SGPC ਵੱਲੋਂ ਹਰਿਮੰਦਰ ਸਾਹਿਬ ਦੇ ਵਿਰਾਸਤੀ ਮਾਰਗ 'ਤੇ ਲਾਈਆਂ ਸਰਕਾਰੀ ਮਸ਼ਹੂਰੀ ਸਕਰੀਨਾਂ ਤੁਰੰਤ ਹਟਾਉਣ ਦੀ ਮੰਗ

By  KRISHAN KUMAR SHARMA February 3rd 2024 05:13 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਂਦੇ ਵਿਰਾਸਤੀ ਮਾਰਗ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Mann) ਵੱਲੋਂ ਆਪਣੀ ਮਸ਼ਹੂਰੀ ਲਈ ਹੋਰ ਸਕ੍ਰੀਨਾਂ ਲਗਾ ਕੇ ਇੱਥੋਂ ਦੇ ਅਧਿਆਤਮਿਕ ਵਾਤਾਵਰਣ ਨੂੰ ਖੰਡਤ ਕਰਨ ਦੇ ਯਤਨਾਂ ਦੀ ਸ਼ਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਆਪਣੀਆਂ ਮਸ਼ਹੂਰੀਆਂ ਦੀ ਹੋਰ ਭਰਮਾਰ ਕਰਵਾਉਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ਉੱਤੇ ਹੋਰ ਸਕ੍ਰੀਨਾਂ ਲਗਾਈਆਂ ਗਈਆਂ ਹਨ, ਜੋ ਅਧਿਆਤਮਿਕ ਵਾਤਾਵਰਣ ਨੂੰ ਖੰਡਤ ਕਰਨ ਦਾ ਯਤਨ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਦਾ ਚੌਗਿਰਦਾ ਧਾਰਮਿਕ ਮਾਹੌਲ ਵਾਲਾ ਹੁੰਦਾ ਹੈ, ਜਿੱਥੇ ਸੰਗਤ ਕੇਵਲ ਗੁਰੂ ਸਾਹਿਬ ਦੇ ਉਪਦੇਸ਼ ਸਰਵਣ ਕਰਨ ਲਈ ਆਉਂਦੀ ਹੈ। ਇੱਥੇ ਕੇਵਲ ਗੁਰਬਾਣੀ ਦਾ ਉਜਾਲਾ ਹੋਣਾ ਚਾਹੀਦਾ ਹੈ ਨਾ ਕਿ ਸਰਕਾਰ ਦੀਆਂ ਅਖੌਤੀ ਪ੍ਰਾਪਤੀਆਂ ਦਾ ਹਨੇਰਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਘਰਾਂ ਦੇ ਆਲੇ-ਦੁਆਲੇ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ ਜਿੱਥੇ ਵੱਡੀ ਗਿਣਤੀ ਵਿੱਚ ਸੰਗਤ ਸ਼ਰਧਾ ਨਾਲ ਨਤਮਸਤਕ ਹੋਣ ਆਉਂਦੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸੰਗਤ ਵੱਲੋਂ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ ਦੇ ਮੁੱਖ ਦਰਵਾਜ਼ੇ ’ਤੇ ਲਗਾਈ ਗਈ ਸਕ੍ਰੀਨ ਸਬੰਧੀ ਇਤਰਾਜ਼ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਸਿੱਖ ਮਰਯਾਦਾ ਅਤੇ ਸੰਗਤ ਦੀਆਂ ਭਾਵਨਾਵਾਂ ਦੇ ਵਿਰੁੱਧ ਸਰਕਾਰ ਦੀਆਂ ਮਸ਼ਹੂਰੀਆਂ ਲਈ ਲਗਾਈਆਂ ਇਨ੍ਹਾਂ ਸਕ੍ਰੀਨਾਂ ਨੂੰ ਤੁਰੰਤ ਹਟਾਇਆ ਜਾਵੇ।

Related Post