Shiromani Akali Dal ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਵੱਲੋਂ ਮਿਲੀ ਵੱਡੀ ਰਾਹਤ

ਮਜੀਠੀਆ ਦੇ ਕਾਨੂੰਨੀ ਪ੍ਰਤੀਨਿਧੀ ਅਤੇ ਮੁਲਾਕਾਤ ਲਈ ਸੂਚੀਬੱਧ ਵਿਅਕਤੀ ਉਨ੍ਹਾਂ ਨਾਲ ਬਿਨਾਂ ਰੋਕ ਟੋਕ ’ਤੇ ਇਕੱਲੇ ਮੁਲਾਕਾਤ ਕਰ ਸਕਦੇ ਹਨ।

By  Aarti September 10th 2025 06:51 PM -- Updated: September 10th 2025 09:14 PM

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਿਕ ਮੁਹਾਲੀ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਨੂੰ ਮੁਲਾਕਾਤ ਅਤੇ ਬੈਰਕ ਬਦਲੀ ਮਾਮਲੇ ਵਿਚ ਰਾਹਤ ਦਿੱਤੀ ਹੈ।

ਅੱਜ ਮਹਾਲੀ ਅਦਾਲਤ ਵਿਖੇ ਸੁਣਵਾਈ ਉਪਰੰਤ ਜੱਜ ਹਰਦੀਪ ਸਿੰਘ ਨੇ ਬਚਾਅ ਧਿਰ ਦੇ ਵਲੋਂ ਜੇਲ ਪ੍ਰਸ਼ਾਸਨ ਤੇ ਮਜੀਠੀਆ ਨਾਲ ਮੁਲਾਕਾਤ ਦੌਰਾਨ ਲਗਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ ਕਿ ਮਜੀਠੀਆ ਦੇ ਕਾਨੂੰਨੀ ਪ੍ਰਤੀਨਿਧੀ ਅਤੇ ਮੁਲਾਕਾਤ ਲਈ ਸੂਚੀਬੱਧ ਵਿਅਕਤੀ ਉਨ੍ਹਾਂ ਨਾਲ ਬਿਨਾਂ ਰੋਕ ਟੋਕ ’ਤੇ ਇਕੱਲੇ ਮੁਲਾਕਾਤ ਕਰ ਸਕਦੇ ਹਨ।

ਇਸ ਤੋਂ ਪਹਿਲਾਂ ਮਜੀਠੀਆ ਦੇ ਵਕੀਲਾਂ ਅਨੁਸਾਰ ਨਾਭਾ ਨਵੀਂ ਜਿਲ੍ਹਾ ਜੇਲ੍ਹ ਵਿਖੇ ਨਜ਼ਰਬੰਦ ਮਜੀਠੀਆ ਨਾਲ ਮੁਲਾਕਾਤ ਸਮੇਂ ਬਹੁਤ ਸਾਰੀਆਂ ਦਿੱਕਤਾਂ ਜੇਲ ਪ੍ਰਸ਼ਾਸਨ ਵਲੋਂ ਖੜੀਆਂ ਕੀਤੀਆਂ ਜਾਂਦੀਆਂ ਸਨ। ਜਿਵੇਂ ਕਿ ਮੁਲਾਕਾਤ ਦਾ ਸਮਾਂ ਘਟਾਉਣਾ ਤੇ ਪਰਿਵਾਰਕ ਮੈਂਬਰਾਂ ਨੂੰ ਨਾ ਮਿਲਣ ਦੇਣਾ। ਮੁਹਾਲੀ ਅਦਾਲਤ ਨੇ ਇਸ ਮਾਮਲੇ ਦੀ ਸੰਜੀਦਗੀ ਨੂੰ ਵੇਖਦਿਆਂ ਮਜੀਠੀਆ ਦੇ ਸੰਵਿਧਾਨਿਕ ਹੱਕਾਂ ਅਨੁਸਾਰ ਉਹਨਾਂ ਨੂੰ ਆਪਣੇ ਨਜ਼ਦੀਕੀਆਂ ਨਾਲ ਬਿਨਾਂ ਜੇਲ੍ਹ ਪ੍ਰਸ਼ਾਸਨ ਦੀ ਨਾਜਾਇਜ਼ ਦਖਲਅੰਦਾਜ਼ੀ ਦੇ ਮੁਲਾਕਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਇਸ ਦੇ ਨਾਲ ਹੀ ਬੈਰਕ ਬਦਲੀ ਅਰਜ਼ੀ ਦੇ ਵਿਚ ਅਦਾਲਤ ਨੇ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਮਜੀਠੀਆ ਉੱਤੇ ਸਮੇਂ ਸਾਰਨੀ ਅਨੁਸਾਰ ਨਿਯਮਤ ਤੌਰ ’ਤੇ ਨਿਗਰਾਨੀ ਰੱਖਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਜਦਕਿ ਇਸ ਤੋਂ ਪਹਿਲਾਂ ਮਜੀਠੀਆ ਦੇ ਵਕੀਲਾਂ ਵਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਅੰਦਰ ਕੜੀ ਨਿਗਰਾਨੀ ਹੇਠ ਸਜ਼ਾ ਯਾਫਤਾ ਕੈਦੀਆਂ ਨਾਲ ਰੱਖਿਆ ਜਾ ਰਿਹਾ ਹੈ।

Related Post