Sat, Aug 1, 2026
Whatsapp

ਬੇਅਦਬੀ ਕਾਨੂੰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨਾਲ ਰਾਬਤਾ ਕਰੇ ਸਰਕਾਰ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਸਰਕਾਰ ਨੂੰ ਬੇਅਦਬੀ ਕਨੂੰਨ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕਰਦਿਆਂ ਸੋਧ ਬਾਰੇ ਫੈਸਲਾ ਲੈਣਾ ਚਾਹੀਦਾ ਹੈ।

Reported by:  PTC News Desk  Edited by:  Amritpal Singh -- August 01st 2026 05:07 PM
ਬੇਅਦਬੀ ਕਾਨੂੰਨ  'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨਾਲ ਰਾਬਤਾ ਕਰੇ ਸਰਕਾਰ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਬੇਅਦਬੀ ਕਾਨੂੰਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਮੇਟੀ ਨਾਲ ਰਾਬਤਾ ਕਰੇ ਸਰਕਾਰ : ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ

ਅੰਮ੍ਰਿਤਸਰ- ਸਰਕਾਰ ਨੂੰ ਬੇਅਦਬੀ ਕਨੂੰਨ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਉੱਚ ਪੱਧਰੀ ਕਮੇਟੀ ਨਾਲ ਬੈਠ ਕੇ ਵਿਚਾਰ-ਵਟਾਂਦਰਾ ਕਰਦਿਆਂ ਸੋਧ ਬਾਰੇ ਫੈਸਲਾ ਲੈਣਾ ਚਾਹੀਦਾ ਹੈ। ਜੇਕਰ ਸਰਕਾਰ ਸੱਚੇ ਮਨ ਨਾਲ ਸਥਾਈ ਹੱਲ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਕਿਸੇ ਤਰ੍ਹਾਂ ਦੀ ਚਲਾਕੀ ਨਹੀਂ ਕਰਨੀ ਚਾਹੀਦੀ।  ਇਹ ਪ੍ਰਗਟਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੀਰੀ ਪੀਰੀ ਖਾਲਸਾ ਮਾਰਚ ਦੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਰਾਹ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਝਾਈਆਂ ਸੋਧਾਂ ਕਰਨ ਨਾਲ ਨਾ ਸਿਰਫ਼ ਇੱਕ ਸਰਬਪੱਖੀ ਅਤੇ ਪ੍ਰਭਾਵਸ਼ਾਲੀ ਸਤਿਕਾਰ ਐਕਟ ਬਣੇਗਾ, ਸਗੋਂ ਸਮਾਜ ਵਿੱਚ ਭਰੋਸੇ ਅਤੇ ਸਦਭਾਵਨਾ ਦਾ ਮਾਹੌਲ ਵੀ ਮਜ਼ਬੂਤ ਹੋਵੇਗਾ।


ਜਥੇਦਾਰ ਗੜਗੱਜ ਨੇ ਇਹ ਵੀ ਕਿਹਾ ਕਿ ਛੇਵੇਂ ਪਾਤਸ਼ਾਹ ਵੱਲੋਂ ਬਖਸਿਆ ਮੀਰੀ ਪੀਰੀ ਦਾ ਸਿਧਾਂਤ ਸਿੱਖ ਨੂੰ ਧਰਮ ਅਧੀਨ ਰਾਜਨੀਤੀ ਦੀ ਪ੍ਰੇਰਨਾ ਦਿੰਦਾ ਹੈ। ਜੋ ਲੋਕ ਧਰਮ ਅਤੇ ਰਾਜਨੀਤੀ ਨੂੰ ਵੱਖ ਕਰਨ ਦੀ ਗੱਲ ਕਰਦੇ ਹਨ ਉਹ ਸਿੱਖ ਸਿਧਾਂਤਾਂ ਦੀ ਸਮਝ ਨਹੀਂ ਰੱਖਦੇ। ਅੱਜ ਸਮੇਂ ਦੀ ਲੋੜ ਹੈ ਕਿ ਸਿੱਖ ਨੂੰ ਸਿਆਸੀ ਤੌਰ ਤੇ ਵੀ ਮਜ਼ਬੂਤ ਹੋਵੇ।

ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਬਾਣੀ, ਗੁਰਮਤਿ ਸਿਧਾਂਤਾਂ ਅਤੇ ਪੰਥਕ ਏਕਤਾ ਤੋਂ ਦੂਰ ਹੋਏ, ਤਾਂ ਵਿਰੋਧੀ ਤਾਕਤਾਂ ਨੇ ਸਾਡੀਆਂ ਸੰਸਥਾਵਾਂ ਤੇ ਹਮਲੇ ਕੀਤੇ। ਅੱਜ ਵੀ ਹਕੂਮਤਾਂ ਪੰਥ ਦੇ ਮਾਮਲਿਆਂ ਵਿਚ ਦਖਲ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ।  ਉਨ੍ਹਾਂ ਸੰਗਤਾਂ ਨੂੰ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਪ੍ਰੇਰਨਾ ਕੀਤੀ।

ਉਨ੍ਹਾਂ ਜੈਤੋ ਮੋਰਚੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਲਾਹੇ ਜਾਣਾ ਕੇਵਲ ਸਿਆਸੀ ਮਸਲਾ ਨਹੀਂ ਸੀ, ਸਗੋਂ ਸਿੱਖਾਂ ਦੀ ਧਾਰਮਿਕ ਆਜ਼ਾਦੀ ਅਤੇ ਸਵੈਮਾਨ ਉੱਤੇ ਹਮਲਾ ਸੀ। ਇਸ ਅਨਿਆਂ ਦੇ ਵਿਰੁੱਧ ਸਿੱਖ ਕੌਮ ਨੇ ਸ਼ਾਂਤੀਪੂਰਨ ਪਰ ਅਡੋਲ ਸੰਘਰਸ਼ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ `ਚ ਸਿੱਖਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਮੋਰਚਾ ਲਾਇਆ। ਇਸ ਮੋਰਚੇ ਵਿਚ ਸੈਂਕੜੇ ਸਿੰਘ-ਸਿੰਘਣੀਆਂ ਨੇ ਸ਼ਹਾਦਤਾਂ ਦੇ ਕੇ ਇਹ ਸਾਬਤ ਕੀਤਾ ਕਿ ਸਿੱਖ ਆਪਣੇ ਧਰਮ ਅਤੇ ਸਿਧਾਂਤਾਂ ਦੀ ਰੱਖਿਆ ਲਈ ਹਰ ਕੁਰਬਾਨੀ ਦੇ ਸਕਦਾ ਹੈ, ਪਰ ਕਦੇ ਝੁਕਦਾ ਨਹੀਂ।

ਨੌਂਵੇਂ ਦਿਨ ਅੱਜ ਇਹ ਖਾਲਸਾ ਮਾਰਚ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਫਰੀਦਕੋਟ ਤੋਂ ਅਗਲੇ ਪੜਾਅ ਸ੍ਰੀ ਮੁਕਤਸਰ ਸਾਹਿਬ ਲਈ ਰਵਾਨਾ ਹੋਇਆ। ਖ਼ਾਲਸਾ ਮਾਰਚ ਦੀ ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਵੀ ਮੀਰੀ ਪੀਰੀ ਖਾਲਸਾ ਮਾਰਚ ਦੇ ਮਕਸਦ ਅਤੇ ਸਿੱਖ ਸਿਧਾਂਤਾਂ ਸਬੰਧੀ ਵਿਚਾਰਾਂ ਕੀਤੀਆਂ।

