Patiala Police : ਐਸ.ਸੀ.ਕਮਿਸ਼ਨ ਵੱਲੋਂ ਵੱਖ-ਵੱਖ ਮਾਮਲਿਆਂ ਚ ਪਟਿਆਲਾ ਦੇ SP ਤੇ DSP ਸਿਟੀ-1 ਤਲਬ
SC Commission Punjab : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਦੋ ਵੱਖ ਵੱਖ ਮਾਮਲਿਆਂ ਵਿਚ ਪਟਿਆਲਾ ਦੇ ਐਸ.ਪੀ. ਅਤੇ ਡੀ.ਐਸ.ਪੀ ਸਿਟੀ 1 ਨੂੰ ਤਲਬ ਕੀਤਾ ਹੈ।
Punjab SC Commission Summons Patiala Police : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਦੋ ਵੱਖ ਵੱਖ ਮਾਮਲਿਆਂ ਵਿਚ ਪਟਿਆਲਾ ਦੇ ਐਸ.ਪੀ. ਅਤੇ ਡੀ.ਐਸ.ਪੀ ਸਿਟੀ 1 ਨੂੰ ਤਲਬ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਰਾਮ ਪ੍ਰਸ਼ਾਦ ਪੁੱਤਰ ਵਾਸਦੇਵ ਉਮਰ 70 ਸਾਲ ਵਾਸੀ ਪਿੰਡ ਬਲਬੇੜਾ ਜਿਲ੍ਹਾ ਅਤੇ ਤਹਿਸੀਲ ਪਟਿਆਲਾ ਨੇ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦਾ ਮੁੰਡਾ ਗੁਰਤੇਜ ਸਿੰਘ ਦੁਕਾਨ 'ਤੇ ਕੰਮ ਕਰਦਾ ਹੈ ਅਤੇ ਜਦੋਂ ਮਿਤੀ 13-12-2025 ਨੂੰ ਉਹ ਕੰਮ 'ਤੇ ਗਿਆ, ਪਰ ਉਨ੍ਹਾਂ ਨੂੰ ਉਸੇ ਦਿਨ ਸਵੇਰੇ 11 ਵਜੇ ਫੋਨ ਆਇਆ ਕਿ ਗੁਰਤੇਜ ਸਿੰਘ ਦੀ ਮੌਤ ਹੋ ਗਈ ਹੈ।

ਪੁਲਿਸ ਨੇ ਮ੍ਰਿਤਕ ਦੇਹ ਮੋਰਚਰੀ ਵਿੱਚ ਰਖਵਾ ਦਿੱਤੀ ਸੀ। ਥਾਣਾ ਸਿਵਲ ਲਾਈਨ ਪਟਿਆਲਾ ਨੇ ਸਾਡੀ ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀ ਕੀਤੀ, ਉਲਟ 174 ਦੀ ਕਾਰਵਾਈ ਕਰਕੇ ਸਾਨੂੰ ਕਿਹਾ ਕਿ ਇਨ੍ਹਾਂ ਦਾ ਸੰਸਕਾਰ ਕਰ ਦਿਓ। ਜਦੋਂ ਅਸੀ ਖੁਦ ਮੁੰਡੇ ਦੀ ਮ੍ਰਿਤਕ ਦੇਹ ਨੂੰ ਦੇਖਿਆ ਤਾਂ ਉਹ ਅੱਗ ਨਾਲ ਬੁਰੀ ਤਰ੍ਹਾਂ ਝੁਲਸੀ ਹੋਈ ਸੀ।
ਇਸ ਮਾਮਲੇ ਵਿਚ ਕਮਿਸ਼ਨ ਵੱਲੋਂ ਪਟਿਆਲਾ ਪੁਲਿਸ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਕੀਤੀਆਂ ਗਈਆਂ ਪ੍ਰੰਤੂ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਸਬੰਧੀ ਕਾਰਵਾਈ ਕਰਦਿਆਂ ਡੀ.ਐਸ.ਪੀ-ਸਿਟੀ 1 ਪਟਿਆਲਾ ਸਤਿਨਾਮ ਸਿੰਘ ਨੂੰ ਮਿਤੀ 14 ਜਨਵਰੀ 2026 ਨੂੰ ਤਲਬ ਕੀਤਾ ਹੈ।

ਇਸੇ ਤਰ੍ਹਾਂ ਦੂਜੇ ਮਾਮਲੇ ਉਨ੍ਹਾਂ ਦੱਸਿਆ ਕਿ ਸੁਖਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਧਾਮੋ ਮਾਜਰਾ ਪਟਿਆਲਾ ਵਲੋਂ ਥਾਣੇਦਾਰ ਬਲਜੀਤ ਸਿੰਘ ਖਿਲਾਫ ਪੁਲਿਸ ਕੋਲ ਦਰਜ਼ ਮਾਮਲੇ ਵਿਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੀਆਂ ਹਦਾਇਤਾਂ ਦੇ ਬਾਵਜੂਦ ਕਾਰਵਾਈ ਅਮਲ ਵਿੱਚ ਨਾ ਲਿਆਉਣ ਦੇ ਮਾਮਲੇ ਵਿਚ ਪਟਿਆਲਾ ਜ਼ਿਲ੍ਹੇ ਦੇ ਪੰਜਾਬ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਐਸ.ਪੀ. ਸਵਰਨਜੀਤ ਕੌਰ ਨੂੰ 14 ਜਨਵਰੀ 2026 ਨੂੰ ਤਲਬ ਕੀਤਾ ਹੈ।