Sangrur Bus Stand ਛਾਉਣੀ ’ਚ ਤਬਦੀਲ; CM ਰਿਹਾਇਸ਼ ਦਾ ਘਿਰਾਓ ਕਰਨਗੇ ਰੋਡਵੇਜ਼ ਤੇ PRTC ਦੇ ਠੇਕਾ ਮੁਲਾਜ਼ਮ

ਪੰਜਾਬ ਰੋਡਵੇਜ਼, ਪਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨਾਂ ਦੀ ਹੜਤਾਲ ਕਾਰਨ ਸਰਕਾਰੀ ਬੱਸ ਸੇਵਾਵਾਂ ਠੱਪ ਹੋ ਗਈਆਂ। ਇਹ ਹੜਤਾਲ ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਅਤੇ ਹੋਰ ਮੰਗਾਂ ਲਈ ਕੀਤੀ ਗਈ ਹੈ। ਮੁਸਾਫਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

By  Aarti February 12th 2026 12:11 PM -- Updated: February 12th 2026 01:41 PM

Sangrur Bus Stand Police Force : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਹੜਤਾਲ ਕਾਰਨ ਵੀਰਵਾਰ ਨੂੰ ਸਰਕਾਰੀ ਬੱਸਾਂ ਠੱਪ ਹੋ ਗਈਆਂ। ਯੂਨੀਅਨ ਨੇ ਗ੍ਰਿਫ਼ਤਾਰ ਸਾਥੀਆਂ ਦੀ ਰਿਹਾਈ ਅਤੇ ਹੋਰ ਮੰਗਾਂ ਦੀ ਮੰਗ ਨੂੰ ਲੈ ਕੇ ਇਹ ਹੜਤਾਲ ਕੀਤੀ, ਜਿਸਦਾ ਸਿੱਧਾ ਅਸਰ ਆਮ ਯਾਤਰੀਆਂ 'ਤੇ ਪੈ ਰਿਹਾ ਹੈ। ਨੌਕਰੀ ਪੇਸ਼ਾ ਲੋਕਾਂ ਤੇ ਵਿਦਿਆਰਥੀਆਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। 

ਦੱਸ ਦਈਏ ਕਿ ਯੂਨੀਅਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਉੱਥੇ ਹੀ ਦੂਜੇ ਪਾਸੇ ਅੱਜ ਠੇਕਾ ਮੁਲਾਜ਼ਮਾਂ ਵੱਲੋਂ ਸੀਐੱਮ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਵੇਗਾ।ਜਿਸ ਕਾਰਨ ਸੰਗਰੂਰ ’ਚ ਮਾਹੌਲ ਤਣਾਅਪੂਰਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। 

ਦੱਸ ਦਈਏ ਕਿ ਇਸ ਸਮੇਂ ਸੰਗਰੂਰ ਬੱਸ ਸਟੈਂਡ ਪੁਲਿਸ ਛਾਉਣੀ ’ਚ ਤਬਦੀਲ ਹੋ ਗਿਆ ਹੈ। ਦੱਸ ਦਈਏ ਕਿ 28 ਨਵੰਬਰ ਵਾਲੀ ਘਟਨਾ ਮਗਰੋਂ ਪੁਲਿਸ ਚੌਕਸ ਹੋਈ ਪਈ ਹੈ। ਪੀਆਰਟੀਸੀ ਦੇ ਮੁਲਾਜ਼ਮਾਂ ਨਾਲ 28 ਨਵੰਬਰ ਨੂੰ ਹੋਈ ਝੜਪ ਤੋਂ ਬਾਅਦ ਪੁਲਿਸ ਨੇ ਹਰ ਤਰ੍ਹਾਂ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਹਨ। ਪੁਲਿਸ ਵੱਲੋਂ ਬੱਸ ਸਟੈਂਡ ਦੇ ਨੇੜੇ ਐਮਬੂਲੈਂਸ ਹਾਈਡਰ ਤੇ ਫਾਇਰ ਗੇਟ ਦੀਆਂ ਗੱਡੀਆਂ ਲਗਾਈਆਂ ਗਈਆਂ ਹਨ। ਨਾਲ ਹੀ ਵਾਟਰ ਕੈਨਨ ਵੀ ਤੈਨਾਤ ਕੀਤੀ ਹੋਈ ਹੈ। ਪੁਲਿਸ ਵੱਲੋਂ ਪੂਰੀ ਚੌਕਸੀ ਵਧਾਈ ਹੋਈ ਹੈ।