ਆਰੰਭਤਾ ਸਮੇਂ ਅਰਦਾਸ ਮਗਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਾਲਕੀ ਸਾਹਿਬ ਵਿੱਚ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਨੇ ਸ਼ੁਸ਼ੋਭਿਤ ਕੀਤਾ ਅਤੇ ਚੌਰ ਸਾਹਿਬ ਦੀ ਸੇਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਭਾਈ। ਮੀਰੀ ਪੀਰੀ ਖਾਲਸਾ ਮਾਰਚ ਪ੍ਰਤੀ ਸੰਗਤਾਂ ਅੰਦਰ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਵੱਖ ਵੱਖ ਪੜਾਵਾਂ ਤੇ ਸੰਗਤਾਂ ਵੱਲੋਂ ਖਾਲਸਾ ਮਾਰਚ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ।

ਮੀਰੀ ਪੀਰੀ ਖਾਲਸਾ ਮਾਰਚ ਦਾ ਪਿੰਡ ਡੇਲਿਆਂਵਾਲੀ, ਰੋੜੀ ਕਪੂਰਾ, ਰਾਮੇਆਣਾ, ਮੱਲਣ, ਗੂੜੀ ਸੰਘਰ, ਕਾਉਣੀ, ਦੋਦਾ, ਭੁੱਲਰ, ਬਰਕੰਦੀ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਈ ਗਈ।

ਖਾਲਸਾ ਮਾਰਚ ਦਾ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਪਹੁੰਚਣ ਤੇ ਸੀਨੀਅਰ ਅਕਾਲੀ ਆਗੂ ਤਜਿੰਦਰ ਸਿੰਘ ਮਿੱਡੂਖੇੜਾ, ਗੁਰਵਿੰਦਰ ਸਿੰਘ, ਬੀਬੀ ਗੁਰਦਿਆਲ ਕੌਰ ਮੱਲਣ, ਐਡਵੋਕੇਟ ਗੁਰਮੀਤ ਸਿੰਘ ਮਾਨ, ਚਰਨਜੀਤ ਸਿੰਘ ਭੂੰਦੜ ਤੇ ਸ਼੍ਰੋਮਣੀ ਕਮੇਟੀ ਮੈਂਬਰ ਨਵਤੇਜ ਸਿੰਘ ਕਾਉਣੀ ਦੀ ਅਗਵਾਈ ਹੇਠ ਨੌਜਵਾਨਾਂ ਨੇ ਭਰਵਾਂ ਸਵਾਗਤ ਕੀਤਾ। ਸਾਰੇ ਨੌਜਵਾਨਾਂ ਨੇ ਖਾਸ ਤੌਰ ਤੇ ਪੀਲੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ।

ਖ਼ਾਲਸਾ ਮਾਰਚ ਦਾ ਅੱਜ ਰਾਤ ਦਾ ਪੜਾਅ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਵੇਗਾ, ਜਿਥੋਂ ਭਲਕੇ ਅਗਲੇ ਪੜਾਅ ਲਈ ਰਵਾਨਾ ਹੋਵੇਗਾ। ਖ਼ਾਲਸਾ ਮਾਰਚ ਨਾਲ ਚੱਲ ਰਹੀ ਗੁਰੂ ਸਾਹਿਬਾਨ ਅਤੇ ਸ਼ਹੀਦ ਸਿੰਘਾਂ ਦੇ ਸ਼ਸ਼ਤਰਾਂ ਵਾਲੀ ਬੱਸ ਅਤੇ ਵੱਖ-ਵੱਖ ਗੱਡੀਆਂ ’ਤੇ ਲਗਾਏ ਗਏ ਸ਼ਹੀਦ ਸਿੰਘਾਂ ਦੇ ਸਚਿੱਤਰ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਖਾਲਸਾ ਮਾਰਚ ਦੌਰਾਨ ਨੌਜਵਾਨਾਂ ਨੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਲਿਖੀਆਂ ਤਖ਼ਤੀਆਂ ਲਹਿਰਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਣ ਦੀ ਭਾਵਨਾ ਪ੍ਰਗਟਾਈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK