ਕੜਾਕੇ ਦੀ ਠੰਢ ਨੇ ਛੇੜੀ ਕੰਬਣੀ, ਸੰਘਣੀ ਧੁੰਦ ਕਾਰਨ ਪੰਜਾਬ 'ਚ ਜਨਜੀਵਨ ਹੋਇਆ ਪ੍ਰਭਾਵਿਤ

By  Ravinder Singh January 10th 2023 08:33 AM

ਚੰਡੀਗੜ੍ਹ : ਪੰਜਾਬ ਵਿੱਚ ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ ਹੈ। ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੰਗਲਵਾਰ ਨੂੰ ਸੰਘਣੀ ਧੁੰਦ ਦੇ ਨਾਲ ਕੜਾਕੇ ਦੀ ਠੰਢ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਕਾਰਨ ਕਈ ਸ਼ਹਿਰਾਂ ਦਾ ਘੱਟੋ-ਘੱਟ ਤਾਪਮਾਨ ਥੱਲੇ ਆ ਗਿਆ ਹੈ। ਇਸ ਦੇ ਨਾਲ ਹੀ ਬੁੱਧਵਾਰ ਤੋਂ ਸੂਬੇ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਪੇਸ਼ੀਨਗੋਈ ਹੈ।


ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਤੋਂ ਇਲਾਵਾ ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ ਅਤੇ ਜਲੰਧਰ ਜ਼ਿਲ੍ਹਿਆਂ 'ਚ ਕੁਝ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਇਹ ਸਿਲਸਿਲਾ 13 ਜਨਵਰੀ ਤੱਕ ਜਾਰੀ ਰਹੇਗਾ। ਦੂਜੇ ਪਾਸੇ ਪੱਛਮੀ ਮਾਲਵਾ ਖੇਤਰ ਦੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ।

ਸੰਘਣੀ ਧੁੰਦ ਕਾਰਨ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ’ਚ ਸੂਰਜ ਦੇ ਦਰਸ਼ਨ ਨਸੀਬ ਨਹੀਂ ਹੋ ਰਹੇ ਹਨ ਤਾਂ ਹਿਮਾਚਲ ਪ੍ਰਦੇਸ਼ ਦੇ ਲੋਕ ਇਸ ਦਾ ਨਿੱਘ ਮਾਣ ਰਹੇ ਹਨ। ਪਹਾੜਾਂ ਦੀ ਰਾਣੀ ਵਜੋਂ ਜਾਣੇ ਜਾਂਦੇ ਸ਼ਿਮਲਾ ’ਚ ਦਿਨ ਗਰਮ ਚੱਲ ਰਹੇ ਹਨ ਜਦਕਿ ਚੰਡੀਗੜ੍ਹ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਅੰਬਾਲਾ, ਕਰਨਾਲ ਅਤੇ ਦਿੱਲੀ ’ਚ ਸੀਤ ਲਹਿਰ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾਈਆਂ ਹੋਈਆਂ ਹਨ। 
ਪੰਜਾਬ ਵਿਚ ਸੰਘਣੀ ਧੁੰਦ ਕਾਰਨ ਜ਼ਿੰਦਗੀ ਦੀ ਰਫ਼ਤਾਰ ਬਹੁਤ ਹੌਲੀ ਹੋ ਗਈ ਅਤੇ ਹਾਈਵੇ ਉਤੇ ਟਾਵੇਂ-ਟਾਵੇਂ ਵਾਹਨ ਨਜ਼ਰ ਆ ਰਹੇ ਸਨ। ਹਾਈਵੇ ਉਤੇ ਵਾਹਨ ਬਹੁਤ ਹੌਲੀ ਰਫਤਾਰ ਵਿਚ ਲਾਈਟਾਂ ਜਗਾ ਕੇ ਆਪਣੀ ਮੰਜ਼ਿਲ ਵੱਲ ਵਧ ਰਹੇ ਸਨ। ਇਸ ਤੋਂ ਇਲਾਵਾ ਪੇਂਡੂ ਇਲਾਕਿਆਂ ਵਿਚ ਧੁੰਦ ਜ਼ਿਆਦਾ ਹੋਣ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਹਾਈਵੇ ਉਤੇ ਵਿਜ਼ਿਬਿਲਟੀ ਲਗਭਗ 40-50 ਮੀਟਰ ਤੋਂ ਵੀ ਘੱਟ ਸੀ।

ਇਹ ਵੀ ਪੜ੍ਹੋ : ਪੰਜਾਬ ’ਚ ਮੁੜ ਵਾਪਰੀ ਵੱਡੀ ਘਟਨਾ, ਲੁਟੇਰਿਆਂ ਵੱਲੋਂ ਪੁਲਿਸ ਮੁਲਾਜ਼ਮ ਦਾ ਕਤਲ

ਇਸ ਤੋਂ ਇਲਾਵਾ ਕਈ ਥਾਈਂ ਲੋਕ ਅੱਗ ਬਾਲ ਕੇ ਹੱਡ ਚੀਰਵੀਂ ਠੰਢ ਤੋਂ ਨਿਜਾਤ ਪਾਉਣ ਦੀ ਕੋਸ਼ਿਸ਼ ਕਰਦੇ ਵੀ ਦੇਖੇ ਗਏ। ਸੰਘਣੀ ਧੁੰਦ ਕਾਰਨ ਸੜਕੀ ਆਵਾਜਾਈ ਤੋਂ ਇਲਾਵਾ ਰੇਲ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋਈ। ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ’ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਆਉਣ ਵਾਲੇ ਦਿਨਾਂ ’ਚ ਠੰਢ ਅਤੇ ਸੰਘਣੀ ਧੁੰਦ ਦਾ ਕਹਿਰ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਵੀ ਜਤਾਈ ਗਈ ਹੈ। 

Related Post