ਜਲੰਧਰ: ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਗੋਲੀਆਂ, ਮੁਲਜ਼ਮ ਕਾਬੂ

By  Shameela Khan October 31st 2023 04:29 PM -- Updated: October 31st 2023 04:43 PM

ਜਲੰਧਰ : ਦੋ ਦਿਨ ਪਹਿਲਾਂ ਮਹਾਂਨਗਰ 'ਚ ਇੱਕ 'ਵਾਈਨ ਸ਼ਾਪ'  ਤੋਂ ਬੰਦੂਕ ਦੀ ਨੋਕ 'ਤੇ ਲੱਖਾਂ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਦਾ ਭੇਤ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਕਮਿਸ਼ਨਰ ਕੁਲਦੀਪ ਨੇ ਦੱਸਿਆ ਕਿ ਡੀ.ਸੀ.ਪੀ ਹਰਵਿੰਦਰ ਸਿੰਘ ਵਿਰਕ, ਏ.ਡੀ.ਸੀ.ਪੀ. ਭੁਪਿੰਦਰ ਸਿੰਘ, ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਪਰਮਜੀਤ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਹਰਜਿੰਦਰ ਦੀ ਅਗਵਾਈ 'ਚ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਜਦੋਂ ਸੀ.ਆਈ.ਏ ਸਟਾਫ਼ ਨੇ ਉਕਤ ਮੁਲਜ਼ਮਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ।ਪੁਲਿਸ ਨੇ ਮੁਲਜ਼ਮਾਂ ਕੋਲੋਂ 1 ਪਿਸਤੌਲ, 32 ਬੋਰ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ 28 ਅਕਤੂਬਰ ਨੂੰ ਦੋ ਦੋਸ਼ੀ ਮੂੰਹ ਢੱਕ ਕੇ ਸ਼ਰਾਬ ਦੀ ਦੁਕਾਨ 'ਚ ਦਾਖ਼ਲ ਹੋਏ। ਜਿਸ ਤੋਂ ਬਾਅਦ ਇੱਕ ਮੁਲਜ਼ਮ ਨੇ ਦੁਕਾਨਦਾਰ ਤੋਂ ਵਿਸਕੀ ਦਾ ਰੇਟ ਪੁੱਛਿਆ ਇਸੇ ਦੌਰਾਨ ਨਾਲ ਆਏ ਦੂਜੇ ਮੁਲਜ਼ਮ ਨੇ ਪਿਸਤੌਲ ਕੱਢ ਲਿਆ। ਮੁਲਜ਼ਮਾਂ ਨੇ ਦੁਕਾਨਦਾਰ ਨੂੰ ਬੰਦੂਕ ਦੀ ਨੋਕ ’ਤੇ ਧਮਕਾਇਆ ਅਤੇ ਦੁਕਾਨ  ’ਚੋਂ ਪੈਸੇ ਅਤੇ ਸ਼ਰਾਬ ਦੀਆਂ ਬੋਤਲਾਂ ਕੱਢ ਕੇ ਫ਼ਰਾਰ ਹੋ ਗਏ।

ਜਿਸ ਤੋਂ ਬਾਅਦ ਘਟਨਾ ਦਾ ਭੇਤ ਸੁਲਝਾਉਣ ਲਈ ਸੀ.ਏ.ਆਈ ਸਟਾਫ਼ ਦੀਆਂ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ। ਇਸ ਦੌਰਾਨ ਘਟਨਾ ਦਾ ਪਤਾ ਲਗਾਉਂਦੇ ਹੋਏ ਜਦੋਂ ਪੁਲਿਸ ਗੁਰਮੇਹਰ ਕਾਲੋਨੀ ਕੋਲ ਪਹੁੰਚੀ ਤਾਂ ਉਨ੍ਹਾਂ 'ਚੋਂ ਹੀ ਇੱਕ ਬਾਈਕ ਸਵਾਰ ਨੂੰ ਦਸਮੇਸ਼ ਨਗਰ ਵੱਲ ਆਉਂਦਾ ਦੇਖਿਆ ਗਿਆ। ਤਦੇ ਹੀ ਸੀ.ਆਈ.ਏ ਸਟਾਫ਼ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਇਸ ਦੌਰਾਨ ਬਾਈਕ ਸਵਾਰ ਨੇ ਬਾਈਕ ਨੂੰ ਪਿੱਛੇ ਮੋੜ ਲਿਆ ਅਤੇ  ਡਿੱਗ ਪਿਆ। ਜਿਸ ਤੋਂ ਬਾਅਦ ਉਨ੍ਹਾਂ ਮੁਲਜ਼ਮਾਂ ਨੇ ਪਿਸਤੌਲ ਕੱਢ ਕੇ ਪੁਲਿਸ ਨੂੰ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ। 

ਪੁਲਿਸ ਨੇ ਮੁਸਤੈਦੀ ਨਾਲ ਜਵਾਬ ਦਿੱਤਾ ਅਤੇ ਗੋਲੀਬਾਰੀ ਕੀਤੀ। ਇਸ ਦੌਰਾਨ ਇੱਕ ਗੋਲੀ ਮੁਲਜ਼ਮ ਦੀ ਲੱਤ ਵਿੱਚ ਜਾ ਲੱਗੀ। ਜ਼ਖ਼ਮੀ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ।  ਮੁਲਜ਼ਮ ਸਵਰਨ ਸਿੰਘ ਉਰਫ਼ ਮਨੀ ਡਾਨ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਮੁਲਜ਼ਮ ਤੋਂ ਸਖ਼ਤੀ ਨਾਲ ਪੁੱਛਗਿੱਛ ਦੌਰਾਨ ਉਸ ਦੇ ਇੱਕ ਹੋਰ ਸਾਥੀ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਮੁਲਜ਼ਮ ਨਸ਼ੇ ਦਾ ਆਦੀ ਸੀ ਅਤੇ ਇੱਕ ਮਹੀਨਾ ਪਹਿਲਾਂ ਹੀ ਇੱਕ ਕੇਸ ਵਿੱਚ ਜ਼ਮਾਨਤ ’ਤੇ ਬਾਹਰ ਆਇਆ ਸੀ। 


Related Post