇਆ ਜਾਵੇ ਤਾਂ ਜੋ ਦੋਵੇਂ ਦੇਸ਼ਾਂ ਦੇ ਸ਼ਰਧਾਲੂ ਆਪਣੇ-ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਣ।
ਇਹ ਵੀ ਪੜ੍ਹੋ :