ਪੰਜਾਬ ਚ SKM ਨੇ ਵਧਾਈਆਂ BJP ਦੀਆਂ ਮੁਸ਼ਕਲਾਂ, ਪਿੰਡਾਂ ਚ ਲਾਏ ਜਾਣਗੇ ਲੀਡਰਾਂ ਨੂੰ ਸਵਾਲ ਪੁੱਛਦੇ ਬੋਰਡ
Lok Sabha Election 2024: ਪੰਜਾਬ 'ਚ ਲੋਕ ਸਭਾ ਚੋਣ (Punjab Lok Sabha 2024) ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ (ਗ਼ੈਰ-ਰਾਜਨੀਤਕ) ਨੇ ਭਾਜਪਾ (BJP) ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ। ਭਾਜਪਾ ਉਮੀਦਵਾਰਾਂ ਵੱਲੋਂ ਜਿਥੇ ਪਹਿਲਾਂ ਹੀ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਘਿਰਾਉ ਕਾਰਨ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਉਥੇ ਹੁਣ ਇਸ ਐਲਾਨ ਨੇ ਭਾਜਪਾ ਆਗੂਆਂ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ। ਮੋਰਚੇ ਦੇ ਕਿਸਾਨ ਆਗੂਆਂ ਨੇ ਇੱਕ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਭਾਜਪਾ ਆਗੂਆਂ ਨੂੰ ਕੁੱਝ ਸਵਾਲ ਪੁੱਛੇ ਗਏ ਹਨ। SKM ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਆਉਣ ਵਾਲੇ ਹਰ ਭਾਜਪਾ ਆਗੂ ਨੂੰ ਪਹਿਲਾਂ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਰਚੇ ਵੱਲੋਂ ਇੱਕ 11 ਸਵਾਲਾਂ ਵਾਲਾ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਭਾਜਪਾ ਆਗੂਆਂ ਤੋਂ ਸਵਾਲ ਪੁੱਛੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸਵਾਲ ਭਾਜਪਾ ਸਰਕਾਰ ਵੱਲੋਂ ਕਿਸਾਨਾਂ (Kisan Andolan 2.0) 'ਤੇ ਕੀਤੇ ਜ਼ੁਲਮ ਅਤੇ ਨਾਇਨਸਾਫੀ ਨੂੰ ਦਰਸਾਉਂਦੇ ਹਨ। ਆਗੂਆਂ ਨੇ ਕਿਹਾ ਕਿ ਇਹ ਪੋਸਟਰ ਪੰਜਾਬ ਭਰ ਦੇ ਪਿੰਡਾਂ ਦੇ ਬਾਹਰ ਲਾਏ ਜਾਣਗੇ, ਜਦੋਂ ਵੀ ਭਜਪਾ ਆਗੂ ਪਿੰਡ ਆਉਣਗੇ ਤਾਂ ਕਿਸਾਨ ਉਨ੍ਹਾਂ ਤੋਂ ਇਹ ਸਾਰੇ ਸਵਾਲ ਪੁੱਛਣਗੇ। ਉਨ੍ਹਾਂ ਕਿਸਾਨਾਂ ਨੂੰ ਭਾਜਪਾ ਆਗੂਆਂ ਤੋਂ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛਣ ਦੀ ਵੀ ਅਪੀਲ ਕੀਤੀ ਹੈ।
ਪੋਸਟਰ ਵਿੱਚ ਪੁੱਛ ਗਏ ਇਹ 11 ਸਵਾਲ...
- ਅੰਦੋਲਨ ਸਮੇਂ ਕਿਸਾਨਾਂ ਸਾਹਮਣੇ ਕਿੱਲ ਕਿਉਂ ਗੱਡੇ, ਬੈਰੀਕੇਡ ਕਿਉਂ ਲਾਏ, ਅੱਥਰੂ ਗੈਸ ਕਿਉਂ ਛੱਡੀ, ਗੋਲੀਆਂ ਕਿਉਂ ਚਲਾਈਆਂ? ਕੀ ਅਸੀਂ ਵਿਦੇਸ਼ੀ ਹਾਂ? ਕਿਸਾਨਾਂ ਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ?
- ਨੌਜਵਾਨ ਕਿਸਾਨ ਸ਼ੁਭਕਰਨ ਨੂੰ ਗੋਲੀ ਮਾਰ ਕੇ ਸ਼ਹੀਦ ਕਿਉਂ ਕੀਤਾ? ਕਿਸਾਨਾਂ ਦੇ ਟਰੈਕਟਰ ਕਿਉਂ ਭੰਨੇ? 400 ਕਿਸਾਨ ਕਿਉਂ ਫੱਟੜ ਕੀਤੇ?
- ਐਮਐਸਪੀ ਦੀ ਕਾਨੂੰਨੀ ਗਰੰਟੀ ਦਾ ਵਾਅਦਾ ਕਰਕੇ ਕਿਉਂ ਮੁੱਕਰੇ? ਸਵਾਮੀਨਾਥਨ ਰਿਪੋਰਟ ਕਿਉਂ ਲਾਗੂ ਨਹੀਂ ਕੀਤੀ? ਸੀ-2 50% ਫਾਰਮੂਲਾ ਲਾਗੂ ਕਰਨ ਵਿੱਚ ਕੀ ਮੁਸ਼ਕਲ ਹੈ?
- ਲਖੀਮਪੁਰ ਖੀਰੀ ਦੇ ਕਤਲਾਂ ਵਿੱਚ ਇਨਸਾਫ ਲਈ ਰੋੜੇ ਕਿਉਂ ਅਟਕਾਏ ਗਏ? ਅਜੈ ਮਿਸ਼ਰਾ ਟੈਨੀ ਨੂੰ ਸਰਕਾਰੀ ਪਨਾਹ ਦੇਣ ਲਈ ਮੰਤਰੀ ਮੰਡਲ ਵਿੱਚ ਕਿਉਂ ਰੱਖਿਆ ਗਿਆ?
- ਦਿੱਲੀ ਅੰਦੋਲਨ ਸਮੇਂ ਕਿਸਾਨਾਂ ਉੱਤੇ ਦਰਜ ਕੀਤੇ ਸਾਰੇ ਕੇਸ ਵਾਪਸ ਕਿਉਂ ਨਹੀਂ ਲਏ ?
- ਕਾਰਪੋਰੇਟਾਂ ਦਾ ਕਰਜ਼ਾ ਮਾਫ ਕਰਨ ਵਿੱਚ ਜੇ ਦਿੱਕਤ ਨਹੀਂ ਤਾਂ ਕਿਸਾਨਾਂ ਦੀ ਕਰਜ਼ਾ ਮੁਕਤੀ ਵਿੱਚ ਕੀ ਮੁਸ਼ਕਲ ਹੈ?
- ਬਿਜਲੀ ਸੋਧ ਬਿੱਲ 2020 ਵਾਅਦਾ ਖਿਲਾਫੀ ਕਰਕੇ ਪਾਰਲੀਮੈਂਟ ਵਿੱਚ ਕਿਉਂ ਪੇਸ਼ बीडा?
- ਪ੍ਰਦੂਸ਼ਣ ਵਾਲੇ ਕਾਨੂੰਨ ਵਿੱਚੋਂ ਖੇਤੀ ਖੇਤਰ ਬਾਹਰ ਕਿਉਂ ਨਹੀਂ ਕੱਢਿਆ?
- ਚੋਣ ਬਾਂਡਾਂ ਦੇ ਭਰਿਸ਼ਟਾਚਾਰ ਰਾਹੀਂ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਕੋਲ ਕਿਉਂ ਵੇਚਿਆ ਗਿਆ?
- ਭਾਖੜਾ ਅਤੇ ਪੌਂਗ ਡੈਮਾਂ ਉਤੇ ਡੈਮ ਸੇਫਟੀ ਐਕਟ ਬਣਾ ਕੇ ਪੰਜਾਬ ਤੋਂ ਕਿਉਂ ਖੋਹੇ ਗਏ ?
- ਸਾਈਲੋਜ ਦੇ ਬਹਾਨੇ ਪੰਜਾਬ ਦੀਆਂ ਮੰਡੀਆਂ ਕਿਉਂ ਤੋੜ ਰਹੇ ਹੋ?