Amritsar 'ਚ ਦਿਨ-ਦਿਹਾੜੇ ਵੱਡੀ ਵਾਰਦਾਤ , ਸੁਨਿਆ 'ਤੇ ਤਲਵਾਰਾਂ ਨਾਲ ਹਮਲਾ ਕਰਕੇ ਲੁੱਟਿਆ 425 ਗ੍ਰਾਮ ਸੋਨਾ
Amritsar Robbery : ਅੰਮ੍ਰਿਤਸਰ ਦੇ ਥਾਣਾ ਸੀ-ਡਵੀਜ਼ਨ ਦੇ ਅਧੀਨ ਪੈਂਦੇ ਨਿਊ ਫਲਾਵਰ ਸਕੂਲ ਦੇ ਨੇੜੇ 8-10 ਹਥਿਆਰਬੰਦ ਵਿਅਕਤੀਆਂ ਨੇ ਸੁਨਿਆਰੇ ਨੂੰ ਘੇਰ ਕੇ ਕਿਰਪਾਨਾਂ ਨਾਲ ਹਮਲਾ ਕਰਕੇ 425 ਗ੍ਰਾਮ ਸੋਨਾ ਲੁੱਟ ਲਿਆ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰ ਦੀ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਕਾਰੋਬਾਰੀ ਮੁਖਤਾਰ ਸਿੰਘ ਦੇ ਪਰਿਵਾਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਹੋਏ ਹਮਲੇ ਦੀ ਇੱਕ ਸਨਸਨੀਖੇਜ਼ ਵੀਡੀਓ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕੁਝ ਨੌਜਵਾਨ ਇੱਕ ਕਾਲੀ ਕਾਰ ਵਿੱਚ ਆਉਂਦੇ ਹਨ ਅਤੇ ਇੱਕ ਬਾਈਕ ਸਵਾਰ 'ਤੇ ਹਮਲਾ ਕਰਦੇ ਹਨ। ਟੱਕਰ ਲੱਗਣ 'ਤੇ ਬਾਈਕ ਸਵਾਰ ਜ਼ਮੀਨ 'ਤੇ ਡਿੱਗ ਪੈਂਦਾ ਹੈ ਅਤੇ ਹਮਲਾਵਰ ਹਥਿਆਰ ਲੈ ਕੇ ਪੀੜਤ ਦਾ ਪਿੱਛਾ ਕਰਦੇ ਦਿਖਾਈ ਦੇ ਰਹੇ ਹਨ।
ਪੀੜਤ ਦੇ ਰਿਸ਼ਤੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਜ਼ਖਮੀ ਮੁਖਤਾਰ ਸਿੰਘ ਦਾ ਸੁਲਤਾਨਵਿੰਡ ਰੋਡ ਇਲਾਕੇ ਵਿੱਚ ਗਹਿਣਿਆਂ ਦਾ ਸ਼ੋਰੂਮ ਹੈ। ਵੀਰਵਾਰ ਨੂੰ ਉਹ ਸ਼ੋਰੂਮ ਤੋਂ 425 ਗ੍ਰਾਮ ਸੋਨਾ ਲੈ ਕੇ ਘਰ ਆ ਗਏ ਸਨ। ਸ਼ੁੱਕਰਵਾਰ ਸਵੇਰੇ 10:30 ਵਜੇ ਜਦੋਂ ਉਹ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਇੱਕ ਗਾਹਕ ਨੂੰ ਇਹ ਸੋਨਾ ਦੇਣ ਜਾ ਰਹੇ ਸਨ ਤਾਂ ਰਸਤੇ ਵਿੱਚ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਨੌਜਵਾਨਾਂ ਨੇ ਪਹਿਲਾਂ ਉਨ੍ਹਾਂ ਦੇ ਬਾਈਕ ਨੂੰ ਟੱਕਰ ਮਾਰੀ ਅਤੇ ਫਿਰ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਹਥਿਆਰਬੰਦ ਲੋਕਾਂ ਨੇ ਮੁਖਤਾਰ ਸਿੰਘ 'ਤੇ ਤਲਵਾਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਸੋਨਾ ਲੁੱਟ ਕੇ ਫ਼ਰਾਰ ਹੋ ਗਏ। ਇਹ ਘਟਨਾ ਅੰਮ੍ਰਿਤਸਰ ਦੇ ਨਿਊ ਫਲਾਵਰ ਸਕੂਲ ਨੇੜੇ ਵਾਪਰੀ। ਵੀਡੀਓ ਵਿੱਚ ਪੂਰੇ ਹਮਲੇ ਦੀ ਵਾਰਦਾਤ ਕੈਦ ਹੋ ਗਈ ਹੈ। ਪੀੜਤ ਮੁਖਤਿਆਰ ਸਿੰਘ ਅੰਤਰਯਾਮੀ ਕਲੋਨੀ ਦਾ ਨਿਵਾਸੀ ਦੱਸਿਆ ਜਾਂਦਾ ਹੈ। ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦਿਨ-ਦਿਹਾੜੇ ਅਜਿਹੀਆਂ ਘਟਨਾਵਾਂ ਪੁਲਿਸ ਦੇ ਕੰਮਕਾਜ 'ਤੇ ਸਵਾਲ ਖੜ੍ਹੇ ਕਰਦੀਆਂ ਹਨ।
- PTC NEWS