ਕਿਹੜੇ ਪੰਥਕ ਮੁੱਦਿਆਂ 'ਤੇ ਅਕਾਲੀ ਦਲ ਨੇ ਲਿਆ ਸਟੈਂਡ, ਜਿਨ੍ਹਾਂ ਕਾਰਨ ਨਹੀਂ ਹੋ ਸਕਿਆ ਗਠਜੋੜ, ਜਾਣੋ

By  KRISHAN KUMAR SHARMA March 26th 2024 03:43 PM -- Updated: March 26th 2024 04:15 PM

SAD 5 Panthak Issue: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (SAD) ਦੇ ਇਕੱਲਿਆਂ ਚੋਣ ਲੜਨ ਦੀ ਸਥਿਤੀ ਸਪੱਸ਼ਟ ਹੋ ਗਈ ਹੈ। ਇਸਤੋਂ ਪਹਿਲਾਂ ਕਿਆਰਾਈਆਂ ਸਨ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (BJP) ਇਹ ਚੋਣਾਂ ਮਿਲ ਕੇ ਲੜਨਗੀਆਂ, ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਵੋਟਾਂ ਦੀ ਰਾਜਨੀਤੀ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਸਿਧਾਤਾਂ, ਸੂਬੇ ਦੇ ਹਿੱਤਾਂ ਤੇ ਭਾਈਚਾਰਕ ਸਾਂਝ ਨੂੰ ਮੁੱਖ ਰੱਖਿਆ ਹੈ ਅਤੇ ਅਕਾਲੀ ਦਲ (Sikh News) ਸ਼ੁਰੂ ਤੋਂ ਲੜ ਕਿਸਾਨਾਂ ਦੀ ਲੜਾਈ ਲੜਦਾ ਆ ਰਿਹਾ ਹੈ।

ਗਠਜੋੜ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਵੀ ਕੀਤੀ ਗਈ ਸੀ, ਜਿਸ ਵਿੱਚ ਵੀ ਗਠਜੋੜ ਤੋਂ ਪਹਿਲਾਂ ਇਹ ਮੁੱਦੇ ਰੱਖੇ ਗਏ, ਜਿਸ ਦੌਰਾਨ ਵੀ ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਲੀਡਰਸ਼ਿਪ ਵੱਲੋਂ ਇਨ੍ਹਾਂ ਮੁੱਦਿਆਂ 'ਤੇ ਸਪੱਸ਼ਟ ਸਟੈਂਡ ਰੱਖਿਆ ਗਿਆ ਸੀ। ਇਨ੍ਹਾਂ 'ਚ 5 ਸਭ ਤੋਂ ਅਹਿਮ ਮੁੱਦੇ ਹਨ, ਜਿਨ੍ਹਾਂ ਵਿੱਚ ...

ਬੰਦੀ ਸਿੱਖਾਂ ਦਾ ਮੁੱਦਾ: 2019 'ਚ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਹਾਲਾਂਕਿ ਅਜੇ ਤੱਕ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਹੋਈ ਹੈ, ਜਿਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਕਈ ਵਾਰ ਕੇਂਦਰ ਸਰਕਾਰ ਨੂੰ ਚਿੱਠੀਆਂ ਵੀ ਲਿਖ ਚੁੱਕਿਆ ਹੈ ਤੇ ਮੀਡੀਆ ਜ਼ਰੀਏ ਬਿਆਨ ਵੀ ਜਾਰੀ ਕਰ ਚੁੱਕਿਆ ਹੈ, ਪਰ ਕੇਂਦਰ ਸਰਕਾਰ ਨੇ ਹਾਲੇ ਤੱਕ ਬੰਦੀ ਸਿੱਖਾਂ ਦੀ ਰਿਹਾਈ ਨਹੀਂ ਕੀਤੀ। ਸ਼੍ਰੋਮਣੀ ਅਕਾਲੀ ਦਲ ਨੇ ਗਠਜੋੜ ਕਰਨ ਲਈ ਸਭ ਤੋਂ ਪਹਿਲੀ ਸ਼ਰਤ ਬੰਦੀ ਸਿੰਘਾਂ ਦੀ ਰਿਹਾਈ ਦੀ ਰੱਖੀ ਹੈ।

NSA ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ: ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਨੈਸ਼ਨਲ ਸਿਕਿਓਰਿਟੀ ਐਕਟ (NSA) ਲਗਾ ਕੇ ਡਿਬਰੂਗੜ੍ਹ ਦੀ ਜੇਲ੍ਹ 'ਚ ਭੇਜਿਆ ਗਿਆ ਸੀ ਅਤੇ ਹੁਣ ਮੁੜ NSA ਲਗਾਇਆ ਗਿਆ ਹੈ। ਇਸ 'ਤੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਰੱਖੀ ਹੈ ਕਿ ਅਜਿਹੇ ਕਾਲੇ ਕਾਨੂੰਨ ਬੰਦ ਹੋਣਗੇ ਚਾਹੀਦੇ ਹਨ।

