ਪੰਜਾਬ 'ਚ SKM ਨੇ ਵਧਾਈਆਂ BJP ਦੀਆਂ ਮੁਸ਼ਕਲਾਂ, ਪਿੰਡਾਂ 'ਚ ਲਾਏ ਜਾਣਗੇ ਲੀਡਰਾਂ ਨੂੰ ਸਵਾਲ ਪੁੱਛਦੇ ਬੋਰਡ
Lok Sabha Election 2024: ਪੰਜਾਬ 'ਚ ਲੋਕ ਸਭਾ ਚੋਣ (Punjab Lok Sabha 2024) ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ (ਗ਼ੈਰ-ਰਾਜਨੀਤਕ) ਨੇ ਭਾਜਪਾ (BJP) ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ ਹੈ। ਭਾਜਪਾ ਉਮੀਦਵਾਰਾਂ ਵੱਲੋਂ ਜਿਥੇ ਪਹਿਲਾਂ ਹੀ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਘਿਰਾਉ ਕਾਰਨ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ, ਉਥੇ ਹੁਣ ਇਸ ਐਲਾਨ ਨੇ ਭਾਜਪਾ ਆਗੂਆਂ ਲਈ ਕਸੂਤੀ ਸਥਿਤੀ ਪੈਦਾ ਕਰ ਦਿੱਤੀ ਹੈ। ਮੋਰਚੇ ਦੇ ਕਿਸਾਨ ਆਗੂਆਂ ਨੇ ਇੱਕ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਭਾਜਪਾ ਆਗੂਆਂ ਨੂੰ ਕੁੱਝ ਸਵਾਲ ਪੁੱਛੇ ਗਏ ਹਨ। SKM ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਆਉਣ ਵਾਲੇ ਹਰ ਭਾਜਪਾ ਆਗੂ ਨੂੰ ਪਹਿਲਾਂ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਪਵੇਗਾ।
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਰਚੇ ਵੱਲੋਂ ਇੱਕ 11 ਸਵਾਲਾਂ ਵਾਲਾ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਭਾਜਪਾ ਆਗੂਆਂ ਤੋਂ ਸਵਾਲ ਪੁੱਛੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਸਵਾਲ ਭਾਜਪਾ ਸਰਕਾਰ ਵੱਲੋਂ ਕਿਸਾਨਾਂ (Kisan Andolan 2.0) 'ਤੇ ਕੀਤੇ ਜ਼ੁਲਮ ਅਤੇ ਨਾਇਨਸਾਫੀ ਨੂੰ ਦਰਸਾਉਂਦੇ ਹਨ। ਆਗੂਆਂ ਨੇ ਕਿਹਾ ਕਿ ਇਹ ਪੋਸਟਰ ਪੰਜਾਬ ਭਰ ਦੇ ਪਿੰਡਾਂ ਦੇ ਬਾਹਰ ਲਾਏ ਜਾਣਗੇ, ਜਦੋਂ ਵੀ ਭਜਪਾ ਆਗੂ ਪਿੰਡ ਆਉਣਗੇ ਤਾਂ ਕਿਸਾਨ ਉਨ੍ਹਾਂ ਤੋਂ ਇਹ ਸਾਰੇ ਸਵਾਲ ਪੁੱਛਣਗੇ। ਉਨ੍ਹਾਂ ਕਿਸਾਨਾਂ ਨੂੰ ਭਾਜਪਾ ਆਗੂਆਂ ਤੋਂ ਸ਼ਾਂਤਮਈ ਤਰੀਕੇ ਨਾਲ ਸਵਾਲ ਪੁੱਛਣ ਦੀ ਵੀ ਅਪੀਲ ਕੀਤੀ ਹੈ।
-