ਕਾਬਿਲੇਗੌਰ ਹੈ ਕਿ ਸੂਬੇ ਭਰ ਵਿੱਚ ਪੀਆਰਟੀਸੀ ਅਤੇ ਰੋਡਵੇਜ਼ ਨਾਲ ਸਬੰਧਿਤ ਕਰੀਬ 7000 ਠੇਕਾ ਮੁਲਾਜ਼ਮ ਦੂਜੇ ਦਿਨ ਵੀ ਹੜਤਾਲ ’ਤੇ ਡਟੇ ਹੋਏ ਹਨ। ਯੂਨੀਅਨ ਦੇ ਆਗੂ ਬਚਿੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲੀ ਮੰਗ ਸਾਰੇ ਠੇਕਾ, ਕੰਟਰੈਕਟ ਅਤੇ ਆਊਟ ਸੋਰਸ  ਤਹਿਤ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ। ਦੂਜੀ ਵੱਡੀ ਮੰਗ ਇਹ ਹੈ ਕਿ ਪਿਛਲੀ ਹੜਤਾਲ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਆਗੂਆਂ ਅਤੇ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕੁਝ ਸਾਥੀਆਂ ‘ਤੇ ਧਾਰਾ 307 ਦੇ ਮਾਮਲੇ ਦਰਜ ਕਰਕੇ ਹਜੇ ਵੀ ਜੇਲ੍ਹਾਂ ਵਿੱਚ ਰੱਖਿਆ ਗਿਆ ਹੈ, ਜਿਸ ਨਾਲ ਮੁਲਾਜ਼ਮਾਂ ਵਿੱਚ ਡੂੰਘਾ ਰੋਸ ਹੈ।

ਬਚਿੱਤਰ ਸਿੰਘ ਨੇ ਇਲਜ਼ਾਮ ਲਾਇਆ ਕਿ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਨੇ ਵੀ ਮੁਲਾਜ਼ਮਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ। ਚੋਣਾਂ ਤੋਂ ਪਹਿਲਾਂ ਸਾਰੀਆਂ ਮੰਗਾਂ ਮੰਨਣ ਦੇ ਭਰੋਸੇ ਦਿੱਤੇ ਗਏ ਸਨ, ਪਰ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਗਿਆ। ਉਲਟਾ ਸਾਡੇ ਉੱਤੇ ਲਾਠੀ ਚਾਰਜ ਕੀਤਾ ਗਿਆ ਅਤੇ ਝੂਠੇ ਮਾਮਲੇ ਦਰਜ ਕੀਤੇ ਗਏ। 

ਉਨ੍ਹਾਂ ਕਿਹਾ ਕਿ ਹੜਤਾਲ ਕਰਨਾ ਮੁਲਾਜ਼ਮਾਂ ਦਾ ਸ਼ੌਕ ਨਹੀਂ, ਸਗੋਂ ਮਜਬੂਰੀ ਹੈ। ਕੱਲ੍ਹ ਸਰਕਾਰ ਨਾਲ ਲੰਬੀ ਮੀਟਿੰਗ ਵੀ ਹੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਰਾਤ ਨੂੰ ਕੁਝ ਆਗੂਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ, ਜਿਸ ਕਾਰਨ ਰੋਸ ਹੋਰ ਵੱਧ ਗਿਆ। ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਕੋਠੀ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਸੀ, ਜਿਸਨੂੰ ਯੂਨੀਅਨ ਦੇ ਬੰਦ ਸੱਦੇ ਕਰਕੇ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਵੇਲੇ ਜ਼ਿਲ੍ਹਾ ਪੱਧਰ ’ਤੇ ਸ਼ਾਂਤਮਈ ਧਰਨੇ ਜਾਰੀ ਹਨ।

ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਉਣ ਵਾਲੇ ਸਮੇਂ ’ਚ ਧਰਨੇ ਲਗਾਏ ਜਾਣਗੇ ਅਤੇ ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਵੀ ਕੀਤਾ ਜਾਵੇਗਾ। ਮੁਲਾਜ਼ਮਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਤੁਰੰਤ ਮੰਨ ਕੇ ਮਾਮਲੇ ਦਾ ਸ਼ਾਂਤਮਈ ਹੱਲ ਕੱਢਿਆ ਜਾਵੇ।

ਇਹ ਵੀ ਪੜ੍ਹੋ : Punjab Bus Strike : ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ,ਪੰਜਾਬ ’ਚ ਅੱਜ ਹੋਵੇਗਾ ਬੱਸਾਂ ਦਾ ਚੱਕਾ ਜਾਮ

Related Post