Raikot ਦੇ ਨੌਜਵਾਨ ਨੇ ਭਰਾ ਦੀ ਚਿੱਟੇ ਨਾਲ ਹੋਈ ਮੌਤ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਕੀਤਾ ਬੇਨਕਾਬ , ਆਪ ਬਲਾਕ ਪ੍ਰਧਾਨ 'ਤੇ ਲਾਏ ਗੰਭੀਰ ਇਲਜ਼ਾਮ
Raikot News : ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਹਕੀਕਤ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲੁਧਿਆਣਾ ਜ਼ਿਲ੍ਹੇ ਦੇ ਤਹਿਸੀਲ ਰਾਏਕੋਟ ਵਿੱਚ ਪਿੰਡ ਅਕਾਲਗੜ੍ਹ ਕਲਾਂ ਦੇ ਨੌਜਵਾਨ ਅਮਰਜੀਤ ਸਿੰਘ ਦੀਪੂ ਨੇ ਆਪਣੇ ਛੋਟੇ ਭਰਾ ਦੀ ਚਿੱਟੇ ਨਸ਼ੇ ਨਾਲ ਹੋਈ ਦਰਦਨਾਕ ਮੌਤ ਦਾ ਬਦਲਾ ਲੈਣ ਲਈ ਬਹਾਦਰੀ ਨਾਲ ਅੱਗੇ ਆ ਕੇ ਨਸ਼ਾ ਤਸਕਰਾਂ ਨੂੰ ਬੇਪਰਦਾ ਕੀਤਾ ਹੈ। ਫੇਸਬੁੱਕ ਲਾਈਵ ਵਿੱਚ ਉਸ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਰਮੇਸ਼ ਜੈਨ 'ਤੇ ਗੰਭੀਰ ਇਲਜ਼ਾਮ ਲਾਏ ਹਨ ਕਿ ਉਹ ਨਸ਼ਾ ਤਸਕਰਾਂ ਨੂੰ ਪੁਲਿਸ ਥਾਣੇ ਤੋਂ ਛੁਡਵਾ ਰਹੇ ਹਨ ਅਤੇ ਧਮਕੀਆਂ ਵੀ ਦੇ ਰਹੇ ਹਨ। ਇਹ ਖੁਲਾਸਾ ਨਾ ਸਿਰਫ਼ ਨਸ਼ਾ ਮਾਫ਼ੀਆ ਦੀ ਪਿੱਠ ਨੂੰ ਛੂਹ ਰਿਹਾ ਹੈ, ਬਲਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲੰਧਰ ਵਿੱਚ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਨੂੰ ਵੀ ਬੇਅਸਰ ਕਰ ਰਿਹਾ ਹੈ।
ਦੀਪੂ ਨੇ ਆਪਣੇ ਭਾਵੁਕ ਅੰਦਾਜ਼ ਵਿੱਚ ਦੱਸਿਆ ਕਿ ਉਸ ਨੇ ਖੁਫ਼ੀਆ ਤਰੀਕੇ ਨਾਲ ਨਸ਼ਾ ਤਸਕਰਾਂ ਦੇ ਗਰੁੱਪ ਵਿੱਚ ਸ਼ਾਮਲ ਹੋ ਕੇ ਇੱਕ ਵੀਡੀਓ ਬਣਾਈ, ਜਿਸ ਵਿੱਚ ਏਅਰ ਫੋਰਸ ਸਟੇਸ਼ਨ ਹਲਵਾਰਾ ਨੇੜੇ ਇੱਕ ਗੁਪਤ ਕਮਰੇ ਵਿੱਚ ਚਿੱਟੇ ਨਸ਼ੇ ਦੀ ਖੁੱਲ੍ਹੀ ਵਰਤੋਂ ਨੂੰ ਫੜਿਆ ਗਿਆ ਹੈ। ਇਹ ਜਗ੍ਹਾ ਸੁਧਾਰ ਥਾਣੇ ਤੋਂ ਸਿਰਫ਼ 3 ਕਿਲੋਮੀਟਰ ਦੂਰ ਹੈ, ਪਰ ਪੁਲਿਸ ਨੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ। ਇਸ ਨੂੰ ਲੈ ਕੇ ਨਸ਼ਾ ਤਸਕਰਾਂ ਨੇ ਪਿੰਡ ਦੇ ਚੌਂਕ ਵਿੱਚ ਦੀਪੂ ਨੂੰ ਬੇਰਹਿਮੀ ਨਾਲ ਕੁੱਟਿਆ, ਜਿਸ ਤੋਂ ਬਾਅਦ ਪੁਲਿਸ ਨੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ। ਇੱਥੇ ਦੀਪੂ ਨੇ ਸਥਾਨਕ ਆਪ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੂੰ ਫੋਨ ਕਰ ਕੇ ਸਭ ਕੁਝ ਦੱਸਿਆ ਅਤੇ ਵਿਧਾਇਕ ਨੇ ਨਸ਼ਾ ਤਸਕਰਾਂ ਵਿਰੁੱਧ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਪਰ ਬਲਾਕ ਪ੍ਰਧਾਨ ਰਮੇਸ਼ ਜੈਨ ਨੇ ਕਥਿਤ ਤੌਰ 'ਤੇ ਪੁਲਿਸ ਨੂੰ ਪ੍ਰਭਾਵਿਤ ਕਰ ਕੇ ਤਸਕਰਾਂ ਨੂੰ ਛੱਡ ਦਿੱਤਾ। ਜਦੋਂ ਦੀਪੂ ਨੇ ਐਸਐਚਓ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਜੈਨ ਦਾ ਨਾਂ ਲੈ ਕੇ ਗੱਲ ਟਾਲ ਦਿੱਤੀ।
ਹੁਣ ਮਾਮਲਾ ਹੋਰ ਗੰਭੀਰ ਹੋ ਗਿਆ ਹੈ ਕਿਉਂਕਿ ਰਮੇਸ਼ ਜੈਨ ਨੇ ਵੱਟਸਐਪ 'ਤੇ ਦੀਪੂ ਨੂੰ ਧਮਕੀਆਂ ਦਿੱਤੀਆਂ ਅਤੇ ਬੁਰਾ ਭਲਾ ਕਿਹਾ। ਪੀਟੀਸੀ ਨਿਊਜ਼ ਦੇ ਕੈਮਰੇ ਅੱਗੇ ਆ ਕੇ ਦੀਪੂ ਨੇ ਆਪਣੀ ਪੂਰੀ ਕਹਾਣੀ ਸੁਣਾਈ ਅਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਫੇਲ੍ਹ ਕਰਾਰ ਦਿੱਤਾ। ਉਸ ਨੇ ਕਿਹਾ, "ਨਸ਼ੇ ਨੇ ਮੇਰਾ ਭਰਾ ਖਾ ਲਿਆ, ਹੁਣ ਆਪ ਵਾਲੇ ਆਪਣੇ ਆਗੂ ਨਸ਼ਾ ਤਸਕਰਾਂ ਨੂੰ ਬਚਾ ਰਹੇ ਹਨ। ਅਸੀਂ ਸੂਰਮੇ ਨਹੀਂ, ਪੀੜਤ ਹਾਂ!" ਇਸ ਖੁਲਾਸੇ ਨੇ ਪੰਜਾਬ ਵਿੱਚ ਨਸ਼ਾ ਵਿਰੋਧੀ ਲੜਾਈ ਨੂੰ ਨਵਾਂ ਮੋੜ ਦੇ ਦਿੱਤਾ ਹੈ।
ਇਸ ਮਾਮਲੇ ਵਿੱਚ ਆਪ ਬਲਾਕ ਪ੍ਰਧਾਨ ਰਮੇਸ਼ ਜੈਨ ਨੂੰ ਫੋਨ ਕਰ ਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਰੁੱਝੇ ਹੋਣ ਦਾ ਬਹਾਨਾ ਬਣਾ ਕੇ ਟਾਲ ਗਏ ਅਤੇ ਬਾਅਦ ਵਿੱਚ ਫੋਨ ਨਹੀਂ ਚੁੱਕਿਆ। ਥਾਣਾ ਸੁਧਾਰ ਦੇ ਮੁਖੀ ਗੁਰਦੀਪ ਸਿੰਘ ਨੇ ਵੀ ਮੀਡੀਆ ਨੂੰ ਕੋਈ ਜਵਾਬ ਨਹੀਂ ਦਿੱਤਾ। ਇਹ ਚੁੱਪੀ ਕਈ ਸਵਾਲ ਖੜ੍ਹੇ ਕਰ ਰਹੀ ਹੈ ਕੀ ਨਸ਼ਾ ਮਾਫ਼ੀਆ ਨੂੰ ਸਿਆਸੀ ਸਰਪ੍ਰਸਤੀ ਮਿਲ ਰਹੀ ਹੈ? ਪੰਜਾਬ ਦੇ ਨੌਜਵਾਨਾਂ ਦੀ ਜਾਨ ਨਾਲ ਖੇਡਣ ਵਾਲੇ ਕੌਣ ਹਨ ਅਸਲ ਵਿੱਚ? ਸਰਕਾਰ ਨੂੰ ਇਸ 'ਤੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ ਨਸ਼ਾ ਵਿਰੋਧੀ ਮੁਹਿੰਮ ਸਿਰਫ਼ ਕਾਗਜ਼ੀ ਰਹਿ ਜਾਵੇਗੀ।
- PTC NEWS