ਪੰਥਕ ਮਸਲਿਆਂ ’ਚ ਦਖ਼ਲ-ਅੰਦਾਜ਼ੀ: ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗਠਜੋੜ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਪੰਥਕ ਮਸਲਿਆਂ 'ਚ ਦਖ਼ਲ-ਅੰਦਾਜ਼ੀ ਦੇਣਾ ਵੀ ਹੈ। ਜਿਵੇਂ ਕਿ ਬੀਤੇ ਸਾਲਾਂ 'ਚ ਦੇਖਿਆ ਵੀ ਗਿਆ ਹੈ ਕਿ ਕਿਵੇਂ ਹਰਿਆਣਾ ਗੁਰਦੁਆਰਾ ਕਮੇਟੀ ਦੀ ਹੋਂਦ ਹੋਈ। ਉਸ ਤੋਂ ਬਾਅਦ ਵੀ ਕਈ ਅਜਿਹੀਆਂ ਦਖਲ-ਅੰਦਾਜ਼ੀ ਭਰੀਆਂ ਘਟਨਾਵਾਂ ਸਾਹਮਣੇ ਆਈਆਂ, ਜਿਨ੍ਹਾਂ 'ਚ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ 'ਚ ਦਖ਼ਲ ਅੰਦਾਜੀ ਅਤੇ ਗੁਰੂ ਰਵਿਦਾਸ ਜੀ ਦੇ ਮੰਦਿਰ ਨੂੰ ਢਹਿ ਢੇਰੀ ਕਰਨਾ ਆਦਿ ਅਜਿਹੇ ਪੰਥਕ ਮਸਲੇ ਹਨ, ਜਿਨ੍ਹਾਂ 'ਚ ਭਾਜਪਾ ਦਾ ਸਿੱਧੇ ਤੌਰ 'ਤੇ ਦਖ਼ਲ ਵੀ ਦੇਖਣ ਨੂੰ ਮਿਲਿਆ।

ਕਿਸਾਨੀ ਮੁੱਦਾ: ਇਨ੍ਹਾਂ ਵਿੱਚ ਸਭ ਤੋਂ ਵੱਡਾ ਮਸਲਾ ਇੱਕ ਕਿਸਾਨੀ ਮਸਲਾ ਵੀ ਹੈ, ਜਿਸ ਨੂੰ ਲੈ ਕੇ 2020 'ਚ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਟੁੱਟੀ ਸੀ। ਇਹ ਮਸਲਾ ਹੁਣ ਦੂਜੀ ਵਾਰ ਹੱਦਾਂ 'ਤੇ ਸਾਹਮਣੇ ਹੈ ਅਤੇ ਇਸ ਵਾਰ ਤਾਂ ਕਿਸਾਨਾਂ ਨੂੰ ਹਰਿਆਣਾ ਦੀ ਹੱਦ 'ਤੇ ਹੀ ਰੋਕ ਦਿੱਤਾ ਗਿਆ ਹੈ। ਕਿਸਾਨਾਂ 'ਤੇ ਹਰਿਆਣਾ ਪੁਲਿਸ ਵੱਲੋਂ ਤਸ਼ੱਦਦ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਭਾਵੇਂ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਪਰ ਮਸਲਾ ਹਾਲੇ ਤੱਕ ਹੱਲ ਨਹੀਂ ਹੋਇਆ ਹੈ, ਜੋ ਹਾਲੇ ਵੀ ਇਹ ਮਸਲਾ ਹੱਲ ਹੁੰਦਾ ਨਹੀਂ ਦਿਖ ਰਿਹਾ। ਨਤੀਜੇ ਵੱਜੋਂ ਅਕਾਲੀ ਦਲ ਨੂੰ ਗਠਜੋੜ ਨਾ ਕਰਨਾ ਹੀ ਸਹੀ ਲੱਗਿਆ।

ਅਟਾਰੀ ਤੇ ਫ਼ਿਰੋਜ਼ਪੁਰ ਸਰਹੱਦ ਰਾਹੀਂ ਵਪਾਰ: ਇੱਕ ਹੋਰ ਮਸਲਾ ਹੈ, ਜੋ ਵਿਚਾਰ-ਅਧੀਨ ਰਿਹਾ ਹੈ ਉਹ ਪੰਜਾਬ ਬਾਰਡਰ ਸਟੇਟ ਦਾ ਹੈ, ਜੋ ਪਾਕਿਸਤਾਨ ਨਾਲ ਲੱਗਦੀ ਹੈ। ਅਕਸਰ ਇਹ ਮੰਗ ਕੀਤੀ ਜਾਂਦੀ ਹੈ ਕਿ ਪਾਕਿਸਤਾਨ ਨਾਲ ਵਪਾਰ ਖੋਲ੍ਹਿਆ ਜਾਵੇ। ਸ਼੍ਰੋਮਣੀ ਅਕਾਲੀ ਦਲ ਨੇ ਵੀ ਅਟਾਰੀ ਤੇ ਫਿਰੋਜ਼ਪੁਰ ਸਰਹੱਦ ਰਾਹੀਂ ਵਪਾਰ ਖੋਲ੍ਹਣ ਦੀ ਮੰਗ ਰੱਖੀ ਹੈ।

Related